ਜਿਊਲਰ ਕੋਲੋਂ 5000 ਰੁਪਏ ਰਿਸ਼ਵਤ ਲੈਂਦਾ ਏ. ਐੱਸ. ਆਈ. ਗ੍ਰਿਫ਼ਤਾਰ

03/07/2021 1:29:23 PM

ਜਲੰਧਰ (ਜ. ਬ.)– ਵਿਜੀਲੈਂਸ ਬਿਊਰੋ ਨੇ ਥਾਣਾ ਨੰਬਰ 6 ਦੇ ਏ. ਐੱਸ. ਆਈ. ਮਨਮੋਹਨ ਕਿਸ਼ਨ ਨੂੰ ਗੁਰਦਾਸਪੁਰ ਦੇ ਜਿਊਲਰ ਕੋਲੋਂ 5000 ਰੁਪਏ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਏ. ਐੱਸ. ਆਈ. ਖ਼ਿਲਾਫ਼ ਵਿਜੀਲੈਂਸ ਬਿਊਰੋ ਨੇ ਕੇਸ ਦਰਜ ਕਰ ਲਿਆ ਹੈ। ਏ. ਐੱਸ. ਆਈ. ਨੇ ਜਿਊਲਰ ਨੂੰ ਉਸ ਦੀ ਕਾਰ ਦੀ ਸਪੁਰਦਾਰੀ ਦੇਣ ਤੋਂ ਬਾਅਦ ਵੀ 12000 ਰੁਪਏ ਲਏ ਸਨ ਪਰ ਹੁਣ ਆਰ. ਸੀ. ਦੇਣ ਲਈ 10000 ਰੁਪਏ ਹੋਰ ਮੰਗ ਰਿਹਾ ਸੀ। ਜਿਊਲਰ ਨੇ ਇਸ ਦੀ ਸ਼ਿਕਾਇਤ ਵਿਜੀਲੈਂਸ ਬਿਊਰੋ ਨੂੰ ਦਿੱਤੀ ਤਾਂ ਮਹਿਕਮੇ ਦੀ ਵਿਸ਼ੇਸ਼ ਟੀਮ ਨੇ ਟਰੈਪ ਲਾ ਕੇ ਏ. ਐੱਸ. ਆਈ. ਨੂੰ ਗ੍ਰਿਫ਼ਤਾਰ ਕਰ ਲਿਆ।

ਇਹ ਵੀ ਪੜ੍ਹੋ: ਜਲੰਧਰ ’ਚ ਹੋਏ ਟਿੰਕੂ ਕਤਲ ਮਾਮਲੇ ’ਚ ਸਾਹਮਣੇ ਆਈਆਂ ਵੱਡੀਆਂ ਗੱਲਾਂ, ਬੇਖ਼ੌਫ ਹਮਲਾਵਰ ਬੋਲੇ ‘ਲੈ ਲਿਆ ਬਦਲਾ’

ਐੱਸ. ਐੱਸ. ਪੀ. ਵਿਜੀਲੈਂਸ ਬਿਊਰੋ ਦਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਜਿਊਲਰ ਰੌਬਿਨ ਵਰਮਾ ਪੁੱਤਰ ਕੇਵਲ ਕਿਸ਼ਨ ਨਿਵਾਸੀ ਓਂਕਾਰ ਨਗਰ ਗੁਰਦਾਸਪੁਰ ਨੇ ਉਨ੍ਹਾਂ ਨੂੰ ਸ਼ਿਕਾਇਤ ਦਿੱਤੀ ਸੀ ਕਿ 1 ਦਸੰਬਰ 2020 ਨੂੰ ਉਹ ਆਪਣੇ ਬੀਮਾਰ ਮਾਮੇ ਨੂੰ ਦੇਖਣ ਜਲੰਧਰ ਆਇਆ ਹੋਇਆ ਸੀ। ਰਾਤੀਂ ਮਾਮੇ ਦੀ ਦਵਾਈ ਖਤਮ ਹੋਣ ’ਤੇ ਉਹ ਮਾਮੇ ਦੇ ਪੁੱਤ ਸਾਹਿਲ ਅਤੇ ਰੋਹਿਤ ਨਾਲ ਮੈਡੀਕਲ ਸ਼ਾਪ ਲੱਭਦਿਆਂ ਪੀ. ਪੀ. ਆਰ. ਮਾਲ ਰੋਡ ਮਿੱਠਾਪੁਰ ਪਹੁੰਚਿਆ ਤਾਂ ਥਾਣਾ ਨੰਬਰ 6 ਦੇ ਏ. ਐੱਸ. ਆਈ. ਮਨਮੋਹਨ ਕਿਸ਼ਨ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਥਾਣਾ ਨੰਬਰ 6 ਵਿਚ ਲੈ ਗਿਆ। ਪੁਲਸ ਉਨ੍ਹਾਂ ਦੀ ਕਾਰ ਵੀ ਥਾਣੇ ਲੈ ਆਈ। ਮਨਮੋਹਨ ਕਿਸ਼ਨ ਨੇ ਰੌਬਿਨ, ਸਾਹਿਲ ਅਤੇ ਰੋਹਿਤ ਖ਼ਿਲਾਫ਼ ਕਰਫ਼ਿਊ ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਨਾ ਕਰਨ ਦਾ ਕੇਸ ਦਰਜ ਕਰ ਲਿਆ। ਰੌਬਿਨ ਨੇ ਕਿਹਾ ਕਿ ਉਸ ਨੇ ਏ. ਐੱਸ. ਆਈ. ਨੂੰ ਦਵਾਈ ਖਰੀਦਣ ਦੀ ਗੱਲ ਵੀ ਦੱਸੀ ਪਰ ਇਸ ਦੇ ਬਾਵਜੂਦ ਉਸ ਨੇ ਉਨ੍ਹਾਂ ਦੀ ਇਕ ਨਾ ਸੁਣੀ ਅਤੇ 188 ਦਾ ਕੇਸ ਕਰ ਦਿੱਤਾ। ਉਨ੍ਹਾਂ ਦੇ ਮਾਮੇ ਦੇ ਬੇਟੇ ਸਾਹਿਲ ਨੇ ਆਪਣੀ ਭੈਣ ਨੂੰ ਬੁਲਾ ਕੇ ਤਿੰਨਾਂ ਨੂੰ ਜ਼ਮਾਨਤ ਦਿਵਾਈ ਪਰ ਪੁਲਸ ਨੇ ਉਨ੍ਹਾਂ ਦੀ ਕਾਰ ਨਾ ਛੱਡੀ।

ਰੌਬਿਨ ਨੇ ਵਿਜੀਲੈਂਸ ਨੂੰ ਦੱਸਿਆ ਕਿ ਅਗਲੇ ਦਿਨ ਉਹ ਕਾਰ ਲੈਣ ਥਾਣਾ ਨੰਬਰ 6 ਵਿਚ ਗਿਆ ਤਾਂ ਏ. ਐੱਸ. ਆਈ. ਮਨਮੋਹਨ ਕਿਸ਼ਨ ਨੇ ਦੱਸਿਆ ਕਿ ਕਾਰ ਮਾਣਯੋਗ ਅਦਾਲਤ ਦੇ ਹੁਕਮ ’ਤੇ ਹੀ ਮਿਲੇਗੀ। ਉਹ ਅਦਾਲਤ ਕੋਲੋਂ ਸਪੁਰਦਾਰੀ ਦੇ ਆਰਡਰ ਲੈ ਕੇ ਥਾਣਾ ਨੰਬਰ 6 ਵਿਚ ਗਿਆ ਪਰ ਏ. ਐੱਸ. ਆਈ. ਮਨਮੋਹਨ ਕਿਸ਼ਨ ਨਾ ਮਿਲਿਆ। ਜਦੋਂ ਉਨ੍ਹਾਂ ਮੁਨਸ਼ੀ ਨੂੰ ਅਦਾਲਤ ਦੇ ਆਰਡਰ ਦਿਖਾਏ ਤਾਂ ਉਸਨੇ ਏ. ਐੱਸ. ਆਈ. ਮਨਮੋਹਨ ਕਿਸ਼ਨ ਨਾਲ ਫੋਨ ’ਤੇ ਗੱਲ ਕੀਤੀ, ਜਿਸ ਦੇ ਕਹਿਣ ’ਤੇ ਉਸ ਨੂੰ ਕਾਰ ਦੀ ਚਾਬੀ ਦੇ ਦਿੱਤੀ ਗਈ ਪਰ ਆਰ. ਸੀ. ਏ. ਐੱਸ. ਆਈ. ਕੋਲ ਹੋਣ ਦੀ ਗੱਲ ਕਹਿ ਕੇ ਉਨ੍ਹਾਂ ਨੂੰ ਦੁਬਾਰਾ ਫਿਰ ਕਿਸੇ ਦਿਨ ਆਉਣ ਲਈ ਕਿਹਾ ਗਿਆ।

ਇਹ ਵੀ ਪੜ੍ਹੋ: ਅਗਵਾ ਮਗਰੋਂ 6 ਸਾਲਾ ਬੱਚੀ ਦਾ ਕਤਲ, ਜੰਗਲ ’ਚ ਲਹੂ-ਲੁਹਾਨ ਹਾਲਤ ’ਚ ਮਿਲੀ ਲਾਸ਼

27 ਫਰਵਰੀ ਨੂੰ ਰੌਬਿਨ ਆਰ. ਸੀ. ਲੈਣ ਲਈ ਥਾਣਾ ਨੰਬਰ 6 ਵਿਚ ਪਹੁੰਚਿਆ ਤਾਂ ਏ. ਐੱਸ. ਆਈ. ਮਨਮੋਹਨ ਕਿਸ਼ਨ ਨੇ ਕਾਰ ਦੀ ਸਪੁਰਦਾਰੀ ਦੇਣ ਲਈ ਉਸ ਕੋਲੋਂ 15000 ਰੁਪਏ ਰਿਸ਼ਵਤ ਮੰਗੀ। ਏ. ਐੱਸ. ਆਈ. ਵੱਲੋਂ ਉਸ ਨੂੰ ਡਰਾਇਆ ਵੀ ਗਿਆ ਕਿ ਜੇ ਉਸਨੇ ਪੈਸੇ ਨਾ ਦਿੱਤੇ ਤਾਂ ਉਹ ਸਪੁਰਦਾਰੀ ਦੇ ਆਰਡਰ ਕੈਂਸਲ ਕਰਵਾ ਦੇਵੇਗਾ ਅਤੇ ਕਾਰ ਨੂੰ ਦੁਬਾਰਾ ਆਪਣੇ ਕਬਜ਼ੇ ਵਿਚ ਲੈ ਲਵੇਗਾ। ਦਬਾਅ ਪਾਉਣ ’ਤੇ ਉਸ (ਰੌਬਿਨ) ਨੇ ਏ. ਐੱਸ. ਆਈ. ਨੂੰ 12000 ਰੁਪਏ ਦੇ ਦਿੱਤੇ। ਜਦੋਂ ਉਸ ਨੇ ਏ. ਐੱਸ. ਆਈ. ਕੋਲੋਂ ਕਾਰ ਦੀ ਆਰ. ਸੀ. ਮੰਗੀ ਤਾਂ ਉਸ ਨੇ 10000 ਰੁਪਏ ਹੋਰ ਰਿਸ਼ਵਤ ਮੰਗੀ।
ਰੌਬਿਨ ਨੇ ਇਸ ਦੀ ਸ਼ਿਕਾਇਤ ਵਿਜੀਲੈਂਸ ਬਿਊਰੋ ਦੇ ਟੋਲ ਫ੍ਰੀ ਨੰਬਰ ’ਤੇ ਕੀਤੀ। ਉਸ ਨੂੰ ਵਿਜੀਲੈਂਸ ਬਿਊਰੋ ਦੇ ਦਫਤਰ ਵਿਚ 1 ਮਾਰਚ ਨੂੰ ਬੁਲਾਇਆ ਗਿਆ, ਜਿਥੇ ਉਸ ਨੇ ਵਿਜੀਲੈਂਸ ਦੇ ਅਧਿਕਾਰੀਆਂ ਨੂੰ ਸਾਰੀ ਜਾਣਕਾਰੀ ਦਿੱਤੀ। ਉਸ ਤੋਂ ਬਾਅਦ ਰੌਬਿਨ ਦੁਬਾਰਾ ਆਪਣੇ ਮਾਮੇ ਦੇ ਪੁੱਤ ਨਾਲ ਥਾਣਾ ਨੰਬਰ 6 ਵਿਚ ਗਿਆ, ਜਿਥੇ ਏ. ਐੱਸ. ਆਈ. ਮਨਮੋਹਨ ਕਿਸ਼ਨ ਨਾਲ ਗੱਲ ਕੀਤੀ ਤਾਂ ਉਹ 5000 ਰੁਪਏ ਰਿਸ਼ਵਤ ਲੈ ਕੇ ਆਰ. ਸੀ. ਦੇਣ ਨੂੰ ਮੰਨ ਗਿਆ।
ਉਥੇ ਹੀ, ਵਿਜੀਲੈਂਸ ਬਿਊਰੋ ਦੇ ਇੰਸ. ਮਨਦੀਪ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਕੰਮ ਸ਼ੁਰੂ ਕਰ ਦਿੱਤਾ। ਰੌਬਿਨ 5000 ਰੁਪਏ ਲੈ ਕੇ ਏ. ਐੱਸ. ਆਈ. ਮਨਮੋਹਨ ਕਿਸ਼ਨ ਕੋਲ ਪੁੱਜਾ। ਜਿਉਂ ਹੀ ਉਸ ਨੇ ਪੈਸੇ ਫੜੇ ਵਿਜੀਲੈਂਸ ਦੀ ਟੀਮ ਨੇ ਉਸ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ। ਵਿਜੀਲੈਂਸ ਬਿਊਰੋ ਨੇ ਏ. ਐੱਸ. ਆਈ. ਮਨਮੋਹਨ ਕਿਸ਼ਨ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ: ਜਲੰਧਰ ’ਚ ਵੱਡੀ ਵਾਰਦਾਤ: ਦਿਨ-ਦਿਹਾੜੇ ਸ਼ੋਅਰੂਮ ’ਚ ਚੱਲੀਆਂ ਗੋਲੀਆਂ

11 ਦਿਨਾਂ ’ਚ 6 ਟਰੈਪ ਲਾ ਕੇ 9 ਫੜੇ, 5 ਪੁਲਸ ਵਿਭਾਗ ਦੇ
ਵਿਜੀਲੈਂਸ ਨੇ 11 ਦਿਨਾਂ ਵਿਚ 6 ਟਰੈਪ ਲਾ ਕੇ ਰਿਸ਼ਵਤ ਲੈਣ ਵਾਲੇ ਕੁਲ 9 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ 9 ਲੋਕਾਂ ਵਿਚੋਂ 5 ਪੁਲਸ ਵਿਭਾਗ ਦੇ ਹਨ। ਇਨ੍ਹਾਂ ਵਿਚ 4 ਏ. ਐੱਸ. ਆਈ. ਅਤੇ ਇਕ ਹੈੱਡ ਕਾਂਸਟੇਬਲ ਸ਼ਾਮਲ ਹੈ, ਜਦੋਂ ਕਿ 2 ਪਟਵਾਰੀ ਅਤੇ 2 ਪ੍ਰਾਈਵੇਟ ਏਜੰਟ ਵੀ ਸ਼ਾਮਲ ਹਨ। ਖਾਕੀ ਦੀ ਆੜ ’ਚ ਲੋਕਾਂ ਕੋਲੋਂ ਪੈਸੇ ਵਸੂਲਣ ਵਾਲੀਆਂ ਕੁਝ ਕਾਲੀਆਂ ਭੇਡਾਂ ਕਾਰਣ ਪੂਰੇ ਵਿਭਾਗ ਦੀ ਬਦਨਾਮੀ ਹੋ ਰਹੀ ਹੈ। ਵਿਜੀਲੈਂਸ ਦੇ ਅਧਿਕਾਰੀਆਂ ਨੇ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਵੀ ਸਰਕਾਰੀ ਵਿਭਾਗ ਵਿਚ ਉਨ੍ਹਾਂ ਕੋਲੋਂ ਰਿਸ਼ਵਤ ਮੰਗੀ ਜਾ ਰਹੀ ਹੈ ਤਾਂ ਤੁਰੰਤ ਵਿਜੀਲੈਂਸ ਬਿਊਰੋ ਦੀ ਹੈਲਪਲਾਈਨ ਨੰਬਰ 180018001000 ’ਤੇ ਸੂਚਨਾ ਦਿੱਤੀ ਜਾਵੇ।


shivani attri

Content Editor

Related News