ਆਰ. ਟੀ. ਓ. ''ਚ ਪੁਰਾਣੇ ਵਾਹਨਾਂ ਦੀ ਰਜਿਸਟ੍ਰੇਸ਼ਨ ਸਬੰਧੀ ਹੋਏ ਘਪਲੇ ਦੀਆਂ ਪਰਤਾਂ ਖੁੱਲ੍ਹਣੀਆਂ ਸ਼ੁਰੂ

12/29/2019 12:56:33 PM

ਜਲੰਧਰ (ਚੋਪੜਾ)— ਆਰ. ਟੀ. ਓ. 'ਚ ਪੁਰਾਣੇ ਵਾਹਨਾਂ ਦੀ ਰਜਿਸਟ੍ਰੇਸ਼ਨ (ਆਰ. ਸੀ.) ਸਬੰਧੀ ਹੋਏ ਘਪਲੇ ਦੀਆਂ ਪਰਤਾਂ ਖੁੱਲ੍ਹਣੀਆਂ ਸ਼ੁਰੂ ਹੋ ਗਈਆਂ ਹਨ। ਇਸ ਘਪਲੇ 'ਚ 600 ਦੇ ਕਰੀਬ ਵਾਹਨਾਂ ਦੇ ਆਰ. ਸੀ. ਨਾਲ ਸਬੰਧਤ ਕੰਮ ਬਿਨਾਂ ਸੈਕਰੇਟਰੀ ਆਰ. ਟੀ. ਓ. ਦੀ ਅਪਰੂਵਲ ਦੇ ਹੋਣ ਦੀ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ। ਆਰ. ਟੀ. ਓ. ਵਿਭਾਗ ਨਾਲ ਸਬੰਧਤ ਸੂਤਰਾਂ ਦੀ ਮੰਨੀਏ ਤਾਂ ਘਪਲੇ ਦੇ ਮਾਸਟਰ ਮਾਈਂਡ ਲੋਕਾਂ ਨੇ ਇਨ੍ਹਾਂ ਫਾਈਲਾਂ ਦੀ ਅਪਰੂਵਲ ਕਰਵਾਉਣ 'ਚ ਐੱਸ ਅਤੇ ਡੀ. ਅੱਖਰ ਤੋਂ ਸ਼ੁਰੂ ਹੋਣ ਵਾਲੇ ਨਾਵਾਂ ਦੇ 2 ਸਕੇ ਭਰਾਵਾਂ ਦੇ ਨਾਂ ਮੁੱਖ ਤੌਰ 'ਤੇ ਚਰਚਾ 'ਚ ਹਨ। ਘਪਲੇ ਦੇ ਸਬੂਤ ਸਾਹਮਣੇ ਆਉਂਦਿਆਂ ਹੀ ਆਰ. ਟੀ. ਓ. ਮੁਲਾਜ਼ਮਾਂ 'ਚ ਖਲਬਲੀ ਮਚੀ ਹੋਈ ਹੈ ਕਿਉਂਕਿ ਜੇਕਰ ਮਾਮਲੇ ਨੇ ਤੂਲ ਫੜ ਲਿਆ ਅਤੇ ਘਪਲੇ ਦੀ ਉੱਚ ਪੱਧਰੀ ਵਿਭਾਗੀ ਜਾਂ ਵਿਜੀਲੈਂਸ ਜਾਂਚ ਹੋਈ ਤਾਂ ਜਿੱਥੇ ਆਰ. ਟੀ. ਓ. 'ਚ ਹੋ ਰਹੀਆਂ ਧਾਂਦਲੀਆਂ ਦਾ ਖੁਲਾਸਾ ਹੋ ਜਾਵੇਗਾ, ਉਥੇ ਇਸ ਮਾਮਲੇ 'ਚ ਕਈ ਮੁਲਾਜ਼ਮਾਂ ਅਤੇ ਏਜੰਟਾਂ ਦੇ ਚਿਹਰੇ ਬੇਨਕਾਬ ਹੋ ਜਾਣਗੇ। ਸੂਤਰਾਂ ਦੀ ਮੰਨੀਏ ਤਾਂ ਇੰਨੇ ਵੱਡੇ ਪੱਧਰ 'ਤੇ ਹੋਏ ਆਰ. ਸੀ. ਘਪਲੇ ਨੂੰ ਦਬਾਉਣ ਅਤੇ ਲੀਪਾਪੋਚੀ ਦੀਆਂ ਕੋਸ਼ਿਸ਼ਾਂ ਵੀ ਸ਼ੁਰੂ ਹੋ ਗਈਆਂ ਅਤੇ ਮਾਮਲੇ ਦੇ ਦੱਬਣ ਤੱਕ ਪ੍ਰਾਈਵੇਟ ਏਜੰਟਾਂ ਦਾ ਆਰ. ਟੀ. ਓ. 'ਚ ਆਉਣਾ ਬੈਨ ਕਰ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਕਿਸੇ ਵੀ ਪੁਰਾਣੇ ਵਾਹਨ ਨੂੰ ਵੇਚਣ 'ਤੇ ਵਾਹਨ ਦੀ ਆਰ. ਸੀ. ਨੂੰ ਪਹਿਲੇ ਮਾਲਕ ਦੇ ਨਾਂ ਤੋਂ ਬਦਲ ਕੇ ਨਵੇਂ ਖਰੀਦਦਾਰ ਦੇ ਨਾਂ 'ਤੇ ਟਰਾਂਸਫਰ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਲੋਨ 'ਤੇ ਲਏ ਵਾਹਨ ਦੇ ਕਰਜ਼ੇ ਦੀਆਂ ਕਿਸ਼ਤਾਂ ਦੇ ਖਤਮ ਹੋਣ 'ਤੇ ਵੀ ਆਰ. ਸੀ. 'ਤੇ ਚੜ੍ਹੀ ਹਾਇਰ ਪ੍ਰਚੇਜ਼ ਨੂੰ ਕੈਂਸਲ ਕਰਵਾਉਣ, ਕਿਸੇ ਆਰ. ਸੀ. ਦੇ ਗੁਆਚ ਜਾਣ 'ਤੇ ਡੁਪਲੀਕੇਟ ਆਰ. ਸੀ. ਬਣਵਾਉਣ ਅਤੇ ਦੂਜੇ ਜ਼ਿਲੇ ਜਾਂ ਸੂਬੇ 'ਚ ਵਾਹਨ ਦੀ ਵਿੱਕਰੀ ਹੋਣ 'ਤੇ ਉਕਤ ਵਾਹਨ ਦੀ ਰਜਿਸਟ੍ਰੇਸ਼ਨ ਦੀ ਐੱਨ. ਓ. ਸੀ. ਨਾਲ ਸਬੰਧਤ ਕੰਮ ਵੀ ਆਰ. ਟੀ. ਓ. 'ਚ ਹੀ ਹੁੰਦੇ ਹਨ। ਉਕਤ ਵਾਹਨਾਂ ਦੇ ਰਜਿਸਟ੍ਰੇਸ਼ਨ ਨੰਬਰਾਂ ਦਾ ਕੰਮ ਵਿਭਾਗ ਦੇ ਵੱਖ-ਵੱਖ ਕਲਰਕਾਂ ਨੂੰ ਸੌਂਪਿਆ ਜਾਂਦਾ ਹੈ ਪਰ ਇਕ 'ਵੀ' ਅੱਖਰ ਦੇ ਕਲਰਕ ਨੇ ਪ੍ਰਾਈਵੇਟ ਏਜੰਟਾਂ ਨਾਲ ਮਿਲੀਭਗਤ ਕਰਕੇ ਆਪਣੀ ਆਈ. ਡੀ. ਦਾ ਯੂਜ਼ ਕਰਨ ਲਈ ਕਿਸੇ ਹੋਰ ਏਜੰਟ ਨੂੰ ਅਧਿਕਾਰ ਦੇ ਦਿੱਤਾ। ਉਕਤ ਕਲਰਕਾਂ ਨੇ ਪ੍ਰਾਈਵੇਟ ਏਜੰਟਾਂ ਦੇ ਆਰ . ਸੀ. ਨਾਲ ਸਬੰਧਤ ਕੰਮ ਧੜੱਲੇ ਨਾਲ ਨਿਪਟਾਏ। ਇਸ ਦੇ ਨਾਲ ਹੀ ਫਾਈਲਾਂ ਨੂੰ ਕਲੀਅਰ ਕਰਵਾਉਣ ਨੂੰ ਲੈ ਕੇ ਸੈਕਰੇਟਰੀ ਆਰ. ਟੀ. ਓ. ਦੇ ਡੁਪਲੀਕੇਟ ਸਾਈਨ ਹੋਣ ਦਾ ਵੀ ਸ਼ੱਕ ਪ੍ਰਗਟ ਕੀਤਾ ਜਾ ਰਿਹਾ ਹੈ।

ਵਿਭਾਗ ਦੇ ਪੁਖਤਾ ਸੂਤਰ ਨੇ ਨਾਂ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਸਾਰੀ ਖੇਡ ਦਾ ਖੁਲਾਸਾ ਸ਼ਾਇਦ ਨਾ ਹੁੰਦਾ ਜੇਕਰ ਰਿਸ਼ਵਤ ਦੀ ਕਮਾਈ ਵੰਡਣ 'ਤੇ ਵਿਵਾਦ ਨਾ ਹੋਇਆ ਹੁੰਦਾ। ਜਦੋਂ ਕਮਿਸ਼ਨਖੋਰੀ ਨੂੰ ਲੈ ਕੇ ਪਿਛਲੇ ਮਹੀਨਿਆਂ ਵਿਚ ਪੁਰਾਣੇ ਵਾਹਨਾਂ ਦੀ ਆਰ. ਸੀ. ਨਾਲ ਸਬੰਧਤ ਅਪਰੂਵਲਾਂ ਦੀ ਗਿਣਤੀ ਹੋਈ ਤਾਂ ਇਹ ਰਜਿਸਟਰਡ ਰਿਕਾਰਡ ਤੋਂ ਕਾਫੀ ਵੱਧ ਨਿਕਲੀਆਂ, ਜਿਸ ਕਾਰਣ ਸਮੁੱਚੇ ਰਿਕਾਰਡ ਦੀ ਜਾਂਚ ਵਿਚ ਇਹ ਸਾਰਾ ਘਪਲਾ ਸਾਹਮਣੇ ਆਇਆ। ਉਕਤ ਸੂਤਰ ਨੇ ਦੱਸਿਆ ਕਿ ਇਸ ਘਪਲੇ ਨੂੰ ਲੈ ਕੇ ਸੈਕਰੇਟਰੀ ਆਰ. ਟੀ. ਓ. ਨੇ ਸਬੰਧਤ ਕਲਰਕਾਂ ਨੂੰ ਸ਼ੋਅਕਾਜ਼ ਨੋਟਿਸ ਵੀ ਜਾਰੀ ਕੀਤਾ ਹੈ ਅਤੇ ਉਹ ਜਲਦੀ ਹੀ ਪੁਰਾਣੀ ਆਰ. ਸੀ. ਨਾਲ ਸਬੰਧਤ ਘਪਲੇ ਅਤੇ ਫਾਈਲਾਂ 'ਤੇ ਉਨ੍ਹਾਂ ਦੇ ਹੋਏ ਜਾਅਲੀ ਹਸਤਾਖਰਾਂ ਦੇ ਮਾਮਲੇ ਵਿਚ ਪੁਲਸ ਨੂੰ ਸ਼ਿਕਾਇਤ ਕਰਨ ਵਾਲੀ ਹੈ। ਇਸ ਸਬੰਧ ਵਿਚ ਜਦੋਂ ਸੈਕਰੇਟਰੀ ਆਰ. ਟੀ. ਓ. ਡਾ. ਨਯਨ ਜੱਸਲ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।


shivani attri

Content Editor

Related News