ਨਿਗਮ ਤੇ ਸਿਵਲ ਪ੍ਰਸ਼ਾਸਨ ਵੱਲੋਂ ਹਾਦਸਿਆਂ ਵਾਲੇ ਬਲੈਕ ਸਪੌਟਸ ਦੀ ਪਛਾਣ ਕੀਤੀ ਜਾਵੇਗੀ : ਡਿਪਟੀ ਕਮਿਸ਼ਨਰ

01/09/2020 5:35:09 PM

ਜਲੰਧਰ (ਚੋਪੜਾ)— ਜ਼ਿਲਾ ਅਤੇ ਪੁਲਸ ਪ੍ਰਸ਼ਾਸਨ ਵੱਲੋਂ ਦਿਹਾਤੀ ਇਲਾਕਿਆਂ 'ਚ ਸੜਕ ਹਾਦਸਿਆਂ ਲਈ ਜ਼ਿੰਮੇਵਾਰ ਬਲੈਕ ਸਪੌਟਸ ਦੀ ਪਛਾਣ ਅਤੇ ਉਨ੍ਹਾਂ ਨੂੰ ਦਰੁਸਤ ਕਰਨ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸੜਕ ਸੁਰੱਖਿਆ ਦੀ ਇੰਜੀਨੀਅਰਿੰਗ ਟੀਮ ਦੀ ਇਕ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਕਿਹਾ ਕਿ ਦਿਹਾਤੀ ਇਲਾਕੇ ਵਿਚ ਹੋਣ ਵਾਲੇ ਸੜਕ ਹਾਦਸਿਆਂ ਵਾਲੇ ਬਲੈਕ ਸਪੌਟਸ ਦੀ ਪਛਾਣ ਕਰਨ ਲਈ ਸੜਕ ਸੁਰੱਖਿਆ ਇੰਜੀਨੀਅਰਿੰਗ ਦੀ ਟੀਮ ਪਹਿਲਾਂ ਹੀ ਬਣਾਈ ਜਾ ਚੁੱਕੀ ਹੈ ਅਤੇ ਇਸ ਟੀਮ ਵੱਲੋਂ ਪਹਿਲੇ ਫੇਸ ਦੌਰਾਨ ਨੈਸ਼ਨਲ ਹਾਈਵੇ 44 'ਤੇ 6 ਅਜਿਹੀਆਂ ਥਾਵਾਂ ਜਿੱਥੇ ਅਕਸਰ ਹਾਦਸੇ ਹੁੰਦੇ ਹਨ, ਜਿਨ੍ਹਾਂ ਵਿਚ ਪੈਪਸੀ ਫੈਕਟਰੀ ਦੇ ਕੋਲ ਫਿਲੌਰ, ਪੈਟਰੋਲ ਪੰਪ ਦੇ ਕੋਲ ਗੋਰਾਇਆ, ਗੋਰਾਇਆ ਬੱਸ ਅੱਡਾ, ਮਨਸੂਰਪੁਰ ਦੇ ਗੇਟ, ਲਿੱਧੜਾਂ ਪਿੰਡ ਅਤੇ ਬਿਧੀਪੁਰ ਸ਼ਾਮਲ ਹਨ, ਦੀ ਪਛਾਣ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਟੀਮ ਵੱਲੋਂ ਦੂਜੇ ਫੇਸ ਦੌਰਾਨ ਪਛਾਣ ਕੀਤੇ ਗਏ ਬਲੈਕ ਸਪੌਟਸ ਅਤੇ ਉਸ ਸਬੰਧੀ ਸਮੁਚੀ ਰਿਪੋਰਟ ਨੈਸ਼ਨਲ ਹਾਈਵੇਅ ਅਥਾਰਟੀ ਭਾਰਤ ਦੇ ਪ੍ਰਾਜੈਕਟ ਡਾਇਰੈਕਟਰ ਅਤੇ ਪੁਲਸ ਵਿਭਾਗ ਨੂੰ ਜਲਦੀ ਭੇਜੀ ਜਾਵੇਗੀ ਤਾਂ ਜੋ ਇਨ੍ਹਾਂ ਥਾਵਾਂ ਨੂੰ ਤੁਰੰਤ ਠੀਕ ਕਰਕੇ ਬੇਸ਼ਕੀਮਤੀ ਜ਼ਿੰਦਗੀਆਂ ਨੂੰ ਬਚਾਇਆ ਜਾ ਸਕੇ।

ਵਰਿੰਦਰ ਸ਼ਰਮਾ ਨੇ ਅਧਿਕਾਰੀਆਂ ਨੂੰ ਕਿਹਾ ਕਿ ਜਿੰਨੀ ਜਲਦੀ ਹੋ ਸਕੇ ਕੰਮ ਨੂੰ ਪੂਰਾ ਕੀਤਾ ਜਾਵੇ ਅਤੇ ਉਨ੍ਹਾਂ ਵੱਲੋਂ ਇਸ ਮੁੱਦੇ ਨੂੰ ਸਮਰੱਥ ਅਧਿਕਾਰੀਆਂ ਦੇ ਸਾਹਮਣੇ ਵੀ ਉਠਾਇਆ ਜਾਵੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ਼ਹਿਰੀ ਇਲਾਕੇ ਵਿਚ 21 ਅਜਿਹੀਆਂ ਥਾਵਾਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਵਿਚ ਫੇਅਰ ਫਾਰਮ ਰਿਜ਼ੋਰਟ, ਵੇਰਕਾ ਮਿਲਕ ਪਲਾਂਟ ਅੰਡਰਬ੍ਰਿਜ, ਵਾਈ ਪੁਆਇੰਟ ਭਗਤ ਸਿੰਘ ਕਾਲੋਨੀ, ਟੀ-ਪੁਆਇੰਟ ਹਿਲ ਕਾਲੀਆ ਕਾਲੋਨੀ, ਪੁਲਸ ਸਟੇਸ਼ਨ 8 'ਚ ਬੂਟਾ ਸਿੰਘ ਬਿਲਡਿੰਗ ਮਟੀਰੀਅਲ ਸਟੋਰ, ਪਠਾਨਕੋਟ ਚੌਕ, ਲੰਮਾ ਪਿੰਡ ਚੌਕ, ਟੀ-ਪੁਆਇੰਟ ਸੁੱਚੀ ਪਿੰਡ, ਸਾਹਮਣੇ ਜੀ. ਸੀ. ਰਿਜ਼ੋਰਟ, ਪੀ. ਏ. ਪੀ. ਚੌਕ, ਰਾਮਾਮੰਡੀ ਚੌਕ, ਰੇਲਵੇ ਫਾਟਕ ਬੜਿੰਗ ਗੇਟ ਦਕੋਹਾ, ਮੋਦੀ ਰਿਜ਼ੋਰਟ, ਧੰਨੋਵਾਲੀ ਰੋਡ, ਗੜ੍ਹਾ ਰੋਡ ਸਾਹਮਣੇ ਜਵਾਹਰ ਨਗਰ ਬੱਸ ਸਟੈਂਡ, ਚੁੰਨਮੁਨ ਚੌਕ, ਅਵਤਾਰ ਨਗਰ, ਜੋਤੀ ਚੌਕ, ਸ਼ੀਤਲ ਨਗਰ, ਮਕਸੂਦਾਂ, ਟੈਗੋਰ ਹਸਪਤਾਲ, ਟੀ-ਪੁਆਇੰਟ ਜ਼ਿੰਦਾ ਰੋਡ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਕੇਂਦਰੀ ਸੜਕ ਅਤੇ ਹਾਈਵੇ ਮੰਤਰਾਲੇ ਦੀਆਂ ਹਦਾਇਤਾਂ ਦੇ ਅਨੁਸਾਰ ਕੋਈ ਵੀ ਇਸ ਤਰ੍ਹਾਂ ਦਾ ਪੁਆਇੰਟ ਜਿਸ ਦੇ 500 ਮੀਟਰ ਦੇ ਦਾਇਰੇ ਵਿਚ ਲਗਾਤਾਰ 3 ਸਾਲਾਂ ਵਿਚ 5 ਦੁਰਘਟਨਾਵਾਂ ਦੌਰਾਨ ਮੌਤਾਂ ਜਾਂ ਗੰਭੀਰ ਜ਼ਖ਼ਮੀ ਹੋਏ ਹਨ, ਸੜਕ ਦੁਰਘਟਨਾ ਲਈ ਬਲੈਕ ਸਪੌਟਸ ਮੰਨਿਆ ਜਾਏਗਾ। ਇਸ ਮੌਕੇ 'ਤੇ ਜੇ. ਡੀ. ਏ. ਦੇ ਐਡੀਸ਼ਨਲ ਪ੍ਰਸ਼ਾਸਕ ਬਰਜਿੰਦਰ ਸਿੰਘ, ਐੱਸ. ਡੀ. ਐੱਮ. ਡਾ. ਜੈ ਇੰਦਰ ਸਿੰਘ, ਸੜਕ ਸੁਰੱਖਿਆ ਇੰਜੀਨੀਅਰ ਅਰਬਾਬ ਅਹਿਮਦ, ਕਰਨਵੀਰ ਸਿੰਘ, ਮ੍ਰਿਦੁਲ ਅਤੇ ਹੋਰ ਵੀ ਮੌਜੂਦ ਸਨ।


shivani attri

Content Editor

Related News