ਸ਼ਹਿਰੀ ਯੂਥ ਕਾਂਗਰਸ ਦੇ ਪ੍ਰਧਾਨ ਲਈ ਮੁਕਾਬਲਾ ਹੋਇਆ ਤ੍ਰਿਕੋਣਾ

12/04/2019 4:52:16 PM

ਜਲੰਧਰ— ਸ਼ਹਿਰੀ ਅਤੇ ਦਿਹਾਤੀ ਯੂਥ ਯੂਥ ਕਾਂਗਰਸ ਦੇ ਜ਼ਿਲਾ ਪ੍ਰਧਾਨ ਦੀ ਚੋਣ ਲਈ ਅੱਜ ਸਵੇਰੇ ਤੋਂ ਸ਼ੁਰੂ ਹੋਈ ਵੋਟਿੰਗ ਹੁਣ ਖਤਮ ਹੋ ਗਈ ਹੈ। ਚੋਣਾਂ ਦੇ ਮੱਦੇਨਜ਼ਰ ਭਾਰੀ ਪੁਲਸ ਫੋਰਸ ਨੂੰ ਤਾਇਨਾਤ ਕੀਤਾ ਗਿਆ ਸੀ ਤਾਂਕਿ ਕੋਈ ਅਣਸੁਖਾਵੀਂ ਘਟਨਾ ਨਾ ਹੋ ਸਕੇ। ਪਹਿਲੀ ਵਾਰ ਜਲੰਧਰ ਸ਼ਹਿਰੀ ਅਤੇ ਦਿਹਾਤੀ ਯੂਥ ਕਾਂਗਰਸ ਦੇ ਜ਼ਿਲਾ ਪ੍ਰਧਾਨ ਲਈ ਟੈਬ 'ਤੇ ਆਨਲਾਈਨ ਵੋਟਿੰਗ ਹੋ ਰਹੀ ਹੈ। ਸਵੇਰੇ 8 ਵਜੇ ਤੋਂ ਸ਼ੁਰੂ ਹੋਈ ਇਹ ਵੋਟਿੰਗ 3 ਵਜੇ ਤੱਕ ਕਾਂਗਰਸ ਭਵਨ 'ਚ ਜਾਰੀ ਰਹੀ, ਜਿਸ ਤੋਂ ਬਾਅਦ ਸ਼ਨੀਵਾਰ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਨਤੀਜੇ ਐਲਾਨੇ ਜਾਣਗੇ। ਚੋਣਾਂ 'ਚ ਸ਼ਹਿਰੀ ਅਤੇ ਦਿਹਾਤੀ ਪ੍ਰਧਾਨ ਦੇ ਨਾਲ-ਨਾਲ ਜਨਰਲ ਸੈਕਰੇਟਰੀ ਤੋਂ ਇਲਾਵਾ 8 ਵਿਧਾਨ ਸਭਾ ਹਲਕਾ ਦੇ ਵੱਖ-ਵੱਖ ਯੂਥ ਪ੍ਰਧਾਨ ਚੁਣੇ ਜਾਣਗੇ।

ਸ਼ਹਿਰੀ ਯੂਥ ਕਾਂਗਰਸ ਪ੍ਰਧਾਨ ਦੇ ਚੋਣਾਂ 'ਚ ਤ੍ਰਿਕੋਣਾ ਅਤੇ ਦਿਹਾਤੀ ਹਲਕੇ 'ਚ ਦੋ ਉਮੀਦਵਾਰਾਂ 'ਚ ਸਿੱਧਾ ਮੁਕਾਬਲਾ ਹੈ। ਸ਼ਹਿਰੀ ਪ੍ਰਧਾਨ ਦੇ ਉਮੀਦਵਾਰ ਪਰਮਜੀਤ ਸਿੰਘ ਬਲ ਨੇ ਚੋਣਾਂ ਤੋਂ ਕਦਮ ਪਿੱਛੇ ਖਿੱਚ ਕੇ ਰਾਜੇਸ਼ ਅਗਨੀਹੋਤਰੀ ਨੂੰ ਸਮਰਥਨ ਦਿੱਤਾ ਹੈ। ਇਸ ਦੇ ਬਾਅਦ ਰਾਜੇਸ਼ ਅਗਨੀਹੋਤਰੀ ਦੇ ਮੁਕਾਬਲੇ ਅੰਗਦ ਦੱਤਾ ਅਤੇ ਦੀਪਕ ਖੋਸਲਾ ਮੈਦਾਨ 'ਚ ਹਨ। 

ਜਲੰਧਰ ਸਿਟੀ ਦੇ ਪ੍ਰਧਾਨ ਲਈ ਅੰਗਦ ਦੱਤਾ, ਰਾਜੇਸ਼ ਅਗਨੀਹੋਤਰੀ ਅਤੇ ਦੀਪਕ ਖੋਸਲਾ ਵਿਚਾਲੇ ਟੱਕਰ ਚੱਲ ਰਹੀ ਹੈ। ਅੰਗਦ ਦੱਤਾ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਨਾਲ ਜੁੜੇ ਹੋਏ ਹਨ। ਉਥੇ ਹੀ ਰਾਜੇਸ਼ ਅਗਨੀਹੋਤਰੀ ਦੇ ਨਾਲ ਵਿਧਾਇਕ ਸੁਸ਼ੀਲ ਰਿੰਕੂ ਖੜ੍ਹੇ ਹਨ। ਦੀਪਕ ਖੋਸਲਾ ਨੂੰ ਵੀ ਅਸ਼ਵਨੀ ਭੱਲਾ ਵਰਗੇ ਨੇਤਾਵਾਂ ਦਾ ਆਸ਼ਿਰਵਾਦ ਮਿਲਿਆ ਹੈ। ਉਥੇ ਹੀ ਜਲੰਧਰ ਦਿਹਾਤੀ 'ਚ ਮਨਵੀਰ ਸਿੰਘ ਚੀਮਾ ਅਤੇ ਹਨੀ ਜੋਸ਼ੀ ਵਿਚਾਲੇ ਟੱਕਰ ਚੱਲ ਰਹੀ ਹੈ।

ਦੱਸਣਯੋਗ ਹੈ ਕਿ ਇਸ ਵਾਰ ਯੂਥ ਦੀ ਸਿਆਸਤ 'ਚ ਸੀਨੀਅਰ ਲੀਡਰ ਅਤੇ ਵਿਧਾਇਕ ਵੀ ਖਾਸੀ ਦਿਲਚਸਪੀ ਲੈ ਰਹੀ ਹੈ। ਰਾਜੇਸ਼ ਅਗਨੀਹੋਤਰੀ ਲਈ ਪਨਸਪ ਦੇ ਚੇਅਰਮੈਨ ਤੇਜਿੰਦਰ ਸਿੰਘ ਬਿੱਟੂ ਅਤੇ ਵਿਧਾਇਕ ਸੁਸ਼ੀਲ ਰਿੰਕੂ ਨੇ ਸਟੇਟ ਟੀਮ 'ਚ ਐਡਜਸਟ ਕਰਵਾਉਣ ਦਾ ਭਰੋਸਾ ਦੇ ਕੇ ਪਰਮਜੀਤ ਸਿੰਘ ਬਲ ਨੂੰ ਮਨਾਇਆ ਹੈ ਜਦਕਿ ਅੰਦਰਖਾਤੇ ਸੈਂਟਰਲ ਦੇ ਵਿਧਾਇਕ ਰਾਜਿੰਦਰ ਬੇਰੀ ਅਤੇ ਕੈਂਟ ਦੇ ਪਰਗਟ ਸਿੰਘ ਵੀ ਰਾਜੇਸ਼ ਅਗਨਹੋਤਰੀ ਦੇ ਸਮਰਥਨ 'ਚ ਹਨ। ਇਕ ਪਾਸੇ ਜਿੱਥੇ ਅੰਗਦ ਦੱਤਾ ਨੂੰ ਸਾਬਕਾ ਮੰਤਰੀ ਗੁਰਜੀਤ ਸਿੰਘ ਦਾ ਆਸ਼ਿਰਵਾਦ ਹੈ ਤਾਂ ਦੀਪਕ ਖੋਸਲਾ ਨੂੰ ਸਾਬਕਾ ਕੌਂਸਲਰ ਦਿਨੇਸ਼ ਢੱਲ ਅਤੇ ਅਮਿਤ ਢੱਲ ਦਾ ਸਮਰਥਨ ਹੈ। ਅਜਿਹੇ 'ਚ ਨਾਰਥ ਦੇ ਵਿਧਾਇਕ ਬਾਵਾ ਹੈਨਰੀ ਅਤੇ ਸਾਬਕਾ ਮੰਤਰੀ ਅਵਤਾਰ ਹੈਨਰੀ ਦੇ ਸਮਰਥਨ ਦੀ ਭੂਮਿਕਾ ਅਹਿਮ ਰਹੇਗੀ। ਉਂਝ ਹੈਨਰੀ ਦੇ ਆਸ਼ਿਰਵਾਦ ਲਈ ਅਗਨੀਹੋਤਰੀ ਅਤੇ ਦੱਤਾ ਦੋਵੇਂ ਜ਼ੋਰ ਲਗਾ ਰਹੇ ਹਨ।

shivani attri

This news is Content Editor shivani attri