ਯੂ. ਪੀ. ਅਤੇ ਹਿਮਾਚਲ ਦੇ ਰੂਟ ''ਚ ਆਈ ਤੇਜ਼ੀ, ਯਾਤਰੀਆਂ ਦੀ ਮੰਗ ਨੂੰ ਦੇਖਦਿਆ ਦਿੱਲੀ ਲਈ ਚਲਾਈਆਂ ਵਾਧੂ ਬੱਸਾਂ

11/16/2020 5:26:37 PM

ਜਲੰਧਰ(ਪੁਨੀਤ): ਕਈ ਦਿਨਾਂ ਬਾਅਦ ਅੱਜ ਹਿਮਾਚਲ ਦੇ ਰੂਟ 'ਤੇ ਤੇਜ਼ੀ ਨਜ਼ਰ ਆਈ। ਉਥੇ ਹੀ 20 ਨਵੰਬਰ ਨੂੰ ਮਨਾਈ ਜਾਣ ਵਾਲੀ ਛਠ ਪੂਜਾ ਕਾਰਨ ਯੂ. ਪੀ. ਲਈ ਜਾਣ ਵਾਲੇ ਯਾਤਰੀ ਅੱਜ ਵੀ ਬੱਸਾਂ ਦੀ ਕਮੀ ਦੀ ਵਜ੍ਹਾ ਕਾਰਨ ਨਿਰਾਸ਼ ਦੇਖੇ ਗਏ। ਦਿੱਲੀ ਰੂਟ ਦੀ ਗੱਲ ਕੀਤੀ ਜਾਵੇ ਤਾਂ ਯਾਤਰੀਆਂ ਦੀ ਜ਼ਿਆਦਾ ਮੰਗ ਕਾਰਣ ਪੰਜਾਬ ਰੋਡਵੇਜ਼ ਵੱਲੋਂ ਰੁਟੀਨ ਨਾਲੋਂ ਵੱਧ ਬੱਸਾਂ ਚਲਾਈਆਂ ਗਈਆਂ ਪਰ ਇਸ ਦੇ ਬਾਵਜੂਦ ਮੰਗ ਪੂਰੀ ਨਹੀਂ ਹੋਈ। ਐਤਵਾਰ ਦੀ ਛੁੱਟੀ ਕਾਰਨ ਹਿਮਾਚਲ 'ਚ ਧਾਰਮਿਕ ਥਾਵਾਂ 'ਤੇ ਜਾਣ ਵਾਲੇ ਯਾਤਰੀਆਂ ਦੀ ਗਿਣਤੀ ਜ਼ਿਆਦਾ ਦੇਖੀ ਗਈ, ਜਿਸ ਕਾਰਨ ਸਵੇਰੇ 7.05, 8.26 ਅਤੇ 9.48 'ਤੇ ਮਾਤਾ ਚਿੰਤਪੂਰਨੀ-ਜਵਾਲਾ ਜੀ ਚੱਲਣ ਵਾਲੇ ਰੂਟਾਂ 'ਤੇ ਬੱਸਾਂ ਭਰ ਕੇ ਚੱਲੀਆਂ। ਉਥੇ ਹੀ ਸ਼ਿਮਲਾ ਲਈ 7.26 ਅਤੇ 11.09 'ਤੇ ਚੱਲੀਆਂ ਬੱਸਾਂ 'ਚ ਵੀ ਯਾਤਰੀ ਰੁਟੀਨ ਦੇ ਦਿਨਾਂ ਤੋਂ ਜ਼ਿਆਦਾ ਦੇਖੇ ਗਏ। ਧਰਮਸ਼ਾਲਾ ਲਈ 11.35 'ਤੇ ਚੱਲਣ ਵਾਲੇ ਰੂਟ 'ਤੇ ਵੀ ਅੱਜ ਜ਼ਿਆਦਾ ਕੁਲੈਕਸ਼ਨ ਹੋਈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਹੁਣ ਤਿਉਹਾਰ ਬੀਤ ਚੁੱਕੇ ਹਨ, ਜਿਸ ਕਾਰਨ ਹਿਮਾਚਲ ਦੀਆਂ ਧਾਰਮਿਕ ਥਾਵਾਂ 'ਤੇ ਯਾਤਰੀਆਂ ਦੀ ਗਿਣਤੀ 'ਚ ਵਾਧਾ ਦਰਜ ਹੋਵੇਗਾ। ਹਿਮਾਚਲ ਜਾਣ ਵਾਲੇ ਯਾਤਰੀਆਂ ਲਈ ਹੁਣ ਵਿਭਾਗ ਵੱਲੋਂ ਸਾਰੇ ਟਾਈਮ ਟੇਬਲ ਚਾਲੂ ਕਰ ਦਿੱਤੇ ਗਏ ਹਨ।
ਯੂ. ਪੀ. ਲਈ ਪੰਜਾਬ ਰੋਡਵੇਜ਼ ਵੱਲੋਂ ਚਲਾਈ ਜਾਣ ਵਾਲੀ ਸਵੇਰੇ 7.40 ਵਾਲੀ ਬੱਸ 'ਚ ਯਾਤਰੀਆਂ ਦੀ ਗਿਣਤੀ ਜ਼ਿਆਦਾ ਦੇਖੀ ਗਈ। ਇਸ ਤੋਂ ਇਲਾਵਾ 1.30 ਵਾਲੀ ਬੱਸ ਵੀ ਭਰ ਕੇ ਗਈ, ਜਦਕਿ 5.20 ਵਾਲੀ ਬੱਸ 'ਚ ਵੀ ਸੀਟਾਂ ਫੁੱਲ ਰਹੀਆਂ। ਯੂ. ਪੀ. ਲਈ ਚੱਲਣ ਵਾਲੀਆਂ ਬੱਸਾਂ ਅੰਬਾਲਾ ਤੋਂ ਪਹਿਲਾਂ ਮੁੜ ਜਾਂਦੀਆਂ ਹਨ ਅਤੇ ਯਮੁਨਾਨਗਰ, ਜਗਾਧਰੀ, ਸਹਾਰਨਪੁਰ ਤੇ ਰੁੜਕੀ ਤੋਂ ਹੁੰਦੇ ਹੋਏ ਹਰਿਦੁਆਰ ਪਹੁੰਚਦੀਆਂ ਹਨ। ਇਸ ਲੜੀ 'ਚ ਦੇਖਣ 'ਚ ਆ ਰਿਹਾ ਹੈ ਕਿ ਉਤਰਾਖੰਡ ਲਈ ਯਾਤਰੀ ਵਧ ਰਹੇ ਹਨ।
ਇਨ੍ਹੀਂ ਦਿਨੀਂ 'ਚ ਸਭ ਤੋਂ ਅਹਿਮ ਚੱਲ ਰਹੇ ਦਿੱਲੀ ਰੂਟ 'ਤੇ ਅਧਿਕਾਰੀਆਂ ਵੱਲੋਂ ਖਾਸ ਨਜ਼ਰ ਰੱਖੀ ਜਾ ਰਹੀ ਹੈ। ਟਰੇਨਾਂ ਬੰਦ ਹੋਣ ਕਾਰਨ ਬੱਸਾਂ 'ਚ ਸਫਰ ਕਰਨ ਵਾਲੇ ਯਾਤਰੀ ਜ਼ਿਆਦਾ ਹਨ, ਜਿਸ ਕਾਰਨ ਯਾਤਰੀਆਂ ਦੀ ਮੰਗ ਮੁਤਾਬਕ ਵਾਧੂ ਬੱਸਾਂ ਚਲਾਈਆਂ ਜਾ ਰਹੀਆਂ ਹਨ। ਦਿੱਲੀ ਲਈ ਪਹਿਲੀ ਬੱਸ ਸਵੇਰੇ 5.55 'ਤੇ ਚੱਲਣੀ ਸ਼ੁਰੂ ਹੋ ਰਹੀ ਹੈ ਅਤੇ ਇਸ ਤੋਂ ਬਾਅਦ ਹਰੇਕ 20-25 ਮਿੰਟਾਂ ਬਾਅਦ ਆਸਾਨੀ ਨਾਲ ਬੱਸਾਂ ਮੁਹੱਈਆ ਹਨ। ਜ਼ਿਆਦਾ ਗਿਣਤੀ 'ਚ ਬੱਸਾਂ ਚਲਾਉਣ ਦੇ ਬਾਵਜੂਦ ਯਾਤਰੀਆਂ ਦੀ ਮੰਗ ਪੂਰੀ ਨਹੀਂ ਹੋ ਪਾ ਰਹੀ। ਬੱਸਾਂ ਨਾ ਮਿਲਣ ਕਾਰਨ ਬੀਤੇ ਦਿਨੀਂ ਯਾਤਰੀਆਂ ਦਾ ਗੁੱਸਾ ਵੀ ਭੜਕ ਚੁੱਕਾ ਹੈ।
ਬੱਸਾਂ ਦੇ ਸਟਾਫ ਦਾ ਕਹਿਣਾ ਹੈ ਕਿ ਪੰਜਾਬ ਰੋਡਵੇਜ਼ ਦੇ ਜਲੰਧਰ ਡਿਪੂ ਤੋਂ ਇਲਾਵਾ ਕਈ ਹੋਰ ਡਿਪੂਆਂ ਤੋਂ ਚੱਲ ਕੇ ਦਿੱਲੀ ਜਾਣ ਵਾਲੀਆਂ ਬੱਸਾਂ ਜਲੰਧਰ 'ਚੋਂ ਹੋ ਕੇ ਜਾ ਰਹੀਆਂ ਹਨ ਤਾਂ ਕਿ ਵੱਧ ਤੋਂ ਵੱਧ ਯਾਤਰੀਆਂ ਨੂੰ ਰਵਾਨਾ ਕੀਤਾ ਜਾ ਸਕੇ। ਟਰੇਨਾਂ ਬੰਦ ਹੋਣ ਕਾਰਨ ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਵੀ ਜ਼ਿਆਦਾ ਗਿਣਤੀ 'ਚ ਪੰਜਾਬ ਜਾ ਰਹੀਆਂ ਹਨ। ਉਥੇ ਹੀ ਹਿਮਾਚਲ ਤੋਂ ਦਿੱਲੀ ਜਾਣ ਵਾਲੀਆਂ ਬੱਸਾਂ ਵੀ ਪੰਜਾਬ 'ਚ ਰੁਕ ਕੇ ਅੱਗੇ ਰਵਾਨਾ ਹੋ ਰਹੀਆਂ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਵੱਧ ਤੋਂ ਵੱਧ ਟਾਈਮ ਟੇਬਲ ਚਲਾਏ ਜਾ ਰਹੇ ਹਨ ਪਰ ਯਾਤਰੀਆਂ ਦੀ ਮੰਗ ਬਹੁਤ ਵੱਧ ਹੈ। ਉਥੇ ਹੀ ਹਰਿਆਣਾ ਰੋਡਵੇਜ਼ ਵੱਲੋਂ ਰਾਤ ਸਮੇਂ ਪੰਜਾਬ ਦੀ ਬੱਸ ਸੇਵਾ ਜ਼ਿਆਦਾ ਗਿਣਤੀ 'ਚ ਚਲਾਈ ਜਾ ਰਹੀ ਹੈ, ਜਿਸ ਕਾਰਨ ਰਾਤ ਸਮੇਂ ਵੀ ਬੱਸ ਅੱਡੇ 'ਚ ਯਾਤਰੀ ਦੇਖੇ ਜਾ ਰਹੇ ਹਨ।

PunjabKesari
ਉਥੇ ਹੀ ਪੰਜਾਬ 'ਚ ਚੱਲਣ ਵਾਲੀਆਂ ਬੱਸਾਂ ਦੀ ਗਿਣਤੀ 'ਚ ਵੀ ਵਾਧਾ ਦੇਖਣ ਨੂੰ ਮਿਲਿਆ। ਇਸ ਲੜੀ 'ਚ ਸਭ ਤੋਂ ਜ਼ਿਆਦਾ ਰੁਝੇਵਿਆਂ ਭਰਿਆ ਰੂਟ ਚੰਡੀਗੜ੍ਹ ਦਾ ਰਿਹਾ। ਇਸ ਤੋਂ ਇਲਾਵਾ ਬਟਾਲਾ, ਹੁਸ਼ਿਆਰਪੁਰ, ਨੰਗਲ ਅਤੇ ਰੋਪੜ ਰੂਟ 'ਤੇ ਵੀ ਬੱਸਾਂ ਵੱਧ ਗਿਣਤੀ 'ਚ ਆਉਂਦੀਆਂ ਜਾਂਦੀਆਂ ਦੇਖੀਆਂ ਗਈਆਂ। ਲੁਧਿਆਣਾ ਅਤੇ ਅੰਿਮ੍ਰਤਸਰ ਡਿਪੂ ਦੀਆਂ ਬੱਸਾਂ ਵੀ ਵੱਡੀ ਗਿਣਤੀ 'ਚ ਜਲੰਧਰ ਵਿਚੋਂ ਹੋ ਕੇ ਅੱਗੇ ਲੰਘੀਆਂ।
ਗੇਅਰ ਬਾਕਸ ਦੇ ਉਪਰ ਬੈਠ ਕੇ ਸਫਰ ਕਰ ਰਹੇ ਯਾਤਰੀ
ਉਥੇ ਹੀ ਦੇਖਣ 'ਚ ਆ ਰਿਹਾ ਹੈ ਕਿ ਦਿੱਲੀ ਲਈ ਚੱਲਣ ਵਾਲੀਆਂ ਬੱਸਾਂ ਭਰ ਕੇ ਚੱਲ ਰਹੀਆਂ ਹਨ। ਆਲਮ ਇਹ ਹੈ ਕਿ ਬੱਸਾਂ 'ਚ ਬੈਠਣਾ ਵੀ ਮੁਸ਼ਕਿਲ ਹੋ ਰਿਹਾ ਹੈ ਪਰ ਸਫਰ ਕਰਨਾ ਯਾਤਰੀਆਂ ਦੀ ਮਜਬੂਰੀ ਹੈ, ਜਿਸ ਕਾਰਨ ਉਹ ਕਿਸੇ ਵੀ ਹਾਲਤ 'ਚ ਜਾਣ ਨੂੰ ਤਿਆਰ ਹਨ। ਬੈਠਣ ਲਈ ਸੀਟ ਨਾ ਮਿਲਣ 'ਤੇ ਯਾਤਰੀ ਬੱਸਾਂ ਦੇ ਗੇਅਰ ਬਾਕਸ ਉਪਰ ਬੈਠ ਕੇ ਵੀ ਸਫਰ ਕਰ ਰਹੇ ਹਨ।
2-3 ਦਿਨ ਰਹੇਗਾ ਛਠ ਪੂਜਾ ਲਈ ਜਾਣ ਵਾਲਿਆਂ ਦਾ ਰਸ਼
ਛਠ ਪੂਜਾ 20 ਨਵੰਬਰ ਨੂੰ ਹੈ ਅਤੇ ਇਸ 'ਚ ਹੁਣ ਕੁਝ ਹੀ ਦਿਨ ਬਾਕੀ ਰਹਿੰਦੇ ਹਨ। ਸ਼ੁੱਕਰਵਾਰ ਨੂੰ ਮਨਾਏ ਜਾਣ ਵਾਲੇ ਛਠ ਪੂਜਾ ਦੇ ਇਸ ਤਿਉਹਾਰ ਨੂੰ ਲੈ ਕੇ 2-3 ਦਿਨ ਹੀ ਰਸ਼ ਰਹੇਗਾ, ਜਿਸ ਤੋਂ ਬਾਅਦ ਯਾਤਰੀਆਂ ਦੀ ਗਿਣਤੀ ਘੱਟ ਜਾਵੇਗੀ। ਘਰਾਂ ਨੂੰ ਜਾਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਟਰੇਨਾਂ ਬੰਦ ਹੋਣ ਕਾਰਨ ਉਨ੍ਹਾਂ ਨੂੰ ਜ਼ਿਆਦਾ ਦਿੱਕਤ ਪੇਸ਼ ਆ ਰਹੀ ਹੈ, ਇਸ ਲਈ ਪੰਜਾਬ ਸਰਕਾਰ ਨੂੰ ਇਨ੍ਹਾਂ 2-3 ਦਿਨਾਂ 'ਚ ਖਾਸ ਬੱਸਾਂ ਚਲਾਉਣ ਦਾ ਪ੍ਰਬੰਧ ਕਰਨਾ ਚਾਹੀਦਾ ਕਿਉਂਕਿ ਸੀਟਾਂ ਨਾ ਮਿਲਣ ਕਾਰਨ ਲੋਕ ਖੜ੍ਹੇ ਹੋ ਕੇ ਸਫਰ ਕਰ ਰਹੇ ਹਨ। ਕਈ ਲੋਕ ਬੱਸ ਅੱਡੇ ਤੋਂ ਨਿਰਾਸ਼ ਮੁੜਦੇ ਦੇਖੇ ਜਾ ਸਕਦੇ ਹਨ। ਕਈ ਲੋਕਾਂ ਨੂੰ ਅੰਬਾਲਾ ਤੋਂ ਬੱਸਾਂ ਬਦਲਣੀਆਂ ਪੈ ਰਹੀਆਂ ਹਨ। ਯਾਤਰੀਆਂ ਨੂੰ ਬੱਸਾਂ 'ਚ ਜ਼ਿਆਦਾ ਕਿਰਾਇਆ ਖਰਚ ਕਰਨਾ ਪੈ ਰਿਹਾ ਹੈ, ਜਿਸ ਨਾਲ ਉਨ੍ਹਾਂ ਦੀਆਂ ਜੇਬਾਂ 'ਤੇ ਵਾਧੂ ਬੋਝ ਪੈ ਰਿਹਾ ਹੈ।


Aarti dhillon

Content Editor

Related News