ਭੋਗਪੁਰ ''ਚ ਧੜੱਲੇ ਨਾਲ ਚੱਲ ਰਹੇ ਨੇ ਬਿਨਾਂ ਲਾਇਸੈਂਸ ਆਈਲੈਟਸ ਸੈਂਟਰ

07/25/2022 5:52:36 PM

ਭੋਗਪੁਰ (ਰਾਣਾ)-ਉੱਚ ਸਿੱਖਿਆ ਲਈ ਵਿਦੇਸ਼ਾਂ ਵਿਚ ਜਾਣ ਦੇ ਚਾਹਵਾਨ ਵਿਦਿਆਰਥੀਆਂ ਨੂੰ ਭਰਮਾਉਣ ਲਈ ਅੱਜ-ਕੱਲ ਭੋਗਪੁਰ ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ ਦੇ ਗਲੀਆਂ-ਮੁਹੱਲਿਆਂ ਵਿਚ ਬਿਨਾਂ ਲਾਇਸੈਂਸ ਆਈਲੈਟਸ ਸੈਂਟਰ ਧੜੱਲੇ ਨਾਲ ਚਲਾਏ ਜਾ ਰਹੇ ਹਨ। ਨਾਜਾਇਜ਼ ਤੌਰ ’ਤੇ ਚਲਾ ਰਹੇ ਇਨ੍ਹਾਂ ਆਈਲੈਟਸ ਸੈਂਟਰਾਂ ਵਾਲਿਆਂ ਵੱਲੋਂ ਜਿੱਥੇ ਸਰਕਾਰ ਨੂੰ ਭਾਰੀ ਚੂਨਾ ਲਾਇਆ ਜਾ ਰਿਹਾ ਹੈ ਉੱਥੇ ਹੀ ਬੱਚਿਆਂ ਦੇ ਭਵਿੱਖ ਨਾਲ ਵੀ ਖਿਲਵਾੜ ਵੀ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕਈ ਹੋਰ ਟ੍ਰੈਵਲ ਕੰਸਲਟੈਂਸੀ ਸੈਂਟਰ ਵੀ ਸਰਕਾਰ ਨੂੰ ਬਿਨਾਂ ਫੀਸ ਦਿੱਤੇ ਹੀ ਚਲਾਏ ਜਾ ਰਹੇ ਹਨ। ਪੁਲਸ-ਪ੍ਰਸ਼ਾਸ਼ਨ ਵੱਲੋਂ ਇਸ ਪਾਸੇ ਸਖਤੀ ਨਾ ਵਰਤੇ ਜਾਣ ਕਾਰਨ ਇਨ੍ਹਾਂ ਸੈਂਟਰਾਂ ਦੀ ਤਾਦਾਦ ਦਿਨ ਪ੍ਰਤੀ ਦਿਨ ਵਧਦੀ ਹੀ ਜਾ ਰਹੀ ਹੈ। ਇਸ ਕਾਰਨ ਵਿਦੇਸ਼ ਜਾਣ ਦੇ ਚਾਹਵਾਨ ਕਈ ਬੱਚੇ ਅਤੇ ਵਿਅਕਤੀ ਇਨ੍ਹਾਂ ਗੈਰ-ਕਨੂੰਨੀ ਸੈਂਟਰਾਂ ਦੀਆਂ ਠੱਗੀਆਂ ਦਾ ਸ਼ਿਕਾਰ ਵੀ ਹੋ ਰਹੇ ਹਨ।

ਇੰਝ ਲਗਾਇਆ ਜਾ ਰਿਹਾ ਹੈ ਸਰਕਾਰ ਨੂੰ ਚੂਨਾ
ਸਰਕਾਰ ਵੱਲੋਂ ਆਈਲੈਟਸ ਸੈਂਟਰ ਚਲਾਉਣ ਲਈ ਲਾਇਸੈਂਸ ਜਾਰੀ ਕਰਨ ਲਈ 25 ਹਜ਼ਾਰ ਰੁਪਏ ਦੀ ਫ਼ੀਸ ਲਈ ਜਾਂਦੀ ਹੈ। ਇਸ ਤੋਂ ਇਲਾਵਾ ਸਟੱਡੀ ਵੀਜ਼ਾ ਤੇ ਟੂਰਿਸਟ ਵੀਜ਼ਾ ਅਪਲਾਈ ਕਰਨ ਲਈ ਜਾਰੀ ਲਾਇਸੈਂਸ ਲਈ 25-25 ਹਜ਼ਾਰ ਰੁਪਏ ਦੀ ਫੀਸ ਵੀ ਲਈ ਜਾਂਦੀ ਹੈ। ਇਸ ਤੋਂ ਇਲਾਵਾ ਹਵਾਈ ਟਿਕਟਾਂ ਜਾਰੀ ਕਰਨ ਲਈ ਲਾਈਸੈਂਸ ਲੈਣ ਲਈ ਸਰਕਾਰ ਨੂੰ 25 ਹਜ਼ਾਰ ਰੁਪਏ ਫੀਸ ਦੇਣੀ ਪੈਂਦੀ ਹੈ। ਕਈ ਸੈਂਟਰਾਂ ਵਿਚ ਚਾਰੋਂ ਕੰਮ ਇਕੱਠੇ ਕੀਤੇ ਜਾਂਦੇ ਹਨ, ਜਿਨ੍ਹਾਂ ਦੀ ਫੀਸ ਇਕ ਲੱਖ ਰੁਪਏ ਬਣਦੀ ਹੈ। ਬਿਨਾਂ ਲਾਈਸੈਂਸ ਤੋਂ ਇਹ ਚਾਰੋਂ ਕੰਮ ਕਰਨ ਵਾਲੇ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲਾ ਰਹੇ ਹਨ।

ਇਹ ਵੀ ਪੜ੍ਹੋ: ਅਹਿਮ ਖ਼ਬਰ: ਐੱਸ. ਸੀ/ਬੀ. ਸੀ. ਸਣੇ ਇਨ੍ਹਾਂ ਖ਼ਪਤਕਾਰਾਂ ਨੂੰ ਨਹੀਂ ਮਿਲੇਗਾ 600 ਯੂਨਿਟ ਮੁਫ਼ਤ ਬਿਜਲੀ ਤੋਂ ਉਪਰ ਦਾ ਲਾਭ

ਕਈ ਹੋਰ ਸਰਕਾਰੀ ਹਦਾਇਤਾਂ ਦੀ ਪਾਲਣਾ ਵੀ ਨਹੀਂ ਕਰਦੇ ਆਈਲੈਟਸ ਅਤੇ ਕੰਸਲਟੈਂਸੀ ਸੈਂਟਰ
ਉਪਰੋਕਤ ਤੋਂ ਇਲਾਵਾ ਕਈ ਆਈਲੈਟਸ ਅਤੇ ਕੰਸਲਟੈਂਸੀ ਸੈਂਟਰ ਕਈ ਹੋਰ ਸਰਕਾਰੀ ਹਦਾਇਤਾਂ ਦੀ ਪਾਲਣਾ ਵੀ ਨਹੀਂ ਕਰਦੇ, ਜਿਨ੍ਹਾਂ ਵਿਚ ਸੈਂਟਰਾਂ ਅੰਦਰ ਵਿਦਿਆਰਥੀਆਂ ਦੀ ਸੁਰੱਖਿਆ ਦੇ ਮਾਪਦੰਡ ਅਤੇ ਹਵਾਈ ਟਿਕਟਾਂ ਜਾਰੀ ਕਰਨ ਵਾਲਿਆ ਵੱਲੋਂ ਰਿਕਾਰਡ ਰੱਖਣ ਵਿਚ ਅਣਗਹਿਲੀ ਵਰਤੀ ਜਾਂਦੀ ਹੈ। ਇਸ ਤਰ੍ਹਾਂ ਉਹ (ਸੈਂਟਰ ਮਾਲਕ) ਇਨ੍ਹਾਂ ਸੈਂਟਰਾਂ ਵਿਚ ਆਉਣ-ਜਾਣ ਵਾਲੇ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਨੂੰ ਖ਼ਤਰੇ ਵਿਚ ਪਾਉਂਦੇ ਨਜ਼ਰ ਆ ਰਹੇ ਹਨ।

ਅਨ-ਰਜਿਸਟਰਡ ਟਰੈਵਲ ਏਜੰਟਾਂ ਵਿਰੁੱਧ ਡਿਪਟੀ ਕਮਿਸ਼ਨਰ ਵੱਲੋਂ 23 ਮਈ 2022 ਨੂੰ ਇਕ ਪੱਤਰ ਪਿੱਠ ਅੰਕਣ ਨੰ. 5514-15/ ਐੱਸ. ਸੀ-6/ਐੱਮ. ਏ. ਪੁਲਸ ਕਮਿਸ਼ਨਰ ਜਲੰਧਰ, ਸੀਨੀਅਰ ਪੁਲਸ ਕਪਤਾਨ ਦਿਹਾਤੀ ਅਤੇ ਜ਼ਿਲਾ ਲੋਕ ਸੰਪਰਕ ਅਧਿਕਾਰੀ ਨੂੰ ਸੂਚਨਾ ਅਤੇ ਲੋੜੀਂਦੀ ਕਾਰਵਾਈ ਹਿੱਤ ਜਾਰੀ ਕੀਤਾ ਹੋਇਆ ਹੈ ਕਿ ਇਸ ਦਫ਼ਤਰ ਦੇ ਧਿਆਨ ਵਿਚ ਆਇਆ ਹੈ ਕਿ ਕੁਝ ਲੋਕਾਂ ਵੱਲੋਂ ਆਪਣੀਆਂ ਦੁਕਾਨਾਂ-ਮਕਾਨ ਆਦਿ ਅਨ-ਰਜਿਸਟਰਡ ਟਰੈਵਲ ਏਜੰਟਾਂ ਨੂੰ ਕਿਰਾਏ 'ਤੇ ਦਿੱਤੇ ਹੋਏ ਹਨ, ਜਿਥੇ ਅਨ-ਰਜਿਸਟਰਡ ਟਰੈਵਲ ਏਜੰਟ ਆਪਣੇ ਦਫਤਰ ਖੋਲ੍ਹ ਕੇ ਲੋਕਾਂ ਨਾਲ ਠੱਗੀਆਂ ਕਰਦੇ ਹਨ ਤੇ ਫੇਰ ਕੁਝ ਚਿਰ ਬਾਅਦ ਇਹ ਆਪਣੇ ਦਫ਼ਤਰ ਬੰਦ ਕਰ ਕੇ ਰਫੂ-ਚੱਕਰ ਹੋ ਜਾਂਦੇ ਹਨ। ਇਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡਿਪਟੀ ਕਮਿਸ਼ਨਰ ਵੱਲੋਂ ਇਸ ਪੱਤਰ ਰਾਹੀਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਆਪਣੇ ਦੁਕਾਨ ਜਾਂ ਮਕਾਨ ਕਿਰਾਏ ’ਤੇ ਦੇਣ ਤੋਂ ਪਹਿਲਾਂ ਇਸ ਗੱਲ ਨੂੰ ਯਕੀਨੀ ਬਣਾ ਲੈਣ ਕੇ ਉਸ ਵਿਅਕਤੀ ਪਾਸ ਸਮਰੱਥ ਅਧਿਕਾਰੀ ਵੱਲੋਂ ਜਾਰੀ ਲਾਈਸੈਂਸ ਹੈ ਜਾਂ ਨਹੀਂ? ਬਿਨਾਂ ਲਾਇਸੈਂਸ ਟਰੈਵਲ ਏਜੰਟਾਂ ਨੂੰ ਦੁਕਾਨ ਜਾਂ ਮਕਾਨ ਕਿਰਾਏ 'ਤੇ ਦੇਣ ਵਾਲੇ ਪ੍ਰਾਪਰਟੀ ਮਾਲਕਾਂ ਖ਼ਿਲਾਫ਼ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ: ਅਹਿਮ ਖ਼ਬਰ: ਏਸ਼ੀਆ ਦੇ 11 ਤੇ ਅਫ਼ਰੀਕਾ ਦੇ 21 ਦੇਸ਼ਾਂ ’ਚ ਵੀਜ਼ਾ ਦੇ ਬਿਨਾਂ ਦਾਖ਼ਲ ਹੋ ਸਕਣਗੇ ਭਾਰਤੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri