ਸਿਆਸੀ ਦਬਾਅ ਹੇਠ ਪੁਲਸ ਨੇ ਕੀਤੀ ਇਕ ਤਰਫ਼ਾ ਕਾਰਵਾਈ

05/11/2020 12:57:11 PM

ਲੋਹੀਆਂ ਖ਼ਾਸ (ਮਨਜੀਤ) - ਪਿਛਲੇ ਦਿਨੀਂ ਪਿੰਡ ਨਵਾਂ, ਪਿੰਡ ਦੋਨੇਵਾਲ ਵਿਖੇ ਦੋ ਧਿਰਾਂ ਵਿਚਕਾਰ ਪੁਰਾਣੀ ਰੰਜਿਸ਼ ਨੂੰ ਲੈ ਕੇ ਲੜਾਈ ਝਗੜੇ ਦੀ ਸਥਿਤੀ ਬਣੀ ਹੋਈ ਸੀ ਕਿ ਸਥਾਨਕ ਥਾਣੇ ਦੀ ਪੁਲਸ ਵੱਲੋਂ ਥਾਣਾ ਮੁਖੀ ਸੁਖਦੇਵ ਸਿੰਘ ਦੀ ਅਗਵਾਈ ਵਿਚ ਇੱਕ ਧਿਰ ਦੇ ਨੌ ਨੌਜਵਾਨਾਂ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਮਾਮਲਾ ਦਰਜ਼ ਕਰ ਦਿੱਤਾ । ਪੁਲਸ ਵੱਲੋਂ ਕੀਤੀ ਗਈ ਉਕਤ ਕਰਵਾਈ 'ਤੇ ਸਵਾਲੀਆ ਨਿਸ਼ਾਨ ਲਾਉਂਦੇ ਹੋਏ ਪੁਲਸ ਵੱਲੋਂ ਫਰਾਰ ਦੱਸੇ ਜਾ ਰਹੇ ਸੁਰਜੀਤ ਸਿੰਘ ਉਰਫ ਸੰਨੀ ਨੇ ਕਿਹਾ ਅਕਾਲੀ ਦਲ ਦਾ ਯੂਥ ਆਗੂ ਹੋਣ ਕਰਕੇ ਪੁਲਸ ਨੇ ਸਿਆਸੀ ਦਬਾਅ ਹੇਠ ਮੇਰੇ ਅਤੇ ਮੇਰੇ ਸਾਥੀਆਂ ਉੱਪਰ ਇਕ ਤਰਫ਼ਾ ਕਰਵਾਈ ਕੀਤੀ ਹੈ ਜਦੋਂਕਿ ਮੇਰੇ ਵਿਰੋਧੀ ਕੁਲਦੀਪ ਸਿੰਘ ਉਰਫ਼ ਕੀਪਾ ਦੇ ਬੀਤੇ ਦਿਨੀਂ ਅਸਲੇ ਸਮੇਤ ਫੜੇ ਗਏ ਗੈਂਗ ਨਾਲ ਸਿੱਧੇ ਸੰਬੰਧ ਹਨ।

ਸੁਰਜੀਤ ਸਿੰਘ ਨੇ ਕਿਹਾ ਕਿ ਕੁਲਦੀਪ ਸਿੰਘ ਉਰਫ਼ ਕੀਪਾ ਜੋ ਕਿ 5 ਮਈ ਨੂੰ ਮੇਰੇ ਪਿੰਡ (ਨਵਾਂ ਪਿੰਡ) ਕਾਲ਼ੇ ਰੰਗ ਦੀ ਫੋਰਚੂਨ ਗੱਡੀ ਵਿੱਚੋਂ ਦੀ ਲੰਘਿਆ ਸੀ, ਦੂਸਰੇ ਹੀ ਦਿਨ 6 ਮਈ ਨੂੰ ਸਾਡੇ ਫੋਨ 'ਤੇ ਕੁਲਦੀਪ ਸਿੰਘ ਕੀਪਾ ਅਤੇ ਅਤੇ ਉਸ ਦੇ ਇੱਕ ਸਾਥੀ ਦਾ ਫੋਨ ਆਇਆ ਕਿ 'ਆਓ ਤੁਹਾਨੂੰ ਦੇਖਣਾ ਹੈ'। ਪਰ ਮੈਂ ਇਸ ਗੱਲ 'ਤੇ ਗ਼ੌਰ ਨਾਂ ਕੀਤਾ। ਉਪਰੰਤ ਅੱਧੇ ਘੰਟੇ ਬਾਅਦ ਸਾਨੂੰ ਪਤਾ ਲੱਗਾ ਕਿ ਇਹ ਅਸਲਾ ਲੈ ਕੇ ਸਾਡੇ ਪਿੰਡ ਵਿੱਚੋਂ ਦੀ ਲੰਘੇ ਹਨ ਅਤੇ ਫਿਰ ਦੁਬਾਰਾ ਸਾਨੂੰ ਇਨ੍ਹਾਂ ਦਾ ਫੋਨ ਆਇਆ ਅਤੇ ਕਿਹਾ ਕਿ 'ਆਜੋ ਹੁਣ ਕਿੱਥੇ ਲੁਕ ਕੇ ਬੈਠੇ ਹੋ ਜਾਂ ਫਿਰ ਅਸੀਂ ਤੁਹਾਡੇ ਘਰ ਹੀ ਆ ਜਾਈਏ'। ਇਨ੍ਹਾਂ ਦੇ ਸੱਦਣ ਦੇ ਬਾਵਜੂਦ ਵੀ ਅਸੀਂ ਨਹੀਂ ਗਏ ਪਰ ਕਿਤੇ ਘਰ ਵੱਲ ਨੂੰ ਨਾਂ ਆ ਜਾਣ ਇਸ ਲਈ ਅਸੀਂ ਆਪਣੇ ਬਚਾ ਲਈ ਕੁਝ ਬੰਦੇ ਇਕੱਠੇ ਕਰ ਲਏ। ਕੁਝ ਹੀ ਪਲਾਂ ਤੋਂ ਬਾਅਦ ਪੁਲਿਸ ਨੇ ਸਾਡੇ 'ਤੇ ਰੇਡ ਕਰ ਦਿੱਤੀ ਅਤੇ ਸਾਡੇ 9 ਬੰਦਿਆਂ ਨੂੰ ਚੁੱਕ ਲਿਆ। ਹਾਲਾਂਕਿ ਕੁਲਦੀਪ ਸਿੰਘ ਕੀਪਾ ਆਪਣੇ ਸਾਥੀਆਂ ਸਮੇਤ ਸਾਡੇ ਪਿੰਡ ਵਿਚ ਹੀ ਸਨ ਜਿਨ੍ਹਾਂ ਦੀ ਵੀਡਓ ਵੀ ਸਾਡੇ ਕੋਲ ਹੈ ਪਰ ਪੁਲਸ ਨੇ ਫਿਰ ਵੀ ਸਿਆਸੀ ਦਬਾਅ ਹੇਠ ਇਕ ਤਰਫ਼ਾ ਕਾਰਵਾਈ ਕਰਦੇ ਹੋਏ ਸਾਡੇ ਉਪਰ ਪਰਚੇ ਦਰਜ਼ ਕੀਤੇ ਗਏ।

ਇਸ ਬਾਰੇ ਥਾਣਾ ਮੁਖੀ ਸੁਖਦੇਵ ਸਿੰਘ ਦਾ ਕਹਿਣਾ ਸੀ ਕਿ ਮੌਕੇ ਤੋਂ ਫ਼ਰਾਰ ਹੋਏ ਵਿਅਕਤੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ ਜਦੋਂਕਿ ਸੰਨੀ ਉੱਪਰ ਪਹਿਲਾ ਵੀ ਮਾਮਲੇ ਦਰਜ਼ ਨੇ ਕਾਨੂੰਨ ਅਨੁਸਾਰ ਹੀ ਕਰਵਾਈ ਕੀਤੀ ਗਈ ਕਿਸੇ ਦਬਾਅ ਹੇਠ ਕੰਮ ਨਹੀਂ ਕੀਤਾ ਗਿਆ।
 


Harinder Kaur

Content Editor

Related News