ਬੇਮੌਸਮੀ ਬਰਸਾਤ! ਸ਼ਹਿਰ ’ਚ ਭਰਿਆ ਪਾਣੀ, ਪਾਣੀ ਨੇ ਵਧਾਈਆਂ ਲੋਕਾਂ ਦੀਆਂ ਮੁਸ਼ਕਿਲਾਂ

09/23/2018 8:25:01 AM

ਰੂਪਨਗਰ, (ਵਿਜੇ)- ਅੱਜ ਰੂਪਨਗਰ ’ਚ  ਪਏ ਮੀਂਹ ਨਾਲ ਸ਼ਹਿਰ ’ਚ ਤਾਪਮਾਨ ਡਿੱਗਣ ਨਾਲ ਮੌਸਮ ’ਚ ਠੰਡਕ ਵਧ ਗਈ। ਸਵੇਰੇ ਤੋਂ ਹੀ ਮੀਂਹ ਦਾ ਸਿਲਸਿਲਾ ਸ਼ੁਰੂ ਹੋ ਗਿਆ ਅਤੇ ਦੁਪਹਿਰ ਚਾਰ ਵਜੇ ਤੱਕ ਜਾਰੀ ਰਿਹਾ ਅਤੇ ਖਬਰ ਲਿਖੇ ਜਾਣ ਤੱਕ ਵੀ ਮੀਂਹ ਪੈ ਰਿਹਾ  ਸੀ।
 ਠੰਡ ਕਾਰਨ ਲੋਕਾਂ ਦੇ ਘਰਾਂ ’ਚ ਪੱਖੇ ਅਤੇ ਕੂਲਰ ਬੰਦ ਰਹੇ ਅਤੇ ਲੋਕਾਂ ਨੇ ਸੁਹਾਵਣੇ ਮੌਸਮ ਦਾ ਲੁਤਫ ਉਠਾਇਆ। ਹਾਲਾਂਕਿ ਸ਼ਹਿਰ ਦੇ ਹੇਠਲੇ ਇਲਾਕਿਆਂ ’ਚ ਡਰੇਨੇਜ਼ ਵਿਵਸਥਾ ਦੀਆਂ ਖਾਮੀਆਂ ਉਜਾਗਰ ਹੋਈਆਂ ਅਤੇ ਗਲੀਅਾਂ-ਮੁਹੱਲਿਆਂ ’ਚ  ਭਰਿਆ ਪਾਣੀ ਪ੍ਰੇਸ਼ਾਨੀਆਂ ’ਚ ਵਾਧਾ ਕਰ ਰਿਹਾ ਸੀ। ਸ਼ਹਿਰ ਦੇ ਜ਼ਿਆਦਾਤਰ ਸਕੂਲਾਂ ’ਚ ਪ੍ਰੀਖਿਆਵਾਂ ਚੱਲ ਰਹੀਆਂ ਹਨ ਅਤੇ ਸਕੂਲਾਂ ਦੇ ਬੱਚਿਆਂ ਨੂੰ ਸਕੂਲ ਪਹੁੰਚਣ ਅਤੇ ਵਾਪਸੀ ਸਮੇਂ ਮੀਂਹ ਦੇ ਕਾਰਨ ਪ੍ਰੇਸ਼ਾਨੀ ਝੱਲਣੀ ਪਈ। ਸਥਾਨਕ ਬੇਲਾ ਚੌਕ, ਬੇਲਾ ਰੋਡ ਮਾਰਗ, ਗਾਂਧੀ ਸਕੂਲ ਮਾਰਗ, ਪ੍ਰੀਤ ਕਾਲੋਨੀ ਵਰਗੇ ਇਲਾਕਿਆਂ ’ਚ ਮੀਂਹ ਦਾ ਪਾਣੀ ਜ਼ੋਰਾਂ ’ਤੇ ਵਗ ਰਿਹਾ ਸੀ। ਲੋਕ ਦਿਨ ਭਰ ਆਪਣੇ ਘਰਾਂ ’ਚ ਵਡ਼ੇ ਪਾਣੀ ਨੂੰ ਬਾਲਟੀਆਂ ਦੀ ਮਦਦ ਨਾਲ ਕੱਢਦੇ ਦੇਖੇ ਗਏ ਅਤੇ ਲੋਕਾਂ ਦੇ ਵਾਹਨ ਗਲੀਆਂ ’ਚ ਪਾਣੀ ਜਮ੍ਹਾ ਹੋਣ ਕਾਰਨ ਖਰਾਬ ਹੋ  ਗਏ। 
ਉਧਰ, ਗਿਆਨੀ ਜ਼ੈਲ ਸਿੰਘ ਨਗਰ, ਲਖਵਿੰਦਰ ਇਨਕਲੇਵ ਅਤੇ ਗ੍ਰੀਨ ਪੈਲੇਸ ਨੇਡ਼ੇ ਵੀ ਮੀਂਹ  ਦੇ ਪਾਣੀ ਨੇ ਸਮੱਸਿਆਵਾਂ ਵਧਾਈਆਂ। ਜ਼ਿਕਰਯੋਗ ਹੈ ਕਿ ਅੱਜ ਜ਼ਿਲਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਚੋਣਾਂ ਦੇ ਨਤੀਜੇ ਐਲਾਨੇ ਜਾਣੇ ਸਨ ਅਤੇ ਗਿਣਤੀ ਕੇਂਦਰਾਂ ਤੱਕ ਪਹੁੰਚਣ ਨੂੰ ਲੈ ਕੇ ਦੂਰ-ਦਰਾਜ ਤੋਂ ਪਹੁੰਚਣ ਵਾਲੇ ਅਮਲੇ ਨੂੰ ਮੀਂਹ ਦੇ ਕਾਰਨ ਮੁਸ਼ੱਕਤ ਦਾ ਸਾਹਮਣਾ ਕਰਨਾ ਪਿਆ। ਸ਼ਹਿਰ ਦੇ ਕਈ ਸਥਾਨਾਂ ’ਤੇ ਵੱਡੀਅਾਂ ਗਰਾਊਂਡਾਂ ’ਚ ਧਾਰਮਕ ਅਾਯੋਜਨ ਲਈ ਜੋ ਮਹਿੰਗੇ ਪੰਡਾਲ  ਅਤੇ ਲਾਈਟਾਂ ਦੇ ਪ੍ਰਬੰਧ ਕੀਤੇ ਗਏ ਸਨ, ਮੀਂਹ ਕਾਰਨ ਪੂਰੀ ਤਰ੍ਹਾਂ ਭਿੱਜ ਗਏ। ਕੁਲ ਮਿਲਾ ਕੇ ਮੀਂਹ ਨੇ ਭਾਵੇਂ ਗਰਮੀ ਤੋਂ ਰਾਹਤ ਪਹੁੰਚਾਉਣ ਦਾ ਕੰਮ ਕੀਤਾ ਪਰ ਦਿਨ ਭਰ ਮੀਂਹ ਦੇ ਪਾਣੀ ਦੀ ਸਮੱਸਿਆ ਨਾਲ ਲੋਕ ਜੂਝਦੇ ਵੀ ਨਜ਼ਰ ਆਏ। 
  ਰੂਪਨਗਰ, (ਕੈਲਾਸ਼)-ਰੂਪਨਗਰ ਸ਼ਹਿਰ ’ਚ ਅੱਜ ਪਏ ਮੀਂਹ ਕਾਰਨ ਜਿੱਥੇ ਅੱਜ ਚਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਸੀ ਉਥੇ ਸਡ਼ਕਾਂ ਦੇ ਤਲਾਬ ਦਾ ਰੂਪ ਧਾਰਨ ਕਰਨ ਨਾਲ  ਵਾਹਨਾਂ ਚਾਲਕ ਪ੍ਰੇਸ਼ਾਨ ਹੋਏ। ਅਜਿਹਾ ਆਲਮ ਅੱਜ ਘੰਟਿਆਂ ਤੱਕ ਦੇਖਣ ਨੂੰ ਮਿਲਿਆ। ਇਸ ਦੇ ਨਾਲ ਹੀ ਸ਼ਹਿਰ ਦੇ ਕਈ ਭਾਗਾਂ ਦੀ ਬਿਜਲੀ ਗੁੱਲ ਰਹੀ ਅਤੇ ਦਿਨੇ ਹੀ ਹਨੇਰਾ ਛਾਇਆ ਰਿਹਾ। ਭਾਰੀ ਮੀਂਹ ਕਾਰਨ ਅੱਜ ਸ਼ਹਿਰ ਦੇ ਬਾਜ਼ਾਰਾਂ ’ਚ ਕਾਫੀ ਦੁਕਾਨਾਂ ਬੰਦ ਹੋ ਗਈਆਂ ਉਥੇ ਕੁਝ ਦੁਕਾਨਾਂ ’ਚ ਮੀਂਹ ਦਾ ਪਾਣੀ ਵੜ ਜਾਣ ਕਾਰਨ ਦੁਕਾਨਦਾਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।  ਲਗਾਤਾਰ ਤੇਜ਼ ਮੀਂਹ ਕਾਰਨ  ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ। ਮੀਂਹ  ਕਾਰਨ  ਸਕੂਲ ਦੇ ਬੱਚੇ ਛੁੱਟੀ ਸਮੇਂ  ਮੀਂਹ ਦੇ ਰੁਕਣ ਦੀ ਇੰਤਜ਼ਾਰ ਕਰਦੇ ਦੇਖੇ ਗਏ। ਰਾਮ ਲੀਲਾ ਗਰਾਊਂਡ ਰੋਡ, ਪਬਲਿਕ ਕਾਲੋਨੀ, ਪ੍ਰੀਤ ਕਾਲੋਨੀ, ਰਣਜੀਤ ਅੈਵੇਨਿਊ ਆਦਿ ਮਾਰਗਾਂ ’ਤੇ ਪਾਣੀ  ਕਾਫੀ ਮਾਤਰਾ ’ਚ ਜਮ੍ਹਾ ਹੋ ਗਿਆ।
 ਨਵਾਂਸ਼ਹਿਰ,  (ਤ੍ਰਿਪਾਠੀ)- ਨਵਾਂਸ਼ਹਿਰ ਅਤੇ ਆਸ-ਪਾਸ ਦੇ ਖੇਤਰ ਵਿਚ ਅੱਜ ਪੂਰਾ ਦਿਨ ਪਏ ਮੀਂਹ ਨਾਲ ਜਿੱਥੇ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਗਈ। ਉੱਥੇ ਅੱਜ ਪੂਰਾ ਦਿਨ ਪਏ ਮੀਂਹ ਅਤੇ ਅਗਲੇ 2 ਦਿਨਾਂ ਤੱਕ ਅਜਿਹਾ ਹੀ ਮੌਸਮ ਬਣੇ ਰਹਿਣ ਕਾਰਨ ਕਿਸਾਨ ਪ੍ਰੇਸ਼ਾਨ ਹਨ। 
ਇੱਥੇ ਦੱਸਣਯੋਗ ਹੈ ਮੌਸਮ ਵਿਭਾਗ ਦੇ ਮਾਹਿਰਾਂ ਵੱਲੋਂ 22 ਤੋਂ 24 ਸਤੰਬਰ ਤੱਕ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਸੀ। ਅੱਜ ਸਵੇਰ ਹੁੰਦੇ ਹੀ ਮੀਂਹ ਪੈਣਾ ਸ਼ੁਰੂ ਹੋ ਗਿਆ ਸੀ ਜਿਹਡ਼ਾ ਕਿ ਸ਼ਾਮ ਤਕ ਜਾਰੀ ਸੀ। ਦਿਨ ਭਰ ਪਏ ਮੀਂਹ ਨਾਲ  ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ  ਕੀਤੀ ਉੱਥੇ ਸ਼ਹਿਰ ਦੇ ਕਈ ਮੁਹੱਲੇ ਜਿੱਥੇ ਸਡ਼ਕਾਂ ਕੱਚੀਆ ਜਾਂ ਨੀਵੇਂ ਪਾਸ ਹਨ ’ਚ ਮੀਂਹ ਦਾ ਪਾਣੀ ਇਕੱਠਾ ਹੋ ਗਿਆ। ਸਕੂਲਾਂ ਨੂੰ ਆਉਣ ਜਾਣ ਵਾਲੇ ਵਿਦਿਆਰਥੀਆਂ ਨੂੰ ਵੀ ਮੀਂਹ ਵਿਚ ਭਿਜਣ ਲਈ ਮਜਬੂਰ ਹੋਣਾ ਪਿਆ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਥੱਲੇ ਦਾ ਤਾਪਮਾਨ 22 ਅਤੇ ਉੱਚ ਤਾਪਮਾਨ 25 ਡਿਗਰੀ ਨੋਟ ਕੀਤਾ ਗਿਆ। 
  ਝੋਨੇ ਦੀ ਫਸਲ  ਹੁਣ ਪੱਕਣ ਵਾਲੀ ਹੈ ਮੀਂਹ ਪੈਣ ਕਾਰਨ ਕਿਸਾਨਾਂ ਦੀ ਚਿੰਤਾ ਵੱਧ ਗਈ ਹੈ। ਤੇਜ਼ ਮੀਂਹ ਪੱਕਣਯੋਗ ਫਸਲ ਲਈ ਨੁਕਸਾਨਦਾਇਕ ਦੱਸਿਆ ਜਾ ਰਿਹਾ ਹੈ। ਕਿਸਾਨ ਆਗੂ ਸੁਰਿੰਦਰ ਸਿੰਘ ਬੈਂਸ, ਪਰਮਜੀਤ ਸਿੰਘ ਪੰਮਾ ਅਤੇ ਚਮਨ ਸਿੰਘ ਨੇ ਦੱਸਿਆ ਕਿ ਇਸ ਵਕਤ ਮੀਂਹ ਝੋਨੇ ਦੀ ਫਸਲ ਲਈ ਠੀਕ ਨਹੀਂ ਹੈ ਅਤੇ ਇਸ ਨਾਲ ਫਸਲ ਨੂੰ ਨੁਕਸਾਨ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।