ਅੰਡਰ ਬ੍ਰਿਜ ਦੀ ਮਿੱਟੀ ਦੀ ਢਿੱਗ ਡਿੱਗਣ ਨਾਲ ਹੇਠਾਂ ਆਏ 3 ਮਜ਼ਦੂਰ, ਇਕ ਦੀ ਮੌਤ

02/12/2020 11:34:40 PM

ਬੰਗਾ,(ਚਮਨ ਲਾਲ/ਰਾਕੇਸ਼ ਅਰੋੜਾ)-ਪਿੰਡ ਖਟਕੜ ਕਲਾਂ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਰੇਲਵੇ ਵਿਭਾਗ ਵੱਲੋਂ ਉਸਾਰੀ ਅਧੀਨ ਬਣਾਏ ਜਾ ਰਹੇ ਬ੍ਰਿਜ ਦੀ ਪੁੱਟੀ ਗਈ ਮਿੱਟੀ ਦੀ ਢਿੱਗ ਢਿੱਗਣ ਕਾਰਨ ਤਿੰਨ ਮਜ਼ਦੂਰਾਂ ਦੇ ਹੇਠਾ ਆਉਣ ਨਾਲ ਇਕ ਦੀ ਮੌਕੇ 'ਤੇ ਮੌਤ ਹੋ ਗਈ ਤੇ ਦੋ ਵਿਅਕਤੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਰੇਲਵੇ ਵਿਭਾਗ ਵੱਲੋਂ ਪਿੰਡ ਖਟਕੜ ਕਲ੍ਹਾਂ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਜੇਜੋ ਤੋਂ ਜਲੰਧਰ ਜਾ ਰਹੀ ਰੇਲਵੇ ਲਾਈਨ 'ਤੇ ਅੰਡਰ ਬ੍ਰਿਜ ਬਣਾਇਆ ਜਾ ਰਿਹਾ ਹੈ, ਜਿਸ ਦੌਰਾਨ ਇਸ ਕੰਮ ਨੂੰ ਪੂਰਾ ਕਰਨ ਲਈ ਰੇਲਵੇ ਵੱਲੋਂ ਕਿਸੇ ਨਿੱਜੀ ਕੰਪਨੀ ਨੂੰ ਠੇਕਾ ਦਿੱਤਾ ਗਿਆ ਹੈ, ਜਿਸ ਦੁਆਰਾ ਉਕਤ ਬ੍ਰਿਜ ਦੀ ਉਸਾਰੀ ਲਈ ਮਸ਼ੀਨਾ ਲਾ ਕੇ ਮਿੱਟੀ ਦੀ ਖੁਦਾਈ ਕੀਤੀ ਗਈ ਸੀ ਤੇ ਮਿੱਟੀ ਨੂੰ ਪੁੱਲ ਬਣਾਉਣ ਲਈ ਸਾਇਡਾ 'ਤੇ ਇੱਕਠਾ ਕੀਤਾ ਗਿਆ ਸੀ, ਜਿਸ ਦੌਰਾਨ ਕੁਝ ਕੁ ਮਿੱਟੀ ਰਸਤੇ 'ਚ ਆਉਣ ਕਾਰਨ ਉਸਨੂੰ ਪਾਸੇ ਕਰਨ ਲਈ ਤਿੰਨ ਮਜ਼ਦੂਰ ਕੰਮ ਕਰ ਰਹੇ ਸਨ ।
ਅਚਾਨਕ ਸਾਇਡਾ 'ਤੇ ਇੱਕਠੀ ਕੀਤੀ ਗਈ ਮਿੱਟੀ ਦੀ ਇਕ ਢਿੱਗ ਉਨ੍ਹਾਂ ਉਪਰ ਆ ਡਿੱਗੀ। ਜਿਸ ਨਾਲ ਉਹ ਤਿੰਨੇ ਮਜ਼ਦੂਰ ਉਕਤ ਡਿੱਗ ਹੇਠਾ ਆ ਗਏ, ਜਿਨ੍ਹਾਂ 'ਚੋਂ ਦੋ ਮਜ਼ਦੂਰਾਂ ਨੂੰ ਤਾਂ ਮੌਕੇ 'ਤੇ ਖੜੀ ਹੋਰ ਲੇਬਰ ਦੁਆਰਾ ਮਿੱਟੀ ਨੂੰ ਜਲਦੀ ਨਾ ਪਿੱਛੇ ਕਰ ਕੇ ਕੱਢ ਲਿਆ ਜਦੋਂਕਿ ਇਕ ਮਜ਼ਦੂਰ ਜੋ ਮਿੱਟੀ ਹੇਠਾਂ ਕਾਫੀ ਡੂੰਘਾਈ 'ਚ ਫਸ ਗਿਆ, ਜਿਸ ਨੂੰ ਰਿਕਵਰੀ ਵੈਨ ਦੀ ਮਦਦ ਨਾਲ ਕੱਢਿਆ ਗਿਆ, ਪਰ ਉਦੋਂ ਤੱਕ ਉਹ ਦਮ ਤੋੜ ਚੁੱਕਾ ਸੀ। ਮ੍ਰਿਤਕ ਮਜ਼ਦੂਰ ਦੀ ਪਹਿਚਾਣ ਸੁਰਜੀਤ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਨਾਰੰਗ ਵਾਲ ਲੁਧਿਆਣਾ ਦੇ ਤੌਰ 'ਤੇ ਹੋਈ ਹੈ।ਦੁਰਘਟਨਾ ਦੀ ਸੂਚਨਾ ਮਿਲਦੇ ਮੌਕੇ 'ਤੇ ਪਹਿਲਾ ਸਦਰ ਬੰਗਾ ਪੁਲਸ ਦੀ ਟੀਮ ਪਹੁੰਚ ਗਈ ਪਰ ਮਾਮਲਾ ਰੇਲਵੇ ਪੁਲਸ ਨਾਲ ਸਬੰਧਤ ਹੋਣ ਕਾਰਨ ਨਵਾਂਸ਼ਹਿਰ ਰੇਲਵੇ ਪੁਲਸ ਦੇ ਅਧਿਕਾਰੀ ਮੌਕੇ 'ਤੇ ਪੁੱਜ ਗਏ ਜਿਨ੍ਹਾਂ ਨੇ ਮ੍ਰਿਤਕ ਸੁਰਜੀਤ ਸਿੰਘ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।


Related News