ਟਾਂਡਾ ਪੁਲਸ ਨੇ ਮੋਟਰਸਾਈਕਲ ਚੋਰੀ ਕਰਨ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਕੀਤਾ ਗ੍ਰਿਫਤਾਰ

06/10/2020 12:12:57 AM

ਟਾਂਡਾ ਉੜਮੁੜ,(ਵਰਿੰਦਰ ਪੰਡਿਤ,ਮੋਮੀ, ਸ਼ਰਮਾ) -ਟਾਂਡਾ ਪੁਲਸ ਨੇ ਵੱਖ-ਵੱਖ ਇਲਾਕਿਆਂ 'ਚੋਂ ਮੋਟਰਸਾਈਕਲ ਚੋਰੀ ਕਰਨ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। | ਥਾਣਾ ਮੁਖੀ ਇੰਸਪੈਕਟਰ ਹਰਗੁਰਦੇਵ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲਸ ਮੁਖੀ ਗੌਰਵ ਗਰਗ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਡੀ. ਐੱਸ. ਪੀ. ਟਾਂਡਾ ਗੁਰਪ੍ਰੀਤ ਸਿੰਘ ਗਿੱਲ ਦੀ ਯੋਗ ਅਗਵਾਈ 'ਚ ਸਮਾਜ ਵਿਰੋਧੀ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਟਾਂਡਾ ਪੁਲਸ ਨੇ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਐੱਸ.ਆਈ. ਅਜੀਤ ਸਿੰਘ, ਥਾਣੇਦਾਰ ਜਸਪਾਲ ਸਿੰਘ, ਮਨੋਹਰ ਲਾਲ ਦੀ ਟੀਮ ਵੱਲੋਂ ਕਾਬੂ ਕੀਤੇ ਗਏ। ਮੁਲਜ਼ਮਾਂ ਦੀ ਪਛਾਣ ਜੋਬਨਪ੍ਰੀਤ ਸਿੰਘ ਪੁੱਤਰ ਗੁਰਦਿਆਲ ਸਿੰਘ ਨਿਵਾਸੀ ਕਾਲੇਕੇ (ਖਲਚੀਆਂ) ਅੰਮ੍ਰਿਤਸਰ ਅਤੇ ਅਮਰਨਾਥ ਪੁੱਤਰ ਮਲੂਕ ਨਾਥ ਨਿਵਾਸੀ ਜਸਪਾਲ (ਖਲਚੀਆਂ) ਅੰਮ੍ਰਿਤਸਰ ਦੇ ਰੂਪ 'ਚ ਹੋਈ ਹੈ। ਉਨ੍ਹਾਂ ਦੱਸਿਆ ਕਿ ਜਦੋਂ ਟਾਂਡਾ ਪੁਲਸ ਦੀ ਟੀਮ ਰੜਾ ਮੋੜ ਨਜ਼ਦੀਕ ਮੌਜੂਦ ਸੀ ਤਾਂ ਕਿਸੇ ਖ਼ਾਸ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਉਕਤ ਮੁਲਜ਼ਮ ਜੋ ਆਪਣੇ ਸਾਥੀਆਂ ਨਾਲ ਮਿਲ ਕੇ ਵੱਖ ਵੱਖ ਇਲਾਕਿਆਂ ਤੋਂ ਮੋਟਰਸਾਈਕਲ ਚੋਰੀ ਕਰਦੇ ਹਨ ਅਤੇ ਉਨ੍ਹਾਂ ਦਾ ਨੰਬਰ ਬਦਲ ਕੇ ਲੋਕਾਂ ਨੂੰ ਸਸਤੇ ਰੇਟਾਂ ਵਿਚ ਵੇਚ ਦਿੰਦੇ ਹਨ ਅਤੇ ਅੱਜ ਵੀ ਉਹ ਟਾਂਡਾ ਵਾਲੀ ਸਾਈਡ ਤੋਂ ਬਿਆਸ ਦਰਿਆ ਪੁਲ ਵੱਲ ਜਾ ਰਹੇ ਹਨ।

ਪੁਲਸ ਦੀ ਟੀਮ ਨੇ ਜਦੋਂ ਸੂਚਨਾ ਦੇ ਆਧਾਰ ਤੇ ਰੜਾ ਮੋੜ ਨਜ਼ਦੀਕ ਪੁੱਖਤਾ ਨਾਕਾਬੰਦੀ ਕੀਤੀ ਹੋਈ ਸੀ ਤਾਂ ਉਕਤ ਮੁਲਜ਼ਮ ਪੁਲਸ ਟੀਮ ਨੂੰ ਦੇਖ ਕੇ ਅਚਾਨਕ ਜਦੋਂ ਪਿੱਛੇ ਮੁੜ ਕੇ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਉਨ੍ਹਾਂ ਦਾ ਮੋਟਰਸਾਈਕਲ ਸਲਿੱਪ ਹੋਣ ਕਾਰਨ ਦੋਨੋਂ ਸੜਕ 'ਤੇ ਡਿੱਗ ਪਏ। ਟਾਂਡਾ ਪੁਲਸ ਨੇ ਦੋਨਾਂ ਨੂੰ ਕਾਬੂ ਕਰਕੇ ਦੋਨਾਂ ਦੇ ਕਬਜ਼ੇ ਵਿਚੋਂ ਚੋਰੀਸ਼ੁਦਾ ਮੋਟਰਸਾਈਕਲ ਬਰਾਮਦ ਕਰਕੇ ਦੋਵਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਨੇ ਦੱਸਿਆ ਕਿ ਦੋਵਾਂ ਕੋਲੋਂ ਪੁੱਛਗਿਛ ਦੌਰਾਨ ਗਿਰੋਹ ਦੇ ਹੋਰ ਮੈਂਬਰਾਂ ਦੀ ਜਾਣਕਾਰੀ ਦੇ ਨਾਲ ਨਾਲ ਚੋਰੀ ਦੀਆਂ ਵਾਰਦਾਤਾਂ ਦੇ ਖੁਲਾਸੇ ਹੋਣ ਦੀ ਸੰਭਾਵਨਾ ਹੈ। | 

Deepak Kumar

This news is Content Editor Deepak Kumar