ਦਿਹਾੜੀ ਲਾਉਣ ਨਿਕਲੇ 2 ਦੋਸਤਾਂ ਦੀ ਲੂਨਾ ਨੂੰ ਟੈਕਸੀ ਨੇ ਮਾਰੀ ਟੱਕਰ, ਇਕ ਦੀ ਮੌਤ

01/11/2019 6:28:51 AM

ਜਲੰਧਰ,   (ਵਰੁਣ)-   ਅਰਬਨ ਅਸਟੇਟ ਫੇਜ਼-2 ’ਚ ਲਾਈਟਾਂ ਵਾਲੇ  ਚੌਕ ਨੇੜੇ ਤੇਜ਼ ਰਫਤਾਰ ਕਾਰ ਨੇ ਦਿਹਾੜੀ ਲਾਉਣ ਜਾ ਰਹੇ 2 ਦੋਸਤਾਂ ਦੀ ਲੂਨਾ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਲੂਨਾ ਦੇ ਪਿੱਛੇ ਬੈਠਾ ਵਿਅਕਤੀ  ਹਵਾ ’ਚ ਉੱਛਲ ਕੇ   ਕਾਰ  ਦੇ ਫਰੰਟ ਸ਼ੀਸ਼ੇ ’ਤੇ ਆ ਡਿੱਗਾ ਅਤੇ ਸ਼ੀਸ਼ਾ ਉਸ ਦੇ ਸਿਰ ’ਤੇ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ  ਕਾਰ ਚਾਲਕ ਕਾਰ ਛੱਡ ਕੇ ਫਰਾਰ ਹੋ  ਗਿਆ।
ਥਾਣਾ-7 ਦੇ ਮੁਖੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਾਬੋਵਾਲ ਪਿੰਡ ਦੇ ਰਹਿਣ ਵਾਲੇ ਕਪੂਰ ਸਿੰਘ ਪਿੰਡ ਦੇ ਹੀ  ਸਤਨਾਮ ਸਿੰਘ ਦੀ ਲੂਨਾ ਦੇ ਪਿੱਛੇ ਬੈਠ ਕੇ ਕੰਮ ’ਤੇ ਜਾ ਰਿਹਾ ਸੀ। ਦੋਵੇਂ ਦਿਹਾੜੀ ਦਾ ਕੰਮ ਕਰਦੇ ਸਨ। ਜਿਉਂ ਹੀ ਉਹ ਅਰਬਨ ਅਸਟੇਟ ਫੇਜ਼-2 ’ਚ ਲਾਈਟਾਂ ਵਾਲੇ  ਚੌਕ ਨੇੜੇ ਲਾਈਟਾਂ ਕਰਾਸ ਕਰਨ ਲੱਗੇ ਤਾਂ ਤੇਜ਼ ਰਫਤਾਰ ਸ਼ੈਵਰਲੇਟ ਕਾਰ ਨੇ ਉਨ੍ਹਾਂ ਦੀ ਲੂਨਾ ਨੂੰ ਟੱਕਰ ਮਾਰ ਦਿੱਤੀ। 
ਟੱਕਰ ਇੰਨੀ ਭਿਆਨਕ ਸੀ ਕਿ ਲੂਨਾ ਦੇ ਪਿੱਛੇ ਬੈਠਾ  ਕਪੂਰ  ਸਿੰਘ  ਹਵਾ ’ਚ ਉੱਡ ਕੇ ਕਾਰ ਦੇ ਫਰੰਟ ਸ਼ੀਸ਼ੇ ’ਤੇ ਜਾ ਡਿੱਗਿਆ ਅਤੇ ਸ਼ੀਸ਼ਾ ਟੁੱਟ ਗਿਆ। ਉਸ ਦਾ ਸਿਰ ਸ਼ੀਸ਼ੇ ’ਚ ਲੱਗਣ ਕਾਰਨ ਉਹ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ।  ਲੂਨਾ ਚਲਾ ਰਹੇ ਸਤਨਾਮ ਨੂੰ ਵੀ ਕਾਫੀ ਸੱਟਾਂ ਲੱਗੀਆਂ। ਹਾਦਸੇ  ਦੇ ਸਮੇਂ ਕਪੂਰ ਸਿੰਘ ਦਾ ਬੇਟਾ ਕਮਲਜੀਤ ਵੀ ਨੇੜੇ ਹੀ ਸੀ ਅਤੇ ਉਸ  ਨੇ ਆਪਣੇ ਬਾਪ ਨੂੰ ਰਾਹਗੀਰਾਂ ਦੀ ਮਦਦ ਨਾਲ  ਇਲਾਜ ਲਈ ਹਸਪਤਾਲ ਲੈ ਕੇ ਗਿਆ। ਜਦ ਕਿ ਕਾਰ ਚਾਲਕ ਮੌਕੇ ਦਾ ਫਾਇਦਾ ਚੁੱਕ ਕੇ  ਭੱਜ ਗਿਆ।  ਡਾਕਟਰਾਂ ਨੇ ਕੁੱਝ  ਹੀ ਸਮੇਂ ’ਚ ਕਪੂਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ।
ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ 7 ਦੀ ਪੁਲਸ ਵੀ ਮੌਕੇ ’ਤੇ ਪੁੱਜ ਗਈ ਅਤੇ ਪੁਲਸ  ਨੇ ਕਾਰ  ਨੂੰ ਆਪਣੇ  ਕਬਜ਼ੇ ’ਚ ਲੈ ਲਿਆ ਹੈ। ਇੰਸ. ਗੁਰਪ੍ਰੀਤ  ਸਿੰਘ  ਦਾ ਕਹਿਣਾ ਹੈ ਕਿ ਮ੍ਰਿਤਕ ਦੇ ਬੇਟੇ ਦੇ ਬਿਆਨਾਂ ’ਤੇ ਅਣਪਛਾਤੇ ਕਾਰ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ  ਰਖਵਾ ਦਿੱਤਾ ਹੈ। ਪੁਲਸ ਅਨੁਸਾਰ ਕਾਰ ਦੇ ਨੰਬਰ ਤੋਂ ਜਲਦੀ ਹੀ ਕਾਰ  ਚਾਲਕ ਨੂੰ ਕਾਬੂ ਕਰ ਲਿਆ ਜਾਵੇਗਾ। ਸਤਨਾਮ ਸਿੰਘ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।