ਸੜਕ ਹਾਦਸਿਆਂ ’ਚ ਅੱਧੀ ਦਰਜਨ ਵਾਹਨ ਨੁਕਸਾਨੇ 2 ਵਿਅਕਤੀ ਜ਼ਖਮੀ

07/20/2019 12:13:55 AM

ਘਨੌਲੀ, (ਸ਼ਰਮਾ)- 2 ਵੱਖ-ਵੱਖ ਹਾਦਸਿਆਂ ’ਚ ਕਰੀਬ ਅੱਧਾ ਦਰਜਨ ਵਾਹਨਾਂ ਦੇ ਨੁਕਸਾਨੇ ਜਾਣ ਅਤੇ 2 ਵਿਅਕਤੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ। ਪਹਿਲਾ ਹਾਦਸਾ ਉਦੋਂ ਵਾਪਰਿਆ ਜਦੋਂ ਦਿਲਪ੍ਰੀਤ ਸਿੰਘ ਪੁੱਤਰ ਧਰਮਿੰਦਰ ਸਿਘ ਵਾਸੀ ਗੱਜਪੁਰ ਆਪਣੇ ਮੋਟਰਸਾਈਕਲ ’ਤੇ ਰੂਪਨਗਰ ਵੱਲ ਆ ਰਿਹਾ ਸੀ ਤੇ ਉਸ ਦਾ ਮੋਟਰਸਾਈਕਲ ਸਰਸਾ ਨੰਗਲ ਦੇ ਪੁਲ ਨੇਡ਼ੇ ਸਲਿੱਪ ਹੋ ਗਿਆ ਤੇ ਉਹ ਸਡ਼ਕ ਵੱਲ ਡਿੱਗ ਪਿਆ ਪਿੱਛੋਂ ਆ ਰਹੀ ਕਾਰ ਦੇ ਚਾਲਕ ਨੇ ਨੌਜਵਾਨ ਨੂੰ ਚੁੱਕਣ ਲਈ ਕਾਰ ਰੋਕੀ ਤੇ ਉਸ ਦੇ ਪਿੱਛੇ ਆ ਰਹੀ ਹਿਮਾਚਲ ਡਿਪੂ ਦੀ ਬੱਸ ਦੇ ਚਾਲਕ ਨੇ ਨੌਜਵਾਨ ਨੂੰ ਬਚਾਉਣ ਦੇ ਚੱਕਰ ਵਿਚ ਬੱਸ ਨੂੰ ਦੂਜੇ ਪਾਸੇ ਲਿਜਾਣ ਦੀ ਕੋਸ਼ਿਸ਼ ਕੀਤੀ ਪਰ ਬੱਸ ਕਾਰ ਦੇ ਪਿੱਛੇ ਟਕਰਾਅ ਗਈ। ਜਿਸ ਕਾਰਣ ਕਾਰ ਚਾਲਕ ਅਤੇ ਉਸ ਵਿਚ ਸਵਾਰ ਉਸ ਦੇ ਪਿਤਾ ਤਾਂ ਵਾਲ-ਵਾਲ ਬਚ ਗਏ ਪਰ ਕਾਰ ਨੁਕਸਾਨੀ ਗਈ। ਭਰਤਗਡ਼੍ਹ ਪੁਲਸ ਨੇ ਜਿੱਥੇ ਜ਼ਖਮੀ ਮੋਟਰਸਾਈਕਲ ਚਾਲਕ ਨੌਜਵਾਨ ਨੂੰ ਹਸਪਤਾਲ ਭਰਤੀ ਕਰਵਾਇਆ ਉੱਥੇ ਹੀ ਵਾਹਨਾਂ ਨੂੰ ਕਬਜ਼ੇ ਵਿਚ ਲੈਕੇ ਕਾਰਵਾਈ ਸ਼ੁਰੂ ਕਰ ਦਿੱਤੀ।

ਇਸੇ ਤਰ੍ਹਾਂ ਦੂਜਾ ਸਡ਼ਕ ਹਾਦਸਾ ਰਾਸ਼ਟਰੀ ਮਾਰਗ 21(205) ’ਤੇ ਘਨੌਲੀ ਬੱਸ ਸਟੈਂਡ ’ਤੇ ਵਾਪਰਿਆ ਜਿਸ ਵਿਚ ਰੂਪਨਗਰ ਵੱਲ ਤੋਂ ਆ ਰਹੀ ਕਾਰ ਅੱਗੇ ਜਾ ਰਹੇ ਐਕਟਿਵਾ, ਥ੍ਰੀ-ਵ੍ਹੀਲਰ ਅਤੇ ਖਡ਼੍ਹੀ ਅਣਪਛਾਤੀ ਮਹਿੰਦਰਾ ਪਿਕਅਪ ਵਿਚ ਟਕਰਾ ਗਏ। ਮਹਿੰਦਰਾ ਪਿਕਅਪ ਵਾਲਾ ਤਾਂ ਆਪਣੀ ਗੱਡੀ ਭਜਾ ਕੇ ਲੈ ਗਿਆ ਪਰ ਕਾਰ, ਐਕਟਿਵਾ ਅਤੇ ਥ੍ਰੀ-ਵ੍ਹੀਲਰ ਦੇ ਹਾਦਸਾਗ੍ਰਸਤ ਹੋਣ ਦੇ ਨਾਲ-ਨਾਲ ਐਕਟਿਵਾ ਚਾਲਕ ਰਾਧੇਸ਼ਾਮ (ਗਣਪਤੀ ਹੋਟਲ ਵਾਲੇ) ਵਾਸੀ ਘਨੌਲੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਸੂਚਨਾ ਮਿਲਦੇ ਹੀ ਪੁਲਸ ਚੌਕੀ ਘਨੌਲੀ ਦੇ ਇੰਚਾਰਜ ਸਬ-ਇੰਸਪੈਕਟਰ ਬਲਵੀਰ ਸਿੰਘ ਆਪਣੀ ਟੀਮ ਨਾਲ ਤੁਰੰਤ ਹਾਦਸੇ ਵਾਲੀ ਥਾਂ ’ਤੇ ਪਹੁੰਚ ਗਏ। ਪੁਲਸ ਵੱਲੋਂ ਬਡ਼ੀ ਮੁਸਤੈਦੀ ਨਾਲ ਕੰਮ ਲੈਂਦੇ ਹੋਏ ਹਾਈਵੇ ਵੈਨ ਨੰਬਰ 12 ਵਿਚ ਜ਼ਖਮੀਆਂ ਨੂੰ ਸਿਵਲ ਹਸਪਤਾਲ ਰੂਪਨਗਰ ਭੇਜ ਦਿੱਤਾ। ਹਾਈਵੇ ਪੁਲਸ ਦੇ ਏ.ਐੱਸ.ਆਈ. ਪਰਮਜੀਤ ਸਿੰਘ ਨੇ ਦੱਸਿਆ ਕਿ ਹਸਪਤਾਲ ਵਿਚ ਜ਼ਖਮੀ ਰਾਧੇਸ਼ਾਮ ਦੇ ਪਰਿਵਾਰਕ ਮੈਂਬਰ ਤਾਂ ਪਹੁੰਚ ਗਏ ਸੀ ਪਰ ਉਸ ਦੀ ਹਾਲਤ ਗੰਭੀਰ ਹੋਣ ਕਾਰਣ ਉਸ ਨੂੰ ਪੀ.ਜੀ.ਆਈ. ਚੰਡੀਗਡ਼੍ਹ ਲਈ ਰੈਫਰ ਕਰ ਦਿੱਤਾ। ਪੁਲਸ ਨੇ ਵਾਹਨਾਂ ਨੂੰ ਕਬਜ਼ੇ ਵਿਚ ਲੈ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ।

Bharat Thapa

This news is Content Editor Bharat Thapa