ਲੁੱਟ-ਖੋਹ ਦੀਆਂ ਅੱਧੀ ਦਰਜਨ ਤੋਂ ਵੱਧ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ 2 ਦੋਸ਼ੀ ਗ੍ਰਿਫਤਾਰ

06/23/2020 1:00:42 AM

ਨਵਾਂਸ਼ਹਿਰ, (ਤ੍ਰਿਪਾਠੀ)- ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਨੇ ਲੁੱਟ ਖੋਹ ਦੀਆਂ ਵੱਖ-ਵੱਖ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ 2 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਤੋਂ ਲੁੱਟ ਦੇ ਗਹਿਣੇ, ਪਿਸਤੌਲ ਅਤੇ ਤੇਜ਼ਦਾਰ ਹਥਿਆਰ ਬਰਾਮਦ ਕੀਤੇ ਹਨ, ਜਦਕਿ ਤੀਜੇ ਸਾਥੀ ਨੂੰ ਗ੍ਰਿਫਤਾਰ ਕਰਨ ਲਈ ਪੁਲਸ ਨੇ ਛਾਪੇਮਾਰੀ ਕਰ ਰਹੀ ਹੈ। ਉਪਰੋਕਤ ਗ੍ਰਿਫਤਾਰੀਆਂ ਦੇ ਚੱਲਦੇ ਪੁਲਸ ਨੇ ਥਾਣਾ ਸਿਟੀ ਨਵਾਂਸ਼ਹਿਰ ਵਿਖੇ ਵਾਪਰੇ ਲੁੱਟ ਖੋਹ ਅਤੇ ਆਰਮ ਐਕਟ ਸਣੇ 3 ਮਾਮਲੇ ਅਤੇ ਗਡ਼੍ਹਸ਼ੰਕਰ ਬੰਗਾ ਨਾਲ ਸਬੰਧਤ ਕਰੀਬ ਅੱਧੀ ਦਰਜਨ ਤੋਂ ਵੱਧ ਮਾਮਲਿਆਂ ਨੂੰ ਟ੍ਰੇਸ ਕਰਨ ’ਚ ਸਫਲਤਾ ਹਾਸਲ ਕੀਤੀ ਹੈ।

ਐੱਸ.ਐੱਸ.ਪੀ. ਅਲਕਾ ਮੀਨਾ ਦੇ ਨਿਰਦੇਸ਼ਾਂ ’ਤੇ ਐੱਸ.ਪੀ.(ਜਾਂਚ) ਵਜੀਰ ਸਿੰਘ ਖਹਿਰਾ, ਡੀ.ਐੱਸ.ਪੀ. (ਜਾਂਚ) ਹਰਜੀਤ ਸਿੰਘ ਅਤੇ ਡੀ.ਐੱਸ.ਪੀ. (ਸਬ ਡਵੀਜਨ) ਹਰਨੀਲ ਸਿੰਘ ਦੀ ਅਗਵਾਈ ਹੇਠ ਗਠਿਤ ਖਾਸ ਟੀਮ ਨੂੰ ਉਸ ਸਮੇਂ ਭਾਰੀ ਸਫਲਤਾ ਮਿਲੀ ਜਦੋਂ ਥਾਣਾ ਸਿਟੀ ਨਵਾਂਸ਼ਹਿਰ ਦੇ ਐੱਸ.ਐੱਚ.ਓ. ਇੰਸਪੈਕਟਰ ਕੁਲਜੀਤ ਸਿੰਘ, ਐੱਸ.ਆਈ. ਨੀਰਜ ਚੌਧਰੀ ਅਤੇ ਏ.ਐੱਸ.ਆਈ. ਜਸਵਿੰਦਰ ਸਿੰਘ ’ਤੇ ਅਧਾਰਿਤ ਟੀਮ ਨੇ ਲੁੱਟ ਖੋਹ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਮੁੱਖ ਦੋਸ਼ੀ ਧਰਮਪਾਲ ਉਰਫ ਕਾਕਾ ਪੁੱਤਰ ਕਰਤਾਰ ਚੰਦ ਵਾਸੀ ਨਵਾਂਸ਼ਹਿਰ ਨੂੰ ਉਸਦੇ ਇਕ ਸਾਥੀ ਸਣੇ ਗ੍ਰਿਫਤਾਰ ਕੀਤਾ।

ਐੱਸ.ਪੀ. ਵਜੀਰ ਸਿੰਘ ਖੈਹਿਰਾ ਨੇ ਦੱਸਿਆ ਕਿ ਉਪਰੋਕਤ ਗ੍ਰਿਫਤਾਰੀਆਂ ਦੇ ਚੱਲਦੇ ਨਵਾਂਸ਼ਹਿਰ ਦੇ ਥਾਣਾ ਸਿਟੀ ਵਿਖੇ ਦਰਜ ਧਾਰਾ 379-ਬੀ ਅਤੇ ਅਸਲਾ ਐਕਟ ਮਾਮਲਾ ਨੰਬਰ 91 ਮਿਤੀ 16 ਜੂਨ, 2019, ਧਾਰਾ 379-ਬੀ ਤਹਿਤ ਦਰਜ ਮਾਮਲਾ ਨੰਬਰ 138, ਮਿਤੀ 19 ਸਤੰਬਰ, 2019 ਤੋਂ ਇਲਾਵਾ ਵੱਖ-ਵੱਖ ਥਾਣਿਆਂ ’ਚ ਦਰਜ ਅੱਧੀ ਦਰਜਨ ਤੋਂ ਵੱਧ ਮਾਮਲਿਆਂ ਨੂੰ ਟ੍ਰੇਸ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਗ੍ਰਿਫਤਾਰ ਉਪਰੋਕਤ ਆਰੋਪੀਆਂ ਨੇ ਲੁੱਟ ਖੋਹ ਦੀ ਵਾਰਦਾਤ ’ਚ ਸਹਿਯੋਗ ਕਰਨ ਵਾਲੇ ਤੀਜੇ ਦੋਸ਼ੀ ਦੇ ਨਾਂ ਦਾ ਵੀ ਖੁਲਾਸਾ ਕੀਤਾ, ਜਿਸਨੂੰ ਗ੍ਰਿਫਤਾਰ ਕਰਨ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ।

ਐੱਸ.ਪੀ. ਨੇ ਦੱਸਿਆ ਕਿ ਉਪਰੋਕਤ ਲੁਟੇਰਿਆਂ ਨੇ ਗਡ਼੍ਹਸ਼ੰਕਰ ਅਤੇ ਥਾਣਾ ਸਿਟੀ ਦੇ ਅਧੀਨ ਪੈਂਦੇ ਖੇਤਰਾਂ ਵਿੱਚ ਵੀ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣਾ ਸਵੀਕਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਤੇਜ਼ਧਾਰ ਹਥਿਆਰਾਂ ਦੀ ਨੌਕ ’ਤੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਉਪਰੋਕਤ ਲੁਟੇਰੇ ਪਿਛਲੇ ਕਰੀਬ 2 ਸਾਲਾਂ ਤੋਂ ਲੁੱਟ ਦੀਆਂ ਵਾਰਦਾਤਾਂ ’ਚ ਲੱਗੇ ਹੋਏ ਹਨ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਆਰੋਪੀਆਂ ਤੋਂ ਲੁੱਟੇ ਗਏ ਗਹਿਣੇ, ਏਅਰ ਪਿਸਤੌਲ, ਕਿਰਚ ਅਤੇ ਹੈਲਮਟ ਬਰਾਮਦ ਕੀਤੇ ਹਨ। ਐੱਸ.ਪੀ. ਖਹਿਰਾ ਨੇ ਦੱਸਿਆ ਕਿ ਗ੍ਰਿਫਤਾਰ ਦੋਸ਼ੀਆਂ ਨੂੰ ਅਦਾਲਤ ’ਚ ਪੇਸ਼ ਕਰਕੇ 5 ਦਿਨ ਦੇ ਰਿਮਾਂਡ ’ਤੇ ਲਿਆ ਗਿਆ ਹੈ।

Bharat Thapa

This news is Content Editor Bharat Thapa