ਟਰੱਕ ਛੱਡ ਕੇ ਭੱਜ ਰਹੇ ਡਰਾਈਵਰ ਤੇ ਕਲੀਨਰ ਦਬੋਚੇ, ਅੱਧਾ ਕਿਲੋ ਅਫੀਮ ਬਰਾਮਦ

04/05/2022 10:34:53 PM

ਜਲੰਧਰ (ਜ. ਬ.) : ਭਗਤ ਸਿੰਘ ਕਾਲੋਨੀ ਨੇੜੇ ਲੱਗੇ ਪੁਲਸ ਦੇ ਨਾਕੇ ਨੂੰ ਦੇਖ ਕੇ ਟਰੱਕ ਛੱਡ ਕੇ ਭੱਜ ਰਹੇ ਡਰਾਈਵਰ ਤੇ ਉਸ ਦੇ ਕਲੀਨਰ ਨੂੰ ਸੀ. ਆਈ. ਏ. ਸਟਾਫ-1 ਦੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ। ਪੁਲਸ ਨੇ ਟਰੱਕ ਦੀ ਤਲਾਸ਼ੀ ਲਈ ਤਾਂ ਉਸ ਦੇ ਗੀਅਰ ਲੀਵਰ 'ਚੋਂ ਅੱਧਾ ਕਿਲੋ ਅਫੀਮ ਬਰਾਮਦ ਹੋਈ। ਪੁੱਛਗਿੱਛ 'ਚ ਪਤਾ ਲੱਗਾ ਕਿ ਮੁਲਜ਼ਮ ਬਾਰਡਰ ਏਰੀਆ 'ਚੋਂ ਅਫੀਮ ਖਰੀਦ ਕੇ ਸਪਲਾਈ ਕਰਦੇ ਸਨ। ਦੋਵਾਂ ਖ਼ਿਲਾਫ਼ ਕੇਸ ਦਰਜ ਕਰਕੇ ਪੁਲਸ ਨੇ ਮੁਲਜ਼ਮਾਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

ਖ਼ਬਰ ਇਹ ਵੀ : ਪੜ੍ਹੋ ਅੱਜ ਦੀਆਂ ਵੱਡੀਆਂ ਖ਼ਬਰਾਂ

ਸੀ. ਆਈ. ਏ. ਸਟਾਫ਼ ਦੇ ਇੰਚਾਰਜ ਭਗਵੰਤ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਉਨ੍ਹਾਂ ਦੀ ਟੀਮ ਨੇ ਭਗਤ ਸਿੰਘ ਕਾਲੋਨੀ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਪੁਲਸ ਨੇ ਮਕਸੂਦਾਂ ਵੱਲੋਂ ਆ ਰਹੇ ਟਰੱਕ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਡਰਾਈਵਰ ਅਤੇ ਕਲੀਨਰ ਨੇ ਟਰੱਕ 'ਚੋਂ ਛਾਲ ਮਾਰ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਮੁਲਾਜ਼ਮਾਂ ਨੇ ਦੋਵਾਂ ਨੂੰ ਕਾਬੂ ਕਰ ਲਿਆ। ਸ਼ੱਕ ਪੈਣ ’ਤੇ ਜਦੋਂ ਟਰੱਕ ਦੀ ਤਲਾਸ਼ੀ ਗਈ ਤਾਂ ਉਸ ਦੇ ਗੀਅਰ ਲੀਵਰ 'ਚੋਂ ਅੱਧਾ ਕਿਲੋ ਅਫੀਮ ਬਰਾਮਦ ਹੋਈ।

ਇਹ ਵੀ ਪੜ੍ਹੋ : ਫੋਨ ’ਤੇ ਹੋਈ ਮਾਮੂਲੀ ਤਕਰਾਰ ਤੋਂ ਬਾਅਦ ਨੌਜਵਾਨਾਂ ਨੇ ਚਲਾਈਆਂ ਗੋਲੀਆਂ

ਪੁੱਛਗਿੱਛ 'ਚ ਡਰਾਈਵਰ ਨੇ ਆਪਣਾ ਨਾਂ ਜਗਦੇਵ ਸਿੰਘ ਪੁੱਤਰ ਅਜੀਤ ਸਿੰਘ ਤੇ ਕਲੀਨਰ ਨੇ ਆਪਣਾ ਨਾਂ ਮਲਕੀਤ ਸਿੰਘ ਉਰਫ ਮੀਤਾ ਪੁੱਤਰ ਕਾਬਲ ਸਿੰਘ ਦੋਵੇਂ ਵਾਸੀ ਪਿੰਡ ਧਰਦਿਓ (ਬਾਬਾ ਬਕਾਲਾ) ਦੱਸਿਆ। ਜਾਂਚ 'ਚ ਪਤਾ ਲੱਗਾ ਕਿ ਜਗਦੇਵ ਸਿੰਘ 2017 ਤੋਂ ਅਫੀਮ ਵੇਚਣ ਦਾ ਕੰਮ ਕਰ ਰਿਹਾ ਹੈ, ਜਦੋਂ ਕਿ ਇਸ ਤੋਂ ਪਹਿਲਾਂ ਉਸ ਨੇ ਟਰੱਕ ਪਾਏ ਹੋਏ ਸਨ। ਕੰਮ ਘਟਣ ਕਾਰਨ ਉਹ ਅਫੀਮ ਵੇਚਣ ਦਾ ਕੰਮ ਕਰਨ ਲੱਗਾ। ਉਸ ਖ਼ਿਲਾਫ਼ ਪਹਿਲਾਂ ਵੀ 3 ਕੇਸ ਦਰਜ ਹਨ, ਜਦੋਂ ਕਿ ਮਲਕੀਤ ਵੀ ਟਰੱਕ ਚਲਾਉਂਦਾ ਸੀ ਪਰ ਜਗਦੇਵ ਨਾਲ ਮੁਲਾਕਾਤ ਹੋਣ ਤੋਂ ਬਾਅਦ ਉਹ ਵੀ ਅਫੀਮ ਵੇਚਣ ਲੱਗ ਪਿਆ। ਮੀਤਾ ਖ਼ਿਲਾਫ਼ ਪਹਿਲਾਂ ਵੀ ਨਸ਼ਾ ਵੇਚਣ ਦੇ 2 ਕੇਸ ਦਰਜ ਹਨ। ਪੁਲਸ ਨੇ ਦੋਵਾਂ ਨੂੰ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਕਿ ਉਹ ਕਿਥੋਂ ਅਫੀਮ ਖਰੀਦ ਕੇ ਲਿਆਉਂਦੇ ਸਨ।


Harnek Seechewal

Content Editor

Related News