ਚੂਰਾ ਪੋਸਤ ਸਣੇ ਟਰੱਕ ਡਰਾਈਵਰ ਕਾਬੂ

12/06/2018 1:58:18 AM

 ਸ੍ਰੀ ਕੀਰਤਪੁਰ ਸਾਹਿਬ,   (ਬਾਲੀ)-  ਜ਼ਿਲਾ ਪੁਲਸ ਮੁਖੀ ਰੂਪਨਗਰ ਸਵਪਨ ਸ਼ਰਮਾ ਦੀਆਂ ਹਦਾਇਤਾਂ ਅਨੁਸਾਰ ਪੁਲਸ ਵਲੋਂ ਸਮਾਜ ਵਿਰੋਧੀ ਤੇ ਨਸ਼ਾ ਤਸਕਰਾਂ ਖ਼ਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੀ ਪੁਲਸ ਨੇ ਇਕ ਟਰੱਕ ਡਰਾਈਵਰ ਨੂੰ 10 ਕਿਲੋ ਭੁੱਕੀ ਚੂਰਾ ਪੋਸਤ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਥਾਣਾ ਮੁਖੀ ਕੀਰਤਪੁਰ ਸਾਹਿਬ ਸੰਨ੍ਹੀ ਖੰਨਾ ਨੇ ਦੱਸਿਆ ਕਿ ਪੁਲਸ ਪਾਰਟੀ ਜਿਸ ਦੀ ਅਗਵਾਈ ਏ. ਐੱਸ. ਆਈ. ਮੋਹਣ ਲਾਲ  ਕਰ ਰਹੇ ਸਨ, ਵਲੋਂ ਬੀਤੀ ਦੇਰ ਸਾਮ ਬੁੰਗਾ ਸਾਹਿਬ ਬੱਸ ਅੱਡੇ ਦੇ ਨਜ਼ਦੀਕ ਨਾਕਾ ਲਗਾ ਕਿ ਵਾਹਨਾਂ ਦੀ ਚੈਕਿੰਗ ਕਰ ਰਹੇ ਸਨ। ਇਸ ਦੌਰਾਨ ਬੁੰਗਾ ਸਾਹਿਬ ਬੱਸ ਅੱਡੇ ਤੋਂ ਨੂਰਪੁਰਬੇਦੀ ਦੀ ਸਾਈਡ ਨੂੰ ਜਾਣ ਲਈ ਮੁਡ਼ੇ ਇਕ 12 ਟਾਇਰੀ ਟਰੱਕ ਨੂੰ ਜਦੋਂ ਚੈੱਕ ਕਰਨ ਲਈ ਰੋਕਿਆ ਤਾਂ ਸੀਟ ਦੇ ਹੇਠਾਂ ਤੋਂ ਪਲਾਸਟਿਕ ਦੇ ਲਿਫਾਫੇ ’ਚ ਪਾਈ ਹੋਈ 10 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਹੋਈ। ਪੁਲਸ ਨੇ ਟਰੱਕ ਡਰਾਈਵਰ ਕ੍ਰਿਪਾਲ ਸਿੰਘ ਪੁੱਤਰ ਛੋਟਾ ਸਿੰਘ ਵਾਸੀ ਪਿੰਡ ਭਟੋਲੀ ਥਾਣਾ ਨੂਰਪੁਰਬੇਦੀ ਦੇ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਟਰੱਕ ਸਮੇਤ ਗ੍ਰਿਫ਼ਤਾਰ ਕਰਨ ਤੋਂ ਬਾਅਦ ਅੱਜ ਮਾਣਯੋਗ ਅਦਾਲਤ ’ਚ ਪੇਸ਼ ਕਰ ਕੇ ਜੱਜ ਸਾਹਿਬ ਤੋਂ ਦੋਸ਼ੀ ਦਾ ਦੋ ਦਿਨ ਦਾ ਪੁਲਸ ਰਿਮਾਂਡ ਲਿਆ ਗਿਆ ਹੈ।