ਮਾਮਲਾ ਟਰੱਕ ਡਰਾਈਵਰ ਦੇ ਕਤਲ ਦਾ : ਪੁਲਸ ਨੇ ਸੁਲਝਾਈ ਕਤਲ ਦੀ ਗੁੱਥੀ, 2 ਦੋਸ਼ੀਆਂ ਨੂੰ ਕੀਤਾ ਗ੍ਰਿਫ਼ਤਾਰ

03/24/2022 4:41:19 PM

ਬਠਿੰਡਾ (ਗਰਗ) : ਸਬ ਡਵੀਜਨ ਤਲਵੰਡੀ ਸਾਬੋ ਦੀ ਰਾਮਾ ਮੰਡੀ ਪੁਲਸ ਨੇ ਕੁੱਝ ਮਹੀਨੇ ਪਹਿਲਾਂ ਇੱਕ ਟਰੱਕ ਡਰਾਇਵਰ ਦੇ ਹੋਏ ਕਤਲ ਦੇ ਮਾਮਲੇ ਦੀ ਗੁੱਥੀ ਨੂੰ ਸੁਲਝਾ ਲਿਆ ਹੈ। ਪੁਲਸ ਅਨੁਸਾਰ ਦੋ ਨੋਜਵਾਨਾਂ ਵੱਲੋ ਕੁੱਝ ਪੈਸਿਆਂ ਲਈ ਡਰਾਇਵਰ ਦਾ ਕਤਲ ਕਰਕੇ ਉਸ ਤੋਂ ਪੈਸੇ ਅਤੇ ਮੋਬਾਇਲ ਦੀ ਲੁੱਟ ਕੀਤੀ ਗਈ ਸੀ। ਪੁਲਸ ਨੇ ਦੋਵਾਂ ਦੋਸ਼ੀਆਂ ਨੂੰ ਕਾਬੂ ਕਰਕੇ ਉਨ੍ਹਾਂ ਤੋਂ ਵਾਰਦਾਤ ਸਮੇਂ ਵਰਤਿਆ ਗਿਆ ਹਥਿਆਰ ਅਤੇ ਹੋਰ ਸਮਾਨ ਵੀ ਬਰਾਮਦ ਕਰ ਲਿਆ ਹੈ।

ਇਹ ਵੀ ਪੜ੍ਹੋ : ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ ’ਤੇ ਪਹਿਲੇ ਦਿਨ ਰਿਪੋਰਟ ਹੋਏ ਪੁਰਾਣੇ ਮਾਮਲੇ, ਕਈ ਅਧਿਕਾਰੀ ਫਸੇ

ਥਾਣਾ ਰਾਮਾ ਮੰਡੀ ਵਿਖੇ ਡੀ.ਐੱਸ.ਪੀ ਤਲਵੰਡੀ ਸਾਬੋ ਜਸਮੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 14 ਦਸੰਬਰ ਨੂੰ ਟਰੱਕ ਡਰਾਇਵਰ ਦਾ ਰਾਮਾ ਮੰਡੀ ਪਿੰਡ ਦੇ ਨਜਦੀਕ ਕਤਲ ਕਰ ਦਿੱਤਾ ਸੀ। ਪੁਲਸ ਨੇ ਮ੍ਰਿਤਕ ਦੇ ਭਰਾ ਦੇ ਬਿਆਨ ’ਤੇ ਅਣਪਛਾਤੇ ਲੋਕਾਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸੁਰੂ ਕਰ ਦਿੱਤੀ ਸੀ। ਪੁਲਸ ਨੇ ਆਪਣੀ ਜਾਂਚ ਦੌਰਾਨ ਦੋ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਤਾਂ ਕਥਿਤ ਦੋਸ਼ੀਆਂ ਨੇ ਮੰਨਿਆਂ ਕਿ ਉਨ੍ਹਾਂ ਨੇ ਲੁੱਟ ਦੌਰਾਨ ਟਰੱਕ ਡਰਾਇਵਰ ਦੇ ਛੁਰੀ ਮਾਰ ਕੇ ਕਤਲ ਕਰ ਦਿੱਤਾ ਸੀ। ਪੁਲਸ ਅਧਿਕਾਰੀਆਂ ਨੇ ਦੱਸਿਆਂ ਕਿ ਟਰੱਕ ਡਰਾਇਵਰ ਆਪਣਾ ਟਰੱਕ ਖੜਾ ਕਰਕੇ ਰਾਮਾ ਪਿੰਡ ਵੱਲ ਜਾ ਰਿਹਾ ਸੀ ਤਾਂ ਉਸ ਨੂੰ ਰਸਤੇ ਵਿੱਚ ਦੋਸ਼ੀਆਂ ਨੇ ਇੱਕਲਾ ਦੇਖ ਕੇ ਮੋਬਾਇਲ ਖੋਹਣ ਦੀ ਕੋਸ਼ਿਸ਼ ਕੀਤੀ ਪਰ ਟਰੱਕ ਡਰਾਇਵਰ ਉਨ੍ਹਾਂ ਨਾਲ ਭਿੜਣ ਲੱਗ ਗਿਆ, ਜਿਸ ’ਤੇ ਕਥਿਤ ਦੋਸ਼ੀਆਂ ਨੇ ਉਸ ਦੇ ਛੁਰੀ ਮਾਰ ਕੇ ਕਤਲ ਕਰ ਦਿੱਤਾ। ਕਥਿਤ ਦੋਸ਼ੀ ਪਹਿਲਾਂ ਵੀ ਇਸੇ ਤਰਾਂ ਲੁੱਟ ਦਾ ਕੰਮ ਕਰਦੇ ਹਨ ਜਿਨ੍ਹਾਂ ਖ਼ਿਲਾਫ਼ ਤਲਵੰਡੀ ਸਾਬੋ ਵਿਖੇ ਮਾਮਲਾ ਦਰਜ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਤੋਂ ਲੁੱਟ ਵਾਲਾ ਮੋਬਾਈਲ ਅਤੇ ਕਤਲ ਸਮੇਂ ਵਰਤਿਆ ਗਿਆ ਹਥਿਆਰ ਵੀ ਬਰਾਮਦ ਕਰ ਲਿਆ ਹੈ।

ਇਹ ਵੀ ਪੜ੍ਹੋ : ਮਾਨਸਿਕ ਤੌਰ ’ਤੇ ਪ੍ਰੇਸ਼ਾਨ ਭਾਰਤੀ ਨੌਜਵਾਨ ਪਾਕਿਸਤਾਨ ਸਰਹੱਦ ’ਚ ਹੋਇਆ ਦਾਖ਼ਲ, ਪਾਕਿ ਰੇਂਜਰਾਂ ਕੀਤਾ ਗ੍ਰਿਫ਼ਤਾਰ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Anuradha

Content Editor

Related News