ਧੋਖੇ ਨਾਲ 26 ਨੌਜਵਾਨਾਂ ਨੂੰ ਰਸ਼ੀਆ ਭੇਜਣ ਵਾਲਾ ਮੁੱਖ ਮੁਲਜ਼ਮ 1 ਦਿਨ ਦੇ ਪੁਲਸ ਰਿਮਾਂਡ 'ਤੇ

12/02/2019 4:07:09 PM

ਫਗਵਾੜਾ (ਹਰਜੋਤ)— ਰਸ਼ੀਆ 'ਚ ਭੇਜੇ ਗਏ 26 ਨੌਜਵਾਨਾਂ ਨੂੰ ਉਥੇ ਲਿਜਾ ਕੇ ਖੱਜਲ-ਖੁਆਰ ਕਰਨ ਦੇ ਮਾਮਲੇ 'ਚ ਪੁਲਸ ਵੱਲੋਂ ਬੀਤੇ ਦਿਨੀਂ ਮੁੱਖ ਮੁਲਜ਼ਮ ਗ੍ਰਿਫਤਾਰ ਕੀਤਾ ਗਿਆ ਸੀ। ਪੁਲਸ ਵੱਲੋਂ ਕਾਬੂ ਕੀਤੇ ਗਏ ਮੁੱਖ ਮੁਲਜ਼ਮ ਸੁਰਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਕੋਟਭਾਈ ਮੁਕਤਸਰ ਨੂੰ ਬੀਤੇ ਦਿਨ ਹੀ ਸਥਾਨਕ ਅਦਾਲਤ ਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਕਤ ਮੁਲਜ਼ਮ ਨੂੰ ਇਕ ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ।

ਵਰਣਨਯੋਗ ਹੈ ਕਿ ਉਕਤ ਮੁਲਜ਼ਮ ਰਸ਼ੀਆ 'ਚ ਨੌਕਰੀ ਕਰਨ ਗਿਆ ਸੀ ਅਤੇ ਉੱਥੋਂ ਡਿਮਾਂਡ ਨੋਟਿਸ ਬਣਵਾ ਕੇ ਇਥੋਂ ਨੌਜਵਾਨਾਂ ਕੋਲੋਂ ਪੈਸੇ ਬਟੋਰ ਕੇ ਬਾਹਰ ਲੈ ਗਿਆ ਸੀ ਪਰ ਉਨ੍ਹਾਂ ਨੂੰ ਉੱਥੇ ਲਿਜਾ ਕੇ ਯੋਗ ਤਨਖਾਹਾਂ ਨਾ ਮਿਲਣ ਕਾਰਨ ਖੱਜਲ-ਖੁਆਰ ਹੋਣਾ ਪਿਆ। ਜਿਸ ਤੋਂ ਪ੍ਰੇਸ਼ਾਨ ਮੈਂਬਰਾਂ ਨੇ ਇਨ੍ਹਾਂ ਖਿਲਾਫ ਧਾਰਾ 420, 406 ਤਹਿਤ ਕੇਸ ਦਰਜ ਕਰਵਾਇਆ ਸੀ। ਇਸ ਦਾ ਦੂਜਾ ਸਾਥੀ ਦਲਜੀਤ ਸਿੰਘ ਜੋ ਨੇੜਲੇ ਪਿੰਡ ਖੁਰਮਪੁਰ ਦਾ ਰਹਿਣ ਵਾਲਾ ਸੀ, ਉਸ ਨੂੰ ਪੁਲਸ ਨੇ ਪਹਿਲਾਂ ਹੀ ਗ੍ਰਿਫਤਾਰ ਕੀਤਾ ਹੈ ਅਤੇ ਉਹ ਤਿੰਨ ਦਿਨ ਦੇ ਪੁਲਸ ਰਿਮਾਂਡ 'ਤੇ ਚੱਲ ਰਿਹਾ ਹੈ। ਜਾਂਚ ਅਧਿਕਾਰੀ ਗੁਰਮੁੱਖ ਸਿੰਘ ਨੇ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਕੋਲੋਂ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਨੌਜਵਾਨਾਂ ਨੂੰ ਠੀਕ-ਠਾਕ ਭਾਰਤ ਵਾਪਸ ਲਿਆਂਦਾ ਜਾਵੇਗਾ : ਕੇਂਦਰੀ ਮੰਤਰੀ
ਇਸੇ ਦੌਰਾਨ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨਾਲ ਇਸ ਸਬੰਧੀ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਤਕ ਪਰਿਵਾਰ ਦੇ ਕਿਸੇ ਮੈਂਬਰ ਨੇ ਅਜੇ ਤਕ ਪਹੁੰਚ ਨਹੀਂ ਕੀਤੀ। ਜਦੋਂ ਮੇਰੇ ਨਾਲ ਸੰਪਰਕ ਕਰਨਗੇ ਤਾਂ ਮੈਂ ਇਸ ਸਬੰਧੀ ਵਿਦੇਸ਼ ਮੰਤਰੀ ਨਾਲ ਗੱਲਬਾਤ ਕਰਾਂਗਾ ਅਤੇ ਇਸ ਸਬੰਧੀ ਬਣਦੀ ਕਾਰਵਾਈ ਕਰਾਂਗੇ । ਉਨ੍ਹਾਂ ਕਿਹਾ ਕਿ ਰਸ਼ੀਆ 'ਚ ਫਸੇ ਨੌਜਵਾਨਾਂ ਨੂੰ ਠੀਕ-ਠਾਕ ਭਾਰਤ ਵਾਪਸ ਲਿਆਂਦਾ ਜਾਵੇਗਾ।

shivani attri

This news is Content Editor shivani attri