ਟਰੈਵਲ ਏਜੰਟਾਂ ਦੀ ਸੰਸਥਾ ਏਕੋਸ ਹੋਈ ਦੋਫਾੜ

02/26/2020 10:10:17 AM

ਜਲੰਧਰ (ਬੁਲੰਦ)- ਟਰੈਵਲ ਏਜੰਟਾਂ ਦੀ ਵੱਡੀ ਸੰਸਥਾ ਏਕੋਸ ’ਤੇ ਇਕ ਵਾਰ ਫਿਰ ਕਾਲੇ ਬੱਦਲ ਮੰਡਰਾਉਣ ਲੱਗੇ ਹਨ। ਕਈ ਤਰ੍ਹਾਂ ਦੇ ਉਤਾਰ-ਚੜ੍ਹਾਅ ਤੋਂ ਬਾਅਦ ਪੰਜਾਬ ਪੱਧਰ ’ਤੇ ਨਾਂ ਬਣਾ ਚੁੱਕੀ ਉਕਤ ਸੰਸਥਾ ’ਚ ਗੁਟਬਾਜ਼ੀ ਇਸ ਕਦਰ ਹਾਵੀ ਹੋ ਚੁੱਕੀ ਹੈ ਕਿ ਕਿਸੇ ਵੀ ਸਮੇਂ ਏਕੋਸ ਦੇ ਮੁਕਾਬਲੇ ਇਕ ਨਵੀਂ ਸੰਸਥਾ ਉਭਰ ਕੇ ਸਾਹਮਣੇ ਆ ਸਕਦੀ ਹੈ। ਇਸ ਮਾਮਲੇ ’ਚ ਅੱਜ ਏਕੋਸ ਦੇ ਚਾਰ ਫਾਊਂਡਰ ਮੈਂਬਰਾਂ ਸਮੇਤ ਕਈਆਂ ਨੇ ਇਕ ਪ੍ਰੈੱਸ ਕਾਨਫਰੰਸ ਕਰ ਕੇ ਮੌਜੂਦਾ ਪ੍ਰਧਾਨ ਅਤੇ ਹੋਰ ਐਗਜ਼ੈਕਟਿਵ ਮੈਬਰਾਂ ’ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਮੌਜੂਦਾ ਇਕਾਈ ਨਾ ਤਾਂ ਚੋਣ ਕਰਵਾਉਣਾ ਚਾਹੁੰਦੀ ਹੈ ਅਤੇ ਨਾ ਹੀ ਸੰਵਿਧਾਨ ਬਣਾ ਕੇ ਸੰਗਠਨ ਨੂੰ ਇਕ ਸੁਚਾਰੂ ਢੰਗ ਨਾਲ ਚੱਲਣ ਦੇਣਾ ਚਾਹੁੰਦੀ ਹੈ। ਇਸ ਮੌਕੇ ਵਿਕਾਸ ਜਲੋਟਾ, ਰਾਕੇਸ਼ ਪ੍ਰਾਸ਼ਰ, ਨਰਪਤ ਸਿੰਘ, ਅਮਰਜੀਤ ਸਿੰਘ ਅਤੇ ਮੁਨੀਸ਼ ਸ਼ਰਮਾ ਆਦਿ ਵੀ ਮੌਜੂਦ ਰਹੇ।

ਇਸ ਮੌਕੇ ਫਾਊਂਡਰ ਮੈਂਬਰ ਸੁਕਾਂਤ ਤ੍ਰਿਵੇਦੀ ਨੇ ਕਿਹਾ ਕਿ ਮੌਜੂਦਾ ਏਕੋਸ ਟੀਮ ਚਾਹੁੰਦੀ ਹੈ ਕਿ ਏਕੋਸ ਮਨਮਰਜ਼ੀ ਨਾਲ ਚੱਲੇ, ਇਹ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਬੀਤੇ ਦਿਨੀਂ ਏਕੋਸ ਦੇ 2 ਐਗਜ਼ੀਕਿਊਟਿਵ ਮੈਂਬਰਾਂ ਨੂੰ ਸਿਰਫ ਇਸ ਲਈ ਸੰਗਠਨ ਤੋਂ ਬਾਹਰ ਕਰ ਦਿੱਤਾ ਗਿਆ ਕਿ ਉਹ ਚੋਣ ਦੀ ਮੰਗ ਕਰ ਰਹੇ ਸਨ। ਇਹ ਸਰਾਸਰ ਗਲਤ ਹੈ। ਉਨ੍ਹਾਂ ਕਿਹਾ ਕਿ ਜੇਕਰ ਮੌਜੂਦਾ ਕਾਬਜ਼ ਟੀਮ ਨੇ ਤੁਰੰਤ ਚੋਣ ਦੀ ਤਰੀਕ ਫਾਈਨਲ ਨਾ ਕੀਤੀ ਤਾਂ ਉਹ ਅਦਾਲਤ ਜਾਣ ਤੋਂ ਵੀ ਨਹੀਂ ਝਿਜਕਣਗੇ। ਏਕੋਸ ਨੂੰ ਇਕਜੁਟ ਹੋਣਾ ਚਾਹੀਦਾ ਹੈ।

ਏਕੋਸ ਤੋਂ ਕੱਢੇ ਗਏ ਫਾਊਂਡਰ ਮੈਂਬਰ ਹਰਦੀਪ ਸਿੰਘ ਅਤੇ ਗੁਲਸ਼ਨ ਢੀਂਗਰਾ ਨੇ ਕਿਹਾ ਕਿ ਪਿਛਲੇ 2 ਸੈਸ਼ਨਾਂ ’ਚ ਹਰਦੀਪ ਲਗਾਤਾਰ ਏਕੋਸ ਦੇ ਪ੍ਰਧਾਨ ਰਹੇ ਅਤੇ ਜਿਸ ਪ੍ਰਕਾਰ ਵਾਟਰ ਹਾਰਵੈਸਟਿੰਗ ਅਤੇ ਪਲਾਂਟੇਸ਼ਨ ਦੇ ਕਾਰਜ ਏਕੋਸ ਨੇ ਕੀਤੇ, ਸ਼ਾਇਦ ਮੌਜੂਦਾ ਇਕਾਈ ਨੂੰ ਉਹ ਹਜ਼ਮ ਨਹੀਂ ਹੋਏ। ਇਸ ਲਈ ਿਬਨਾਂ ਕੋਈ ਕਾਰਣ ਦੱਸਿਆਂ ਨੋਟਿਸ ਤੋਂ ਬਾਅਦ ਸਾਨੂੰ ਏਕੋਸ ਤੋਂ ਬਾਹਰ ਕੀਤਾ ਗਿਆ ਹੈ। ਇਸ ਪ੍ਰਕਾਰ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਹੋਵੇਗੀ। ਗੁਲਸ਼ਨ ਨੇ ਕਿਹਾ ਕਿ ਉਹ ਏਕੋਸ ਵਟਸਐਪ ਗਰੁੱਪ ਐਡਮਿਨ ਸਨ। ਇਸ ’ਤੇ ਉਨ੍ਹਾਂ ਨੂੰ ਬਿਨਾਂ ਵਿਸ਼ਵਾਸ ’ਚ ਲਏ ਐਡਮਿਨ ਬਦਲਿਆ ਗਿਆ ਅਤੇ ਫਿਰ ਵਟਸਐਪ ਗਰੁੱਪ ਨੂੰ ਬੰਦ ਕਰ ਕੇ ਸਾਬਤ ਕੀਤਾ ਕਿ ਕੋਈ ਆਪਣੇ ਵਿਚਾਰ ਵੀ ਨਾ ਰੱਖ ਸਕੇ। ਇਕ ਹੋਰ ਫਾਊਂਡਰ ਮੈਂਬਰ ਲਵਿਸ਼ ਕਾਲੀਆ ਨੇ ਕਿਹਾ ਕਿ ਉਨ੍ਹਾਂ ਨੂੰ ਫਾਊਂਡਰ ਮੈਂਬਰ ਹੋਣ ਤੋਂ ਬਾਅਦ ਵੀ ਨਾ ਤਾਂ ਕਿਸੇ ਮੀਟਿੰਗ ’ਚ ਬੁਲਾਇਆ ਜਾ ਰਿਹਾ ਹੈ ਅਤੇ ਸਾਰੇ ਵਟਸਐਪ ਗਰੁੱਪਾਂ ’ਚੋਂ ਕੱਢਿਆ ਹੋਇਆ ਹੈ। ਇਸ ਤੋਂ ਸਾਫ ਹੈ ਕਿ ਏਕੋਸ ਨੂੰ ਨਿੱਜੀ ਜਾਇਦਾਦ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਸੰਦੀਪ ਮੱਕੜ ਨੇ ਕਿਹਾ ਕਿ ਏਕੋਸ ’ਚ ਇਸ ਸਮੇਂ ਇਸ ਗੱਲ ਦੀ ਕੋਸ਼ਿਸ਼ ਹੋ ਰਹੀ ਹੈ ਕਿ ਸਾਫ ਅਤੇ ਸਪੱਸ਼ਟ ਲੋਕ ਸੰਸਥਾ ਨਾਲ ਨਾ ਜੁੜ ਸਕਣ। ਉਨ੍ਹਾਂ ਕਿਹਾ ਕਿ ਇਸੇ ਕਾਰਣ ਉਨ੍ਹਾਂ ਦੀ ਮੈਂਬਰਤਾ ’ਤੇ ਸਵਾਲ ਖੜ੍ਹੇ ਕਰ ਕੇ ਉਨ੍ਹਾਂ ਨੂੰ ਏਕੋਸ ਤੋਂ ਦੂਰ ਰੱਖਿਆ ਗਿਆ ਹੈ।

ਕਪੂਰਥਲਾ ’ਚ ਬਣੀ ਨਵੀਂ ਸੰਸਥਾ ਦੇ ਕਾਰਣ ਵਧੀ ਗੁੱਟਬਾਜ਼ੀ

ਇਸ ਮੌਕੇ ਏਕੋਸ ਮੈਂਬਰਾਂ ਨੇ ਦੱਸਿਆ ਕਿ ਅਸਲ ’ਚ ਗੱਲ ਉਦੋਂ ਜ਼ਿਆਦਾ ਵਧ ਗਈ ਜਦੋਂ ਏਕੋਸ ਦੇ ਕਪੂਰਥਲਾ ਦੇ ਕਨਵੀਨਰ ਨੇ ਇਕ ਲੋਕਲ ਐਸੋਸੀਏਸ਼ਨ ਬਣਾ ਕੇ ਕੰਮ ਕਰਨਾ ਸ਼ੁਰੂ ਕਰ ਿਦੱਤਾ। ਜਦੋਂ ਇਸ ਦਾ ਵਿਰੋਧ ਗੁਲਸ਼ਨ ਅਤੇ ਹਰਦੀਪ ਨੇ ਕੀਤਾ ਤਾਂ ਬਜਾਏ ਕਪੂਰਥਲਾ ਦੇ ਮੈਂਬਰਾਂ ’ਤੇ ਕਾਰਵਾਈ ਹੁੰਦੀ ਉਲਟਾ ਦੋਵੇਂ ਮੈਂਬਰਾਂ ’ਤੇ ਕਾਰਵਾਈ ਕਰ ਦਿੱਤੀ ਗਈ, ਜਿਸ ਤੋਂ ਬਾਅਦ ਗੁੱਟਬਾਜ਼ੀ ਵਧ ਚੁੱਕੀ ਹੈ।

ਕਿਸੇ ਵੀ ਹਾਲ ’ਚ ਅਨੁਸ਼ਾਸਨਹੀਣਤਾ ਬਰਦਾਸ਼ਤ ਨਹੀਂ ਹੋਵੇਗੀ : ਜਸਪਾਲ ਸਿੰਘ

ਸਾਰੇ ਮਾਮਲੇ ਬਾਰੇ ਏਕੋਸ ਦੇ ਮੌਜੂਦਾ ਪ੍ਰਧਾਨ ਜਸਪਾਲ ਸਿੰਘ ਨੇ ਕਿਹਾ ਕਿ ਜੋ ਲੋਕ ਏਕੋਸ ਦੇ ਨਾਂ ’ਤੇ ਹੱਲਾ ਮਚਾ ਰਹੇ ਹਨ, ਸਭ ਗਲਤੀ ਕਰ ਰਹੇ ਹਨ। ਕਿਸੇ ਹਾਲ ’ਚ ਏਕੋਸ ’ਚ ਅਨੁਸ਼ਾਸਨਹੀਣਤਾ ਬਰਦਾਸ਼ਤ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਏਕੋਸ ਨੂੰ ਆਪਣੀ ਨਿੱਜੀ ਮਸ਼ਹੂਰੀ ਲਈ ਕੋਈ ਵੀ ਇਸਤੇਮਾਲ ਨਹੀਂ ਕਰ ਸਕਦਾ। ਏਕੋਸ ਦਾ ਆਪਣਾ ਸੰਵਿਧਾਨ ਹੈ ਅਤੇ ਸਾਰੇ ਮੈਂਬਰ ਨਿਰਧਾਰਿਤ ਨਿਯਮਾਂ ਦੇ ਤਹਿਤ ਚੁਣੇ ਗਏ ਹਨ। ਇਸ ਲਈ ਜੇਕਰ ਕੋਈ ਸੰਵਿਧਾਨ ਦੇ ਨਾਂ ’ਤੇ ਏਕੋਸ ਟੀਮ ’ਤੇ ਦੋਸ਼ ਲਾਏ ਤਾਂ ਉਹ ਗਲਤ ਹੈ। ਜਸਪਾਲ ਿਸੰਘ ਨੇ ਕਿਹਾ ਕਿ ਏਕੋਸ ਨੂੰ ਇਕਜੁਟ ਰੱਖਣ ਲਈ ਹਰ ਸੰਭਵ ਕੋਸ਼ਿਸ਼ ਹੋਵੇਗੀ। ਜੇਕਰ ਕਿਸੇ ਦੇ ਵੀ ਦਿਲ ’ਚ ਕੋਈ ਗੱਲ ਹੋਵੇ ਤਾਂ ਉਹ ਆ ਕੇ ਆਪਣਾ ਪੱਖ ਰੱਖੇ ਅਤੇ ਏਕੋਸ ਦੀ ਹਰ ਸਮੱਸਿਆ ਨੂੰ ਮਿਲ-ਬੈਠ ਕੇ ਹੱਲ ਕੀਤਾ ਜਾਵੇਗਾ।

 

shivani attri

This news is Content Editor shivani attri