...ਜਦੋਂ DCP ਨੇ ਲੜਕੀ ਨੂੰ ਕਿਹਾ, ''''ਪੁੱਤਰ ਜੀ ਵਾਹਨ ਚਲਾਉਂਦੇ ਸਮੇਂ ਸਿਰ ਹੈਲਮੇਟ ਨਾਲ ਢਕੋ''''

11/27/2019 11:07:35 AM

ਜਲੰਧਰ (ਵਰੁਣ)— ਟ੍ਰੈਫਿਕ ਰੂਲਜ਼ ਨਾ ਮੰਨਣ ਵਾਲਿਆਂ ਦਾ ਚਲਾਨ ਕੱਟ ਕੇ ਸਾਹ ਸੁਕਾਉਣ ਵਾਲੀ ਟ੍ਰੈਫਿਕ ਪੁਲਸ ਨੇ ਕੁਝ ਘੰਟਿਆਂ ਲਈ ਚਲਾਨ ਕੱਟਣ ਵਾਲਾ ਸਿਸਟਮ ਬੰਦ ਕਰਕੇ ਫੁੱਲ ਵੰਡ ਕੇ ਲੋਕਾਂ ਨੂੰ ਜਾਗਰੂਕ ਕੀਤਾ। ਬੀ. ਐੱਮ. ਸੀ. ਚੌਕ 'ਤੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਜਿਵੇਂ ਹੀ ਇਕ ਲੜਕੀ ਸਿਰ ਨੂੰ ਦੁਪੱਟੇ ਨਾਲ ਢਕ ਕੇ ਆਈ ਤਾਂ ਡੀ. ਸੀ. ਪੀ. ਟ੍ਰੈਫਿਕ ਨਰੇਸ਼ ਡੋਗਰਾ ਨੇ ਉਸ ਨੂੰ ਰੋਕ ਲਿਆ। ਐਕਟਿਵਾ ਸਵਾਰ ਉਕਤ ਲੜਕੀ ਨੂੰ ਡੀ. ਸੀ. ਪੀ. ਬੋਲੇ 'ਪੁੱਤਰ ਜੀ ਵਾਹਨ ਚਲਾਉਂਦੇ ਹੋਏ ਹੈਲਮੇਟ ਨਾਲ ਸਿਰ ਢਕੋ' ਕਿਉਂਕਿ ਸੱਟ ਤੋਂ ਹੈਲਮੇਟ ਨੇ ਬਚਾਅ ਕਰਨਾ ਹੈ। ਡੀ. ਸੀ. ਪੀ. ਡੋਗਰਾ ਸਣੇ ਏ. ਡੀ. ਸੀ. ਪੀ. ਗਗਨੇਸ਼ ਸ਼ਰਮਾ, ਏ. ਸੀ. ਪੀ. ਹਰਬਿੰਦਰ ਸਿੰਘ ਭੱਲਾ ਸਣੇ ਟ੍ਰੈਫਿਕ ਪੁਲਸ ਦੇ ਐਜੂਕੇਸ਼ਨ ਸੈੱਲ ਦੀ ਟੀਮ ਨੇ ਬਿਨਾਂ ਹੈਲਮੇਟ ਵਾਲਿਆਂ ਨੂੰ ਜ਼ਿਆਦਾਤਰ ਫੁੱਲ ਵੰਡੇ।

ਡੀ. ਸੀ. ਪੀ. ਡੋਗਰਾ ਨੇ ਬਿਨਾਂ ਹੈਲਮੇਟ ਦੇ ਦੋਪਹੀਆ ਵਾਹਨ ਚਲਾਉਣ ਵਾਲੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਭਾਵੇਂ ਸ਼ਹਿਰ ਅੰਦਰ ਵਾਹਨਾਂ ਦੀ ਸਪੀਡ ਘੱਟ ਹੁੰਦੀ ਹੈ ਪਰ ਛੋਟੇ ਜਿਹੇ ਐਕਸੀਡੈਂਟ ਨਾਲ ਵੀ ਸਿਰ 'ਤੇ ਗੰਭੀਰ ਸੱਟ ਲੱਗ ਸਕਦੀ ਹੈ। ਉਨ੍ਹਾਂ ਕਿਹਾ ਕਿ ਟ੍ਰੈਫਿਕ ਪੁਲਸ ਦਾ ਕੰਮ ਸਿਰਫ ਚਲਾਨ ਕੱਟਣਾ ਨਹੀਂ, ਸਗੋਂ ਚਲਾਨ ਦੇ ਡਰ ਨਾਲ ਲੋਕਾਂ ਨੂੰ ਜਾਗਰੂਕ ਕਰਨਾ ਹੈ। ਉਨ੍ਹਾਂ ਜਿਨ੍ਹਾਂ ਲੋਕਾਂ ਨੂੰ ਫੁੱਲ ਵੰਡੇ, ਉਨ੍ਹਾਂ ਕੋਲੋਂ ਇਹ ਵਾਅਦਾ ਵੀ ਲਿਆ ਕਿ ਭਵਿੱਖ ਵਿਚ ਉਹ ਕਿਸੇ ਵੀ ਟ੍ਰੈਫਿਕ ਰੂਲਜ਼ ਨੂੰ ਨਹੀਂ ਤੋੜਨਗੇ। ਇਸ ਤੋਂ ਇਲਾਵਾ ਟ੍ਰੈਫਿਕ ਪੁਲਸ ਨੇ ਬੀ. ਐੱਮ. ਸੀ. ਚੌਕ ਤੋਂ ਇਲਾਵਾ ਹੋਰ ਥਾਵਾਂ 'ਤੇ ਵੀ ਨਾਕੇ ਲਾ ਕੇ ਵਾਹਨਾਂ 'ਤੇ ਰਿਫਲੈਕਟਰ ਲਾਏ। ਏ. ਡੀ. ਸੀ. ਪੀ. ਗਗਨੇਸ਼ ਕੁਮਾਰ ਨੇ ਕਿਹਾ ਕਿ ਰਿਫਲੈਕਟਰ ਲਾਉਣ ਦਾ ਕੰਮ ਲਗਾਤਾਰ ਜਾਰੀ ਰਹੇਗਾ।


shivani attri

Content Editor

Related News