ਚੌਕਾਂ ''ਤੇ ਲਾਊਡ ਸਪੀਕਰ ਲਾ ਕੇ ਨਿਯਮਾਂ ਪ੍ਰਤੀ ਜਾਗਰੂਕ ਕਰੇਗੀ ਟਰੈਫਿਕ ਪੁਲਸ

02/05/2020 6:15:37 PM

ਜਲੰਧਰ (ਵਰੁਣ)— ਚੰਡੀਗੜ੍ਹ ਤੋਂ ਬਾਅਦ ਹੁਣ ਸਿਟੀ ਦੇ ਚੌਕਾਂ 'ਚ ਲਾਊਡ ਸਪੀਕਰ ਲਾ ਕੇ ਟਰੈਫਿਕ ਪੁਲਸ ਲੋਕਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਜਾਗਰੂਕ ਕਰੇਗੀ। ਲੋਕਾਂ ਨੂੰ ਜਾਗਰੂਕ ਕਰਨ ਲਈ ਟਰੈਫਿਕ ਪੁਲਸ ਦਾ ਐਜੂਕੇਸ਼ਨ ਸੈੱਲ ਵਰਤੋਂ 'ਚ ਲਿਆਂਦਾ ਜਾਵੇਗਾ।

ਅਸਲ 'ਚ ਕੁਝ ਸਮਾਂ ਪਹਿਲਾਂ ਚੰਡੀਗੜ੍ਹ ਦੀ ਟਰੈਫਿਕ ਪੁਲਸ ਨੇ ਉਥੋਂ ਦੇ ਵੱਖ-ਵੱਖ ਚੌਕਾਂ 'ਤੇ ਲਾਊਡ ਸਪੀਕਰਾਂ 'ਤੇ ਬੋਲ ਕੇ ਲੋਕਾਂ ਨੂੰ ਟਰੈਫਿਕ ਨਿਯਮ ਨਾ ਮੰਨਣ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਜਾਣੂ ਕਰਵਾਇਆ ਸੀ। ਜਲੰਧਰ ਟਰੈਫਿਕ ਪੁਲਸ ਦੇ ਏ. ਡੀ. ਸੀ. ਪੀ. ਗਗਨੇਸ਼ ਕੁਮਾਰ ਦੀ ਮੰਨੀਏ ਤਾਂ ਸਰਕਾਰ ਵਲੋਂ ਚਲਾਨ ਦੇ ਜੁਰਮਾਨੇ ਵਧਾਉਣ 'ਤੇ ਵੀ ਸ਼ਹਿਰ ਦੇ ਲੋਕ ਜਾਗਰੂਕ ਨਹੀਂ ਹੋਏ ਅਤੇ ਜ਼ਿਆਦਾਤਰ ਲੋਕ ਨਿਯਮਾਂ ਦੀ ਪਾਲਣਾ ਨਹੀਂ ਕਰਦੇ। ਅਜਿਹੇ 'ਚ ਉਹ ਹਰ ਰੋਜ਼ ਵੱਖ-ਵੱਖ ਚੌਰਾਹਿਆਂ 'ਤੇ ਐਜੂਕੇਸ਼ਨ ਸੈੱਲ ਦੀ ਟੀਮ ਨੂੰ ਭੇਜ ਕੇ ਲੋਕਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕਰਨਗੇ। ਭਾਵੇਂ ਇਸ ਤੋਂ ਪਹਿਲਾਂ ਐਜੂਕੇਸ਼ਨਲ ਸੈੱਲ ਦੀ ਟੀਮ ਸਕੂਲਾਂ-ਕਾਲਜਾਂ 'ਚ ਜਾ ਕੇ ਹੀ ਵਿਦਿਆਰਥੀਆਂ ਨੂੰ ਜਾਗਰੂਕ ਕਰਦੀ ਸੀ ਜਾਂ ਫਿਰ ਹਰ ਸਾਲ ਆਉਣ ਵਾਲੇ ਨੈਸ਼ਨਲ ਰੋਡ ਸੇਫਟੀ ਵੀਕ ਦੌਰਾਨ ਟਰੈਫਿਕ ਪੁਲਸ ਲਾਊਡ ਸਪੀਕਰਾਂ ਦੀ ਵਰਤੋਂ ਕਰਦੀ ਸੀ। ਹੁਣ ਪਹਿਲੀ ਵਾਰ ਜਲੰਧਰ ਦੀ ਟਰੈਫਿਕ ਪੁਲਸ ਬਿਨਾਂ ਕਿਸੇ ਈਵੈਂਟ ਦੇ ਲਾਊਡ ਸਪੀਕਰਾਂ ਦੀ ਵਰਤੋਂ ਕਰੇਗੀ। ਏ. ਡੀ. ਸੀ. ਪੀ. ਗਗਨੇਸ਼ ਕੁਮਾਰ ਦਾ ਕਹਿਣਾ ਹੈ ਕਿ ਚਲਾਨ ਕੱਟਣ ਦਾ ਕੰਮ ਬੰਦ ਤਾਂ ਨਹੀਂ ਹੋਵੇਗਾ ਪਰ ਉਨ੍ਹਾਂ ਦੀ ਇਸ ਪਹਿਲ ਕਾਰਣ ਜੇਕਰ ਲੋਕ ਜਾਗਰੂਕ ਹੁੰਦੇ ਹਨ ਤਾਂ ਇਸ ਵਿਚ ਲੋਕਾਂ ਦਾ ਹੀ ਫਾਇਦਾ ਹੈ। ਉਨ੍ਹਾਂ ਕਿਹਾ ਿਕ ਜੇਕਰ ਵਾਹਨ ਚਾਲਕ ਨਿਯਮਾਂ ਦੀ ਪਾਲਣਾ ਕਰਦੇ ਹਨ ਤਾਂ ਚਲਾਨ ਦੇ ਨਾਲ-ਨਾਲ ਐਕਸੀਡੈਂਟ ਤੋਂ ਵੀ ਬਚਿਆ ਜਾ ਸਕਦਾ ਹੈ।

ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨਾਂ ਦੇ ਕੱਟੇ ਚਲਾਨ, ਆਟੋ ਵੀ ਕੀਤੇ ਇੰਪਾਊਂਡ
ਏ. ਡੀ. ਸੀ. ਪੀ. ਟਰੈਫਿਕ ਗਗਨੇਸ਼ ਕੁਮਾਰ ਸ਼ਰਮਾ ਦੀ ਅਗਵਾਈ 'ਚ ਟਰੈਫਿਕ ਪੁਲਸ ਨੇ ਬੀ. ਐੱਮ. ਸੀ. ਚੌਕ 'ਤੇ ਨਾਕਾਬੰਦੀ ਕਰ ਕੇ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਨ ਵਾਲੇ ਵਾਹਨਾਂ ਦੇ ਚਲਾਨ ਕੱਟੇ। ਪੁਲਸ ਨੇ ਵੱਡੀਆਂ ਗੱਡੀਆਂ ਸਣੇ ਆਟੋਜ਼ ਅਤੇ ਪਟਾਕੇ ਮਾਰ ਕੇ ਆਵਾਜ਼ ਪ੍ਰਦੂਸ਼ਣ ਫੈਲਾਉਣ ਵਾਲੇ ਬੁਲੇਟ ਦੇ ਵੀ ਚਲਾਨ ਕੱਟੇ।
ਏ. ਡੀ. ਸੀ. ਪੀ. ਸ਼ਰਮਾ ਨੇ ਦੱਿਸਆ ਕਿ ਅੱਧੀ ਦਰਜਨ ਦੇ ਕਰੀਬ ਪੁਰਾਣੇ ਅਤੇ ਪ੍ਰਦੂਸ਼ਣ ਫੈਲਾਅ ਰਹੇ ਆਟੋਜ਼ ਬੰਦ ਕੀਤੇ ਗਏ ਹਨ। ਕੁਝ ਚਲਾਨ ਵੀ ਕੱਟੇ ਗਏ ਹਨ। ਉਨ੍ਹਾਂ ਕਿਹਾ ਕਿ ਬੁਲੇਟ 'ਤੇ ਜ਼ਿਆਦਾ ਫੋਕਸ ਕੀਤਾ ਜਾ ਰਿਹਾ ਹੈ ਕਿਉਂਕਿ ਬੁਲੇਟ 'ਤੇ ਪਟਾਕਾ ਵੱਜਣ ਨਾਲ ਕੋਈ ਵਾਹਨ ਚਾਲਕ ਘਬਰਾ ਕੇ ਵਾਹਨ ਦਾ ਕੰਟਰੋਲ ਗੁਆ ਕੇ ਡਿੱਗ ਸਕਦਾ ਹੈ। ਟਰੈਫਿਕ ਪੁਲਸ ਨੇ ਇਕ ਕੰਡਮ ਗੱਡੀ ਨੂੰ ਵੀ ਇੰਪਾਊਂਡ ਕੀਤਾ, ਜੋ ਕਾਫੀ ਧੂੰਆਂ ਛੱਡ ਰਹੀ ਸੀ।

ਕੁਝ ਸਮਾਂ ਪਹਿਲਾਂ ਹੀ ਭੁਗਤਿਆ ਸੀ ਪੰਜ ਹਜ਼ਾਰ ਦਾ ਚਲਾਨ, ਹੁਣ ਦੁਬਾਰਾ ਕੱਟਿਆ ਚਲਾਨ
ਟਰੈਫਿਕ ਪੁਲਸ ਨੇ ਇਕ ਅਜਿਹੇ ਬੁਲੇਟ ਦਾ ਚਲਾਨ ਕੱਟਿਆ, ਜਿਸ ਦੇ ਚਾਲਕ ਨੇ ਕੁਝ ਸਮਾਂ ਪਹਿਲਾਂ ਹੀ ਪੰਜ ਹਜ਼ਾਰ ਰੁਪਏ ਦਾ ਚਲਾਨ ਭੁਗਤਿਆ ਸੀ। ਪੰਜ ਹਜ਼ਾਰ ਰੁਪਏ ਦਾ ਜੁਰਮਾਨਾ ਭੁਗਤਣ ਦੇ ਬਾਵਜੂਦ ਬੁਲੇਟ ਸਵਾਰ ਨੇ ਆਪਣੇ ਬੁਲੇਟ ਦਾ ਸਾਇਲੈਂਸਰ ਨਹੀਂ ਬਦਲਿਆ ਅਤੇ ਨਾਕੇ 'ਤੇ ਫੜਿਆ ਗਿਆ। ਉਸ ਚਾਲਕ ਨੇ ਪੰਜ ਹਜ਼ਾਰ ਰੁਪਏ ਭੁਗਤਣ ਦੀ ਪਰਚੀ ਵੀ ਵਿਖਾਈ ਪਰ ਟਰੈਫਿਕ ਪੁਲਸ ਨੇ ਉਸ ਦੇ ਬੁਲੇਟ ਦਾ ਚਲਾਨ ਕੱਟ ਦਿੱਤਾ ਅਤੇ ਭਵਿੱਖ 'ਚ ਚਲਾਨ ਤੋਂ ਬਚਣ ਲਈ ਸਾਇਲੈਂਸਰ ਠੀਕ ਕਰਵਾਉਣ ਦੀ ਹਦਾਇਤ ਦਿੱਤੀ।

shivani attri

This news is Content Editor shivani attri