ਹੁਣ ਬੁਲੇਟ ''ਤੇ ਪਟਾਕੇ ਵਾਲਾ ਸਲੰਸਰ ਲਾਉਣ ਵਾਲੇ ਮਕੈਨਿਕਾਂ ਦੀ ਆਵੇਗੀ ਸ਼ਾਮਤ

12/19/2019 4:04:05 PM

ਜਲੰਧਰ (ਵਰੁਣ)— ਬੁਲੇਟ ਮੋਟਰਸਾਈਕਲਾਂ 'ਤੇ ਪਟਾਕੇ ਵਾਲਾ ਸਲੰਸਰ ਲਾਉਣ ਵਾਲੇ ਮਕੈਨਿਕਾਂ 'ਤੇ ਟਰੈਫਿਕ ਪੁਲਸ ਨੇ ਸ਼ਿਕੰਜਾ ਕੱਸਣ ਦੀ ਸ਼ੁਰੂਆਤ ਕਰ ਦਿੱਤੀ ਹੈ। ਬੁੱਧਵਾਰ ਨੂੰ ਟਰੈਫਿਕ ਪੁਲਸ ਨੇ ਪਟਾਕੇ ਵਜਾਉਣ ਵਾਲੇ ਬੁਲੇਟ ਮੋਟਰਸਾਈਕਲਾਂ ਦੇ ਚਲਾਨ ਤਾਂ ਕੱਟੇ ਹੀ ਸਗੋਂ ਪਹਿਲੀ ਵਾਰ ਟਰੈਫਿਕ ਪੁਲਸ ਨੇ ਬੁਲੇਟ ਚਾਲਕਾਂ ਤੋਂ ਸਲੰਸਰ ਨਾਲ ਛੇੜਖਾਨੀ ਕਰਨ ਵਾਲੇ ਮਕੈਨਿਕਾਂ ਦੇ ਨਾਂ-ਪਤੇ ਪੁੱਛੇ ਤਾਂ ਕਿ ਉਨ੍ਹਾਂ ਦੀ ਪੂਰੀ ਲਿਸਟ ਤਿਆਰ ਕੀਤੀ ਜਾ ਸਕੇ।

ਬੁੱਧਵਾਰ ਨੂੰ ਟਰੈਫਿਕ ਪੁਲਸ ਨੇ ਬੀ. ਐੱਮ. ਸੀ. ਚੌਕ ਸਮੇਤ ਵੱਖ-ਵੱਖ ਚੌਰਾਹਿਆਂ 'ਤੇ ਸਪੈਸ਼ਲ ਨਾਕਾਬੰਦੀ ਕੀਤੀ। ਏ. ਡੀ. ਸੀ. ਪੀ. ਟਰੈਫਿਕ ਗਗਨੇਸ਼ ਕੁਮਾਰ ਖੁਦ ਇਨ੍ਹਾਂ ਨਾਕਿਆਂ ਦੀ ਅਗਵਾਈ ਕਰ ਰਹੇ ਸੀ। ਏ. ਡੀ. ਸੀ. ਪੀ. ਨੇ ਬੀ. ਐੱਮ. ਸੀ. ਚੌ²ਕ 'ਤੇ ਹੀ 13 ਬੁਲੇਟ ਮੋਟਰਸਾਈਕਲਾਂ ਦੇ ਚਲਾਨ ਕੱਟੇ, ਜਿਸ 'ਚ ਸਲੰਸਰਾਂ ਨਾਲ ਛੇੜਖਾਨੀ ਕੀਤੀ ਗਈ ਸੀ। ਏ. ਡੀ. ਸੀ. ਪੀ. ਗਗਨੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਬੁੱਧਵਾਰ ਨੂੰ 20 ਵੱਖ-ਵੱਖ ਪੁਆਇੰਟਾਂ 'ਤੇ ਉਨ੍ਹਾਂ ਬੁਲੇਟ ਮੋਟਰਸਾਈਕਲਾਂ ਦੇ ਚਲਾਨ ਕੱਟੇ, ਜਿਨ੍ਹਾਂ 'ਚ ਪਟਾਕੇ ਵਾਲਾ ਸਲੰਸਰ ਲੱਗਾ ਹੋਇਆ ਸੀ। ਉਨ੍ਹਾਂ ਨੇ ਬੁਲੇਟ ਚਾਲਕਾਂ ਤੋਂ ਹੀ ਮਕੈਨਿਕਾਂ ਦੇ ਨਾਂ ਪਤੇ ਪੁੱਛੇ ਜਾ ਰਹੇ ਹਨ। ਉਨ੍ਹਾਂ ਦੀ ਲਿਸਟ ਤਿਆਰ ਕੀਤੀ ਜਾ ਰਹੀ ਹੈ। 25-25 ਮਕੈਨਿਕਾਂ ਨੂੰ ਮੀਟਿੰਗ 'ਚ ਬੁਲਾਇਆ ਜਾਵੇਗਾ।
ਉਕਤ ਮਕੈਨਿਕਾਂ ਨੂੰ ਕਿਹਾ ਜਾਵੇਗਾ ਕਿ ਜੇ ਉਨ੍ਹਾਂ ਨੇ ਭਵਿੱਖ 'ਚ ਬੁਲੇਟ ਮੋਟਰਸਾਈਕਲਾਂ ਦੇ ਸਲੰਸਰਾਂ ਨਾਲ ਛੇੜਖਾਨੀ ਕਰ ਕੇ ਪਟਾਕੇ ਵਾਲਾ ਸਲੰਸਰ ਲਾਇਆ ਤਾਂ ਦੁਬਾਰਾ ਉਨ੍ਹਾਂ ਨੂੰ ਵਾਰਨਿੰਗ ਨਹੀਂ ਦਿੱਤੀ ਜਾਵੇਗੀ ਪਰ ਕਾਨੂੰਨੀ ਕਾਰਵਾਈ ਜ਼ਰੂਰ ਕਰ ਦਿੱਤੀ ਜਾਵੇਗੀ। ਏ. ਡੀ. ਸੀ. ਪੀ. ਨੇ ਕਿਹਾ ਕਿ ਹਰ ਦਿਨ ਹੁਣ ਵੱਖ-ਵੱਖ ਪੁਆਇੰਟਾਂ 'ਤੇ ਬੁਲੇਟ ਮੋਟਰਸਾਈਕਲਾਂ ਨੂੰ ਚੈੱਕ ਕੀਤਾ ਜਾਵੇਗਾ ਅਤੇ ਉਨ੍ਹਾਂ ਦੇ ਚਲਾਨ ਵੀ ਕੱਟੇ ਜਾਣਗੇ।

ਟਰੈਫਿਕ ਪੁਲਸ ਨੇ ਵਾਹਨਾਂ 'ਤੇ ਲਾਏ ਰਿਫਲੈਕਟਰ
ਟਰੈਫਿਕ ਪੁਲਸ ਨੇ ਹਾਈਵੇ 'ਤੇ ਚੱਲਣ ਵਾਲੇ ਵਾਹਨਾਂ 'ਤੇ ਬੁੱਧਵਾਰ ਨੂੰ ਰਿਫਲੈਕਟਰ ਲਾਏ। ਏ. ਡੀ. ਸੀ. ਪੀ. ਗਗਨੇਸ਼ ਕੁਮਾਰ ਸ਼ਰਮਾ ਨੇ ਕਿਹਾ ਕਿ ਧੁੰਦ ਕਾਰਨ ਪਿੱਛੋਂ ਆ ਰਹੇ ਵਾਹਨਾਂ ਨੂੰ ਅੱਗੇ ਜਾ ਰਹੇ ਵਾਹਨਾਂ ਨੂੰ ਦੇਖਣਾ ਕਾਫੀ ਮੁਸ਼ਕਲ ਹੁੰਦਾ ਹੈ, ਜਿਸ ਕਾਰਨ ਰਿਫਲੈਕਟਰ ਲਾਏ ਗਏ। ਉਨ੍ਹਾਂ ਟ੍ਰਾਂਸਪੋਰਟਰਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪਣੇ ਸਾਰੇ ਹੈਵੀ ਵ੍ਹੀਕਲਾਂ ਦੀ ਬੈਕ ਲਾਈਟ ਜ਼ਰੂਰ ਠੀਕ ਰੱਖਣ ਕਿਉਂਕਿ ਰਾਤ ਦੇ ਸਮੇਂ ਅਜਿਹੇ ਵਾਹਨ ਹਾਦਸੇ ਦਾ ਕਾਰਨ ਬਣਦੇ ਹਨ। ਉਨ੍ਹਾਂ ਲੋਕਾਂ ਨੂੰ ਵੀ ਇਹੀ ਅਪੀਲ ਕੀਤੀ ਅਤੇ ਕਿਹਾ ਕਿ ਧੁੰਦ ਕਾਰਣ ਵਾਹਨ ਹੌਲੀ ਰਫਤਾਰ ਨਾਲ ਚਲਾਉਣ।

shivani attri

This news is Content Editor shivani attri