ਗਲਤ ਢੰਗ ਨਾਲ ਲੱਗੇ ਸਾਈਨ ਬੋਰਡ ਉਤਾਰ ਕੇ ਰਿਪੇਅਰ ਲਈ ਭੇਜੇ, ਲਾਉਣ ਲਈ ਚੁਣੇ ਸਥਾਨ

12/12/2019 2:16:55 PM

ਜਲੰਧਰ (ਵਰੁਣ)— ਹਾਈਵੇਅ 'ਤੇ ਸੜਕ ਹਾਦਸੇ ਰੋਕਣ ਲਈ ਅੰਮ੍ਰਿਤਸਰ ਵਲ ਜਾਣ ਵਾਲੇ ਟ੍ਰੈਫਿਕ ਨੂੰ ਸਿਟੀ 'ਚ ਦਾਖਲ ਹੋਣ ਤੋਂ ਰੋਕਣ ਲਈ ਟ੍ਰੈਫਿਕ ਪੁਲਸ ਨੇ ਹਾਈਵੇਅ 'ਤੇ ਸਾਈਨ ਬੋਰਡ ਲਗਵਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ। 'ਜਗ ਬਾਣੀ' ਵਲੋਂ ਹਾਈਵੇਅ 'ਤੇ ਛੋਟੇ ਅਤੇ ਗਲਤ ਢੰਗ ਨਾਲ ਲੱਗੇ ਸਾਈਨ ਬੋਰਡ ਕਾਰਣ ਧੁੰਦ 'ਚ ਐਕਸੀਡੈਂਟ ਹੋਣ ਦਾ ਖਤਰਾ ਜਤਾਇਆ ਗਿਆ ਸੀ, ਜਿਸ ਤੋਂ ਬਾਅਦ ਟ੍ਰੈਫਿਕ ਪੁਲਸ ਦੇ ਏ. ਡੀ. ਸੀ. ਪੀ. ਅਤੇ ਏ. ਸੀ. ਪੀ. ਨੇ ਹਾਈਵੇਅ 'ਤੇ ਜਾ ਕੇ ਦੌਰਾ ਕੀਤਾ ਅਤੇ ਸਾਈਨ ਬੋਰਡ ਲਾਉਣ ਦੇ ਪੁਆਇੰਟ ਚੁਣੇ।

ਏ. ਡੀ. ਸੀ. ਪੀ. ਟ੍ਰੈਫਿਕ ਗਗਨੇਸ਼ ਕੁਮਾਰ ਸ਼ਰਮਾ ਅਤੇ ਏ. ਸੀ. ਪੀ. ਟ੍ਰੈਫਿਕ ਹਰਬਿੰਦਰ ਭੱਲਾ ਨੇ ਆਪਣੀ ਟੀਮ ਨਾਲ ਪੀ. ਏ. ਪੀ. ਚੌਕ ਤੋਂ ਦਕੋਹਾ ਅਤੇ ਪੀ. ਏ. ਪੀ. ਚੌਕ ਤੋਂ ਚੁਗਿੱਟੀ ਚੌਕ ਤੱਕ ਜਾ ਕੇ ਸਾਈਨ ਬੋਰਡ ਦੇ ਪੁਆਇੰਟ ਚੁਣੇ। ਇਸ ਤੋਂ ਬਾਅਦ ਪੁਲਸ ਨੇ ਪੀ. ਏ. ਪੀ. ਚੌਕ 'ਤੇ ਜੋ ਗਲਤ ਢੰਗ ਨਾਲ ਸਾਈਨ ਬੋਰਡ ਲੱਗੇ ਸਨ ਉਨ੍ਹਾਂ ਨੂੰ ਹਟਾ ਦਿੱਤਾ ਗਿਆ। ਉਕਤ ਸਾਈਨ ਬੋਰਡਾਂ ਨੂੰ ਰਿਪੇਅਰ ਕਰਕੇ ਹੁਣ ਹਾਈਵੇਅ 'ਤੇ ਲਾਇਆ ਜਾਵੇਗਾ। ਏ. ਡੀ. ਸੀ. ਪੀ. ਗਗਨੇਸ਼ ਕੁਮਾਰ ਨੇ ਕਿਹਾ ਕਿ ਇਕ ਸਾਈਨ ਬੋਰਡ ਦਕੋਹਾ ਫਾਟਕ ਕੋਲ ਲਾਇਆ ਜਾਵੇਗਾ ਤਾਂ ਜੋ ਅੰਮ੍ਰਿਤਸਰ ਵਲ ਜਾਣ ਵਾਲਾ ਟ੍ਰੈਫਿਕ ਦਕੋਹਾ ਵਲੋਂ ਰਾਮਾਮੰਡੀ ਫਲਾਈਓਵਰ ਚੜ੍ਹ ਜਾਵੇ ਜਦੋਂਕਿ ਟ੍ਰੈਫਿਕ ਸਰਵਿਸ ਲੇਨ 'ਤੇ ਹੀ ਰਹੇ। ਇਸ ਤੋਂ ਇਲਾਵਾ ਇਕ ਸਾਈਨ ਬੋਰਡ ਭੂਰ ਮੰਡੀ ਵਿਚ ਲਗਾਇਆ ਜਾਵੇਗਾ ਤਾਂ ਜੋ ਦਕੋਹਾ ਵਲੋਂ ਜੇਕਰ ਕੋਈ ਸਿਟੀ ਜਾਣ ਵਾਲਾ ਵਾਹਨ ਫਲਾਈਓਵਰ ਚੜ੍ਹ ਵੀ ਗਿਆ ਤਾਂ ਉਹ ਭੂਰ ਮੰਡੀ ਤੋਂ ਸਰਵਿਸ ਲੇਨ 'ਤੇ ਆਸਾਨੀ ਨਾਲ ਆ ਜਾਵੇ। ਉਨ੍ਹਾਂ ਕਿਹਾ ਕਿ ਦੋ ਸਾਈਨ ਬੋਰਡ ਜਲੰਧਰ ਅੰਮ੍ਰਿਤਸਰ ਹਾਈਵੇਅ 'ਤੇ ਲਗਾਏ ਜਾਣਗੇ।

ਅਜੇ ਤੱਕ ਪੀ. ਏ. ਪੀ. ਚੌਕ 'ਤੇ ਨਹੀਂ ਲਾਈਆਂ ਗਈਆਂ ਲਾਈਟਾਂ
ਟ੍ਰੈਫਿਕ ਪੁਲਸ ਵੱਲੋਂ ਕਈ ਵਾਰ ਨਿਗਮ ਨੂੰ ਲੈਟਰ ਲਿਖੇ ਜਾਣ ਦੇ ਬਾਵਜੂਦ ਪੀ. ਏ. ਪੀ. ਚੌਕ 'ਤੇ ਲੋਕਾਂ ਦੀ ਸਹੂਲਤ ਲਈ ਲਾਈਟਾਂ ਦਾ ਪ੍ਰਬੰਧ ਨਹੀਂ ਕੀਤਾ ਗਿਆ। ਕਰੀਬ ਇਕ ਮਹੀਨਾ ਬੀਤ ਜਾਣ ਤੋਂ ਬਾਅਦ ਵੀ ਲੋਕਾਂ ਨੂੰ ਸ਼ਾਮ ਦੇ ਸਮੇਂ ਹਨੇਰੇ ਵਿਚ ਖੜ੍ਹਾ ਹੋਣਾ ਪੈ ਰਿਹਾ ਹੈ। ਧੁੰਦ ਦੇ ਮੌਸਮ 'ਚ ਲੋਕਾਂ ਨੂੰ ਹੋਰ ਵੀ ਪ੍ਰੇਸ਼ਾਨੀ ਹੋਵੇਗੀ।

shivani attri

This news is Content Editor shivani attri