ਟ੍ਰੈਫਿਕ ਪੁਲਸ ''ਚ ਸ਼ਾਮਲ ਕੀਤੀਆਂ ਜਾਣਗੀਆਂ 12 ਮਹਿਲਾ ਕਾਂਸਟੇਬਲ

09/17/2019 12:38:12 PM

ਜਲੰਧਰ (ਜ.ਬ.)— ਟ੍ਰੈਫਿਕ ਪੁਲਸ 'ਚ ਤਾਇਨਾਤ 32 ਮਹਿਲਾ ਕਾਂਸਟੇਬਲਾਂ ਵੱਲੋਂ ਇਕ ਤੋਂ ਬਾਅਦ ਇਕ ਟਰਾਂਸਫਰ ਕਰਵਾ ਕੇ ਹੋਰ ਵਿਭਾਗਾਂ 'ਚ ਡਿਊਟੀ ਲਗਵਾਉਣ ਤੋਂ ਬਾਅਦ ਹਰਕਤ 'ਚ ਆਈ ਟ੍ਰੈਫਿਕ ਪੁਲਸ ਦੋਬਾਰਾ ਔਰਤਾਂ ਨੂੰ ਵਾਪਸ ਬੁਲਾਵੇਗੀ। ਇਸ ਸਮੇਂ ਟ੍ਰੈਫਿਕ ਪੁਲਸ 'ਚ ਸਿਰਫ 11 ਮਹਿਲਾ ਪੁਲਸ ਮੁਲਾਜ਼ਮਾਂ ਹੀ ਰਹਿ ਗਈਆਂ ਹਨ। ਸੋਮਵਾਰ ਨੂੰ ਉੱਚ ਅਧਿਕਾਰੀਆਂ ਅਤੇ ਟ੍ਰੈਫਿਕ ਪੁਲਸ ਦੇ ਅਧਿਕਾਰੀਆਂ ਦਰਮਿਆਨ ਹੋਈ ਮੀਟਿੰਗ 'ਚ ਫੈਸਲਾ ਲਿਆ ਗਿਆ ਕਿ ਟ੍ਰੈਫਿਕ ਪੁਲਸ 'ਚ 12 ਮਹਿਲਾ ਕਾਂਸਟੇਬਲ ਭਰਤੀ ਹੋਣਗੀਆਂ। ਅਧਿਕਾਰੀਆਂ ਦੀ ਕੋਸ਼ਿਸ਼ ਰਹੇਗੀ ਕਿ ਉਨ੍ਹਾਂ ਮੁਲਾਜ਼ਮਾਂ ਨੂੰ ਹੀ ਵਾਪਸ ਬੁਲਾਇਆ ਜਾਵੇ ਜੋ ਟਰਾਂਸਫਰ ਕਰਵਾ ਕੇ ਚਲੀਆਂ ਗਈਆਂ ਹਨ ਕਿਉਂਕਿ ਉਨ੍ਹਾਂ ਨੂੰ ਟ੍ਰੈਫਿਕ ਦੀ ਸਾਰੀ ਟ੍ਰੇਨਿੰਗ ਹੈ ਅਤੇ ਹੋਰ ਮੁਲਾਜ਼ਮਾਂ ਨੂੰ ਟ੍ਰੇਨਿੰਗ ਦੇਣ 'ਚ ਸਮੇਂ ਦੀ ਕਾਫੀ ਬਰਬਾਦੀ ਹੋਵੇਗੀ।

ਸੋਮਵਾਰ ਨੂੰ ਏ. ਡੀ. ਸੀ. ਪੀ. ਟ੍ਰੈਫਿਕ ਗਗਨੇਸ਼ ਕੁਮਾਰ ਨੇ ਕੁਝ ਮਹਿਲਾ ਮੁਲਾਜ਼ਮਾਂ ਨੂੰ ਬੁਲਾ ਕੇ ਉਨ੍ਹਾਂ ਦੀ ਪ੍ਰੇਸ਼ਾਨੀ ਵੀ ਸੁਣੀ। ਉਨ੍ਹਾਂ ਮਹਿਲਾ ਮੁਲਾਜ਼ਮਾਂ ਨੂੰ ਸਾਫ ਕਿਹਾ ਕਿ ਜੇਕਰ ਕਿਸੇ ਨੂੰ ਵੀ ਫੀਲਡ 'ਚ ਮੁਸ਼ਕਿਲ ਆਉਂਦੀ ਹੈ ਤਾਂ ਉਹ ਉਨ੍ਹਾਂ ਨੂੰ ਦੱਸਣ। ਏ. ਡੀ. ਸੀ. ਪੀ. ਗਗਨੇਸ਼ ਕੁਮਾਰ ਨੇ ਕਿਹਾ ਕਿ ਮਹਿਲਾ ਕਾਂਸਟੇਬਲ 8 ਘੰਟਿਆਂ ਦੀ ਹੀ ਡਿਊਟੀ ਦੇਣਗੀਆਂ ਅਤੇ ਡਿਊਟੀ ਦੌਰਾਨ ਉਨ੍ਹਾਂ ਨੂੰ ਇਕ ਘੰਟੇ ਦੀ ਰੈਸਟ ਵੀ ਦਿੱਤੀ ਜਾਵੇਗੀ।
ਦੱਸਣਯੋਗ ਹੈ ਕਿ ਜਦੋਂ ਟ੍ਰੈਫਿਕ ਪੁਲਸ ਦੇ ਏ. ਸੀ. ਪੀ. ਜੰਗ ਬਹਾਦਰ ਹੁੰਦੇ ਸਨ ਤਾਂ 32 ਮਹਿਲਾ ਟ੍ਰੈਫਿਕ ਪੁਲਸ ਮੁਲਾਜ਼ਮ ਭਰਤੀ ਕੀਤੀਆਂ ਗਈਆਂ ਸਨ। ਇਹ ਮਹਿਲਾ ਮੁਲਾਜ਼ਮ ਟ੍ਰੈਫਿਕ ਕੰਟਰੋਲ ਤੋਂ ਇਲਾਵਾ ਮਹਿਲਾ ਡਰਾਈਵਰਾਂ ਨਾਲ ਸਾਰੀ ਗੱਲਬਾਤ ਅਤੇ ਉਨ੍ਹਾਂ ਦੇ ਦਸਤਾਵੇਜ਼ ਚੈੱਕ ਕਰਦੀਆਂ ਸਨ। 32 ਔਰਤਾਂ ਨੂੰ 7 ਦਿਨਾਂ ਦੀ ਟ੍ਰੇਨਿੰਗ ਤੋਂ ਬਾਅਦ ਫੀਲਡ 'ਚ ਉਤਾਰਿਆ ਗਿਆ ਸੀ।

ਫੀਲਡ 'ਚ ਜਾਣ ਵਾਲੇ ਟ੍ਰੈਫਿਕ ਮੁਲਾਜ਼ਮਾਂ ਨੂੰ ਵੰਡੇ ਮਾਸਕ
ਪ੍ਰਦੂਸ਼ਣ ਨਾਲ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਣ ਲਈ ਟ੍ਰੈਫਿਕ ਪੁਲਸ ਦੇ ਫੀਲਡ 'ਚ ਉਤਰਣ ਵਾਲੇ ਸਾਰੇ ਮੁਲਾਜ਼ਮਾਂ ਨੂੰ ਸੋਮਵਾਰ ਨੂੰ ਮਾਸਕ ਦਿੱਤੇ ਗਏ। ਏ. ਡੀ. ਸੀ. ਪੀ. ਟ੍ਰੈਫਿਕ ਗਗਨੇਸ਼ ਕੁਮਾਰ ਨੇ ਕਿਹਾ ਕਿ ਮੁਲਾਜ਼ਮਾਂ ਦੀ ਸਿਹਤ ਦਾ ਪੂਰਾ ਖਿਆਲ ਰੱਖਿਆ ਜਾਵੇਗਾ। ਸਾਰਿਆਂ ਨੂੰ ਕਿਹਾ ਗਿਆ ਹੈ ਕਿ ਉਹ ਮਾਸਕ ਪਾ ਕੇ ਹੀ ਸੜਕਾਂ-ਚੌਰਾਹਿਆਂ 'ਤੇ ਤਾਇਨਾਤ ਹੋਣ।
ਏ. ਡੀ. ਸੀ. ਪੀ. ਗਗਨੇਸ਼ ਕੁਮਾਰ ਨੇ ਦੱਸਿਆ ਕਿ ਮਹਿਲਾ ਮੁਲਾਜ਼ਮਾਂ ਨੂੰ ਜੇਕਰ ਪੁਰਸ਼ ਮੁਲਾਜ਼ਮਾਂ ਤੋਂ ਕੋਈ ਪ੍ਰੇਸ਼ਾਨੀ ਹੈ ਤਾਂ ਉਹ ਲੁਕਾਉਣ ਦੀ ਥਾਂ ਆਪਣੇ ਅਧਿਕਾਰੀਆਂ ਨੂੰ ਦੱਸਣ, ਤੁਰੰਤ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਡਿਊਟੀ ਦੌਰਾਨ ਵੀ ਜੇਕਰ ਕੋਈ ਪ੍ਰੇਸ਼ਾਨੀ ਆਉਂਦੀ ਹੈ ਤਾਂ ਮਹਿਲਾ ਮੁਲਾਜ਼ਮਾਂ ਨੂੰ ਪੂਰਾ ਹੱਕ ਹੈ ਕਿ ਉਹ ਆਪਣੇ ਵਿਭਾਗ ਨੂੰ ਇਸ ਬਾਰੇ ਜ਼ਰੂਰ ਦੱਸਣ।


shivani attri

Content Editor

Related News