ਸਾਰੇ ਸਕੂਲਾਂ ''ਚ ਜਾ ਕੇ ਵਾਹਨਾਂ ਦੀ ਲਿਸਟ ਤਿਆਰ ਕਰਨ ''ਚ ਜੁਟੀ ਟ੍ਰੈਫਿਕ ਪੁਲਸ

02/19/2020 4:23:34 PM

ਜਲੰਧਰ (ਵਰੁਣ)— ਸੰਗਰੂਰ 'ਚ ਸਕੂਲੀ ਵੈਨ ਵਿਚ ਲੱਗੀ ਅੱਗ ਦੌਰਾਨ ਜ਼ਿੰਦਾ ਸੜੇ ਬੱਚਿਆਂ ਦੀ ਘਟਨਾ ਤੋਂ ਬਾਅਦ ਟ੍ਰੈਫਿਕ ਪੁਲਸ ਸਾਰੇ ਸਕੂਲਾਂ ਵਿਚ ਜਾ ਕੇ ਸਕੂਲੀ ਵਾਹਨਾਂ ਦੀ ਲਿਸਟ ਤਿਆਰ ਕਰਨ 'ਚ ਜੁਟ ਗਈ ਹੈ। ਸੋਮਵਾਰ ਨੂੰ ਸਾਰੇ ਸਕੂਲਾਂ ਨੂੰ ਨੋਟਿਸ ਜਾਰੀ ਕਰਨ ਤੋਂ ਬਾਅਦ ਮੰਗਲਵਾਰ ਨੂੰ ਹੀ ਟ੍ਰੈਫਿਕ ਪੁਲਸ ਦੀਆਂ ਵੱਖ-ਵੱਖ ਟੀਮਾਂ ਨੇ ਲਿਸਟ ਤਿਆਰ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ।

ਫਿਲਹਾਲ ਬੱਚਿਆਂ ਦੇ ਚੱਲ ਰਹੇ ਪੇਪਰਾਂ ਕਾਰਨ ਟ੍ਰੈਫਿਕ ਪੁਲਸ ਹੁਣ ਨਾਕਿਆਂ 'ਤੇ ਚੈਕਿੰਗ ਲਈ ਸਕੂਲੀ ਵਾਹਨ ਨਹੀਂ ਰੋਕੇਗੀ ਤਾਂ ਜੋ ਬੱਚਿਆਂ ਨੂੰ ਨੁਕਸਾਨ ਨਾ ਪਹੁੰਚੇ ਪਰ ਟ੍ਰੈਫਿਕ ਪੁਲਸ ਨੇ ਹੁਣ ਸਟੇਟਮੈਂਟ ਦਿੱਤੀ ਹੈ ਕਿ 1-1 ਸਕੂਲ 'ਚ ਜਾ ਕੇ ਸਾਰੇ ਸਕੂਲਾਂ ਦੀਆਂ ਬੱਸਾਂ, ਮਿੰਨੀ ਬੱਸਾਂ, ਆਟੋ ਅਤੇ ਹੋਰ ਵਾਹਨਾਂ ਦੀ ਚੈਕਿੰਗ ਕੀਤੀ ਜਾਵੇਗੀ। ਚੈਕਿੰਗ 'ਚ ਕੋਈ ਵੀ ਵਾਹਨ ਕੰਡਮ ਨਿਕਲਿਆ ਤਾਂ ਉਸ ਨੂੰ ਇੰਪਾਊਂਡ ਕੀਤਾ ਜਾਵੇਗਾ। ਵਾਹਨਾਂ 'ਚ ਨਿਯਮਾਂ ਅਨੁਸਾਰ ਜੇਕਰ ਕੋਈ ਤਰੁੱਟੀ ਪਾਈ ਗਈ ਤਾਂ ਉਸ ਵਾਹਨ ਦਾ ਸਕੂਲ ਵਿਚ ਹੀ ਚਲਾਨ ਕੀਤਾ ਜਾਵੇਗਾ।
ਏ. ਡੀ. ਸੀ. ਪੀ. ਟ੍ਰੈਫਿਕ ਗਗਨੇਸ਼ ਕੁਮਾਰ ਦਾ ਕਹਿਣਾ ਹੈ ਕਿ ਸੜਕਾਂ 'ਤੇ ਚੱਲਣ ਵਾਲੇ ਰੂਲਜ਼ ਨਹੀਂ, ਸਗੋਂ ਸੀ. ਸੀ. ਟੀ. ਵੀ. ਕੈਮਰੇ ਨਾ ਹੋਣਾ, ਅੱਗ ਬੁਝਾਉਣ ਵਾਲੇ ਯੰਤਰ ਆਦਿ ਜਿਹੇ ਨਿਯਮ ਹੀ ਖੜ੍ਹੇ ਵਾਹਨਾਂ ਦੇ ਚੈੱਕ ਕੀਤੇ ਜਾਣਗੇ। ਟ੍ਰੈਫਿਕ ਪੁਲਸ ਦਾ ਫੋਕਸ ਰਹੇਗਾ ਕਿ ਅਜਿਹੇ ਸਕੂਲ ਵਾਹਨਾਂ ਨੂੰ ਇੰਪਾਊਂਡ ਕੀਤਾ ਜਾਵੇ ਜਿਨ੍ਹਾਂ ਨਾਲ ਬੱਚਿਆਂ ਦੀ ਸੁਰੱਖਿਆ ਨੂੰ ਖਤਰਾ ਹੋਵੇ। ਏ. ਡੀ. ਸੀ. ਪੀ. ਗਗਨੇਸ਼ ਕੁਮਾਰ ਨੇ ਕਿਹਾ ਕਿ ਸੋਮਵਾਰ ਤੋਂ ਲਿਸਟ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਜਲਦੀ ਹੀ ਟ੍ਰੈਫਿਕ ਪੁਲਸ ਦੀਆਂ ਟੀਮਾਂ ਸਾਰੇ ਸਕੂਲਾਂ ਦੀ ਟਰਾਂਸਪੋਰਟ ਦਾ ਰਿਕਾਰਡ ਬਣਾ ਲੈਣਗੀਆਂ ਅਤੇ ਨਾਲ ਹੀ ਨਾਲ ਕਾਰਵਾਈ ਵੀ ਹੁੰਦੀ ਰਹੇਗੀ।

ਲੁਕਾਉਣ ਦੀ ਕੋਸ਼ਿਸ਼ ਕੀਤੀ ਤਾਂ ਹੋਵੇਗੀ ਸਕੂਲ ਪ੍ਰਬੰਧਕਾਂ 'ਤੇ ਕਾਨੂੰਨੀ ਕਾਰਵਾਈ
ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਟ੍ਰੈਫਿਕ ਪੁਲਸ ਦੇ ਅਧਿਕਾਰੀ ਹੁਣ ਹਰਕਤ 'ਚ ਆ ਗਏ ਹਨ। ਟ੍ਰੈਫਿਕ ਪੁਲਸ ਦਾ ਕਹਿਣਾ ਹੈ ਕਿ ਸਕੂਲਾਂ ਵਿਚ ਚੈਕਿੰਗ ਦੌਰਾਨ ਜੇਕਰ ਕਿਸੇ ਵੀ ਸਕੂਲ ਦੇ ਪ੍ਰਬੰਧਕ ਨੇ ਕੰਡਮ ਸਕੂਲੀ ਵਾਹਨਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਅਤੇ ਉਸ ਸਕੂਲ ਦੇ ਕੰਡਮ ਵਾਹਨ ਸੜਕ 'ਤੇ ਚੱਲਦੇ ਮਿਲੇ ਤਾਂ ਸਕੂਲ ਪ੍ਰਬੰਧਕਾਂ 'ਤੇ ਕਾਰਵਾਈ ਹੋਣੀ ਤੈਅ ਹੈ। ਏ. ਡੀ. ਸੀ. ਪੀ. ਨੇ ਕਿਹਾ ਕਿ ਮਾਪਿਆਂ ਨੂੰ ਚਾਹੀਦਾ ਹੈ ਕਿ ਕੋਈ ਕੰਡਮ ਵਾਹਨ ਬੱਚਿਆਂ ਨੂੰ ਲੈ ਕੇ ਜਾਣ ਜਾਂ ਛੱਡਣ ਦਾ ਕੰਮ ਕਰ ਰਿਹਾ ਹੈ ਤਾਂ ਉਸ ਵਿਚ ਆਪਣੇ ਬੱਚਿਆਂ ਨੂੰ ਕਿਸੇ ਵੀ ਹਾਲਤ ਵਿਚ ਨਾ ਭੇਜਣ।

ਜ਼ਿਆਦਾਤਰ ਸਕੂਲਾਂ ਦੇ ਬਾਹਰ ਜ਼ੈਬਰਾ ਲਾਈਨ ਨਹਂੀਂ
ਨਿਯਮਾਂ ਅਨੁਸਾਰ ਸਾਰੇ ਸਕੂਲਾਂ ਦੇ ਬਾਹਰ ਜ਼ੈਬਰਾ ਲਾਈਨ ਹੋਣੀ ਜ਼ਰੂਰੀ ਹੈ ਤਾਂ ਜੋ ਛੁੱਟੀ ਅਤੇ ਸਕੂਲ ਲੱਗਣ ਦੇ ਸਮੇਂ ਜ਼ੈਬਰਾ ਲਾਈਨ ਤੋਂ ਪਹਿਲਾਂ ਸਾਰੇ ਵਾਹਨ ਰੁਕ ਜਾਣ ਅਤੇ ਬੱਚੇ ਸੜਕ ਕਰਾਸ ਕਰ ਸਕਣ। ਹੈਰਾਨੀ ਦੀ ਗੱਲ ਹੈ ਕਿ ਜ਼ਿਆਦਾਤਰ ਸਕੂਲਾਂ ਦੇ ਬਾਹਰ ਜ਼ੈਬਰਾ ਲਾਈਨਸ ਹੀ ਨਹੀਂ ਹਨ, ਜਿਸ ਕਾਰਨ ਕਿਸੇ ਵੀ ਸਮੇਂ ਹਾਦਸਾ ਹੋ ਸਕਦਾ ਹੈ।

shivani attri

This news is Content Editor shivani attri