ਟੋਲ ਪਲਾਜ਼ਾ ਦੀ ਇਕ ਹੀ ਲੇਨ ਚੱਲਣ ਕਾਰਨ ਵਾਹਨ ਚਾਲਕ ਹੋਏ ਪ੍ਰੇਸ਼ਾਨ

04/25/2018 11:59:19 AM

ਰੂਪਨਗਰ (ਕੈਲਾਸ਼)— ਰੂਪਨਗਰ ਤੋਂ ਸ੍ਰੀ ਚਮਕੌਰ ਸਾਹਿਬ ਜਾਣ ਵਾਲੇ ਰਾਜ ਮਾਰਗ 'ਤੇ ਟੋਲ ਪਲਾਜ਼ਾ 'ਤੇ ਇਕ ਹੀ ਲੇਨ ਚੱਲਣ ਕਾਰਨ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਜਾਣਕਾਰੀ ਅਨੁਸਾਰ ਬੀਤੇ ਦਿਨ ਦੁਪਹਿਰ ਕਰੀਬ 12.30 ਵਜੇ ਉਕਤ ਟੋਲ ਪਲਾਜ਼ਾ 'ਤੇ ਸ੍ਰੀ ਚਮਕੌਰ ਸਾਹਿਬ ਨੂੰ ਜਾਣ ਲਈ ਇਕ ਹੀ ਲੇਨ ਚੱਲ ਰਹੀ ਸੀ ਜਦੋਂ ਕਿ ਬਾਕੀਆਂ ਦੀਆਂ ਸਾਰੀਆਂ ਲੇਨਜ਼ ਬੰਦ ਸਨ। 
ਮੌਕੇ 'ਤੇ ਮੌਜੂਦ ਕਰਮਚਾਰੀਆਂ ਨੇ ਦੱਸਿਆ ਕਿ ਟਰੱਕਾਂ ਦੇ ਲੋਡ ਦੀ ਜਾਂਚ ਹੋਣ ਕਾਰਨ ਉਕਤ ਲੇਨਜ਼ ਬੰਦ ਕੀਤੀਆਂ ਹਨ। ਸ੍ਰੀ ਚਮਕੌਰ ਸਾਹਿਬ ਤੋਂ ਰੂਪਨਗਰ ਵੱਲ ਆਉਣ ਸਮੇਂ ਸ਼ਾਮ 4 ਵਜੇ ਵੀ ਇਕ ਹੀ ਲੇਨ ਚੱਲ ਰਹੀ ਸੀ, ਜਿਸ ਕਾਰਨ ਵਾਹਨ ਚਾਲਕ ਆਪਣੀ ਵਾਰੀ ਦੇ ਇੰਤਜ਼ਾਰ ਲਈ ਪ੍ਰੇਸ਼ਾਨ ਸਨ। ਇਸ ਸਮੇਂ ਟੋਲ ਪਲਾਜ਼ਾ ਦੇ ਪ੍ਰਬੰਧਕ ਆਡੀਟਰ ਅਰਵਿੰਦ ਕੁਮਾਰ ਨੇ ਦੱਸਿਆ ਕਿ 3 ਵਜੇ ਸ਼ਿਫਟ ਚੇਂਜ ਹੋਣ ਕਾਰਨ ਹਾਲੇ ਤੱਕ ਉਨ੍ਹਾਂ ਕੋਲ ਉਨ੍ਹਾਂ ਦੇ ਕਰਮਚਾਰੀ ਡਿਊਟੀ 'ਤੇ ਨਹੀਂ ਪੁੱਜੇ ਜਿਸ ਕਾਰਨ ਇਕ ਹੀ ਲੇਨ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਤੁਰੰਤ ਹੀ ਕਰਮਚਾਰੀਆਂ ਦੇ ਪਹੁੰਚਣ ਤੋਂ ਬਾਅਦ ਬਾਕੀ ਲੇਨਜ਼ ਬਹਾਲ ਕਰ ਦਿੱਤੀਆਂ ਜਾਣਗੀਆਂ। ਮੌਕੇ 'ਤੇ ਮੌਜੂਦ ਵਾਹਨ ਚਾਲਕਾਂ ਨੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਕਤ ਟੋਲ ਪਲਾਜ਼ਾ ਦੇ ਪ੍ਰਬੰਧਕਾਂ ਨੂੰ ਸਾਰੀਆਂ ਲੇਨਜ਼ ਚਾਲੂ ਰੱਖਣ ਦੇ ਨਿਰਦੇਸ਼ ਜਾਰੀ ਕੀਤੇ ਜਾਣ।