ਨਾਜਾਇਜ਼ ਤੌਰ ''ਤੇ ਚੱਲ ਰਹੇ ਟੋਲ ਪਲਾਜ਼ਿਆਂ ਸਬੰਧੀ ਡੀ. ਸੀ. ਨੂੰ ਦਿੱਤਾ ਮੰਗ-ਪੱਤਰ

10/03/2019 12:09:29 PM

ਰੂਪਨਗਰ (ਕੈਲਾਸ਼)— ਸਮਾਜਕ ਕਾਰਜਕਰਤਾ ਵਕੀਲ ਦਿਨੇਸ਼ ਚੱਢਾ ਨੇ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਮਿਲ ਕੇ ਮੰਗ-ਪੱਤਰ ਦਿੱਤਾ ਅਤੇ ਦੱਸਿਆ ਕਿ ਨੱਕੀਆਂ ਅਤੇ ਸੋਲਖੀਆਂ ਵਿਖੇ ਟੋਲ ਪਲਾਜ਼ੇ ਨਾਜਾਇਜ਼ ਤੌਰ 'ਤੇ ਲੋਕਾਂ ਦੀ ਲੁੱਟ ਕਰ ਰਹੇ ਹਨ। ਜੋ ਕਿ ਪੂਰੀ ਤਰ੍ਹਾਂ ਗੈਰ-ਕਾਨੂੰਨੀ ਹੈ। ਨੱਕੀਆਂ ਟੋਲ ਪਲਾਜ਼ੇ ਵਾਲੀ ਕੰਪਨੀ ਨੇ ਜੋ ਰੋਡ ਬਣਾਈ ਸੀ, ਉਸ ਦੀ ਮਿਆਦ 19 ਨਵੰਬਰ 2018 ਨੂੰ ਪੂਰੀ ਹੋ ਗਈ ਸੀ। ਉਸ ਤੋਂ ਬਾਅਦ ਇਸ ਕੰਪਨੀ ਨੇ ਇਸ ਸ੍ਰੀ ਕੀਰਤਪੁਰ ਸਾਹਿਬ, ਮਹਿਤਪੁਰ ਸੜਕ 'ਤੇ ਦੋਬਾਰਾ ਲੇਅਰ ਨਹੀਂ ਪਾਈ ਪਰ ਹੁਣ ਬਿਨਾਂ ਨਵੀਂ ਸੜਕ ਬਣਾਏ ਹੀ ਕੰਪਨੀ ਟੋਲ ਟੈਕਸ ਇਕੱਠਾ ਕਰ ਰਹੀ ਹੈ। 

ਦੂਜੇ ਪਾਸੇ ਵਿਭਾਗ ਨੇ ਕੰਪਨੀ ਨੂੰ ਲਗਾਇਆ ਹੋਇਆ ਜੁਰਮਾਨਾ 1,05,000 ਰੁ. ਰੋਜ਼ਾਨਾ ਵੀ ਇਕੱਠਾ ਨਹੀਂ ਕੀਤਾ। ਇਸੇ ਤਰ੍ਹਾਂ ਸੋਲਖੀਆਂ ਟੋਲ ਪਲਾਜ਼ਾ ਵਾਲੀ ਕੰਪਨੀ ਨੇ ਜੋ ਕੁਰਾਲੀ ਤੋਂ ਸ੍ਰੀ ਕੀਰਤਪੁਰ ਸਾਹਿਬ ਸੜਕ ਬਣਾਈ ਸੀ, ਉਸ ਦੀ ਮਿਆਦ 2016 'ਚ ਪੂਰੀ ਹੋ ਗਈ ਸੀ। ਸਾਲ 2016 ਤੋਂ ਬਾਅਦ ਕੰਪਨੀ ਨੇ ਇਸ ਸੜਕ 'ਤੇ ਦੋਬਾਰਾ ਬਣਦੀ ਲੇਅਰ ਨਹੀਂ ਪਾਈ ਪਰ ਫਿਰ ਵੀ ਕੰਪਨੀ ਬਿਨਾਂ ਲੇਅਰ ਪਾਏ ਤੋਂ ਟੋਲ ਟੈਕਸ ਇਕੱਠਾ ਕਰ ਰਹੀ ਹੈ। ਇਸ ਕੰਪਨੀ ਨੂੰ ਵੀ 30 ਕਰੋੜ ਰੁ. ਦਾ ਜੁਰਮਾਨਾ ਵਿਭਾਗ ਵੱਲੋਂ ਲਾਇਆ ਗਿਆ ਸੀ। ਚੱਢਾ ਨੇ ਕਿਹਾ ਕਿ ਇਨ੍ਹਾਂ ਦੋਵਾਂ ਟੋਲ ਪਲਾਜ਼ਿਆਂ 'ਤੇ ਟੋਲ ਕੁਲੈਕਸ਼ਨ ਤੁਰੰਤ ਬੰਦ ਕਰਵਾਈ ਅਤੇ ਇਨ੍ਹਾਂ ਕੰਪਨੀਆਂ ਕੋਲੋਂ ਬਣਦੇ ਜੁਰਮਾਨੇ ਦੀ ਵੀ ਤੁਰੰਤ ਵਸੂਲੀ ਕਰਵਾਈ ਜਾਵੇ।


shivani attri

Content Editor

Related News