ਅੱਡੇ ਤੋਂ ਚੱਲੀਆਂ ਸਿਰਫ 150 ਬੱਸਾਂ, ਪ੍ਰੇਸ਼ਾਨ ਯਾਤਰੀ ਨਿਰਾਸ਼ ਹੋ ਕੇ ਵਾਪਸ ਮੁੜਨ ਨੂੰ ਹੋਏ ਮਜਬੂਰ

08/23/2020 11:08:18 AM

ਜਲੰਧਰ (ਪੁਨੀਤ) – ਕੋਰੋਨਾ ਦੇ ਵਧ ਰਹੇ ਕਹਿਰ ਕਾਰਣ ਸੂਬਾ ਸਰਕਾਰ ਨੇ ਕਰਫਿਊ ਦੌਰਾਨ ਵੀ ਬੱਸਾਂ ਚਲਾਉਣ ਦੀ ਇਜਾਜ਼ਤ ਦਿੱਤੀ ਹੋਈ ਹੈ ਪਰ ਇਸ ਦੇ ਬਾਵਜੂਦ ਕਰਫਿਊ ਦਾ ਅਸਰ ਸਾਫ ਨਜ਼ਰ ਆਇਆ ਅਤੇ ਬੱਸਾਂ ਚੱਲਣ ਦੀ ਗਿਣਤੀ ਵਿਚ ਵੱਡੀ ਗਿਰਾਵਟ ਦਰਜ ਕੀਤੀ ਗਈ। ਪ੍ਰਾਈਵੇਟ ਬੱਸਾਂ ਦੀ ਗੱਲ ਕੀਤੀ ਜਾਵੇ ਤਾਂ ਉਸ ਵਿਚ ਬੱਸਾਂ ਚੱਲਣ ਦੀ ਗਿਣਤੀ ਵਿਚ 90 ਫੀਸਦੀ ਗਿਰਾਵਟ ਦੇਖੀ ਗਈ। ਰੁਟੀਨ ਮੁਤਾਬਕ 300 ਦੇ ਲਗਭਗ ਬੱਸਾਂ ਅੱਡੇ ਵਿਚੋਂ ਚੱਲ ਕੇ ਵੱਖ-ਵੱਖ ਰੂਟਾਂ ’ਤੇ ਰਵਾਨਾ ਹੋ ਰਹੀਆਂ ਸਨ ਪਰ ਅੱਜ ਪ੍ਰਾਈਵੇਟ ਟਰਾਂਸਪੋਰਟਰਾਂ ਨਾਲ ਸਬੰਧਤ ਸਿਰਫ 32 ਬੱਸਾਂ ਹੀ ਚੱਲ ਸਕੀਆਂ।

ਦੂਜੇ ਪਾਸੇ ਰੋਡਵੇਜ਼/ਪਨਬੱਸ ਨੂੰ ਮਿਲਾ ਕੇ ਦੋਵਾਂ ਦੀਆਂ 122 ਬੱਸਾਂ ਹੀ ਚੱਲ ਸਕੀਆਂ। ਇਨ੍ਹਾਂ ਵਿਚ ਰੋਡਵੇਜ਼ ਦੀਆਂ 110, ਜਦੋਂ ਕਿ ਪੀ. ਆਰ. ਟੀ. ਸੀ. ਦੀਆਂ 12 ਬੱਸਾਂ ਸ਼ਾਮਲ ਹਨ। ਰੋਡਵੇਜ਼ ਦੀ ਰੋਜ਼ਾਨਾ ਢਾਈ ਜਾਂ 3 ਲੱਖ ਦੇ ਕਰੀਬ ਹੋਣ ਵਾਲੀ ਕੁਲੈਕਸ਼ਨ ਵਿਚ ਵੀ ਅੱਜ ਵੱਡੀ ਕਮੀ ਦਰਜ ਹੋਈ। ਵਿਭਾਗ ਨੂੰ ਅੱਜ 155120 ਰੁਪਏ ਹੀ ਪ੍ਰਾਪਤ ਹੋਏ, ਜਿਸ ਨਾਲ ਬੱਸਾਂ ਦਾ ਖਰਚ ਤੱਕ ਚਲਾਉਣਾ ਮੁਸ਼ਕਲ ਹੈ। ਯਾਤਰੀਆਂ ਦੀ ਘਟੀ ਗਿਣਤੀ ਨੂੰ ਵੇਖਦਿਆਂ ਰੋਡਵੇਜ਼ ਵਲੋਂ ਬੱਸਾਂ ਨੂੰ ਕਾਊਂਟਰ ’ਤੇ ਨਹੀਂ ਲਾਇਆ ਗਿਆ। ਜਿਨ੍ਹਾਂ ਰੂਟਾਂ ’ਤੇ 20-25 ਦੇ ਕਰੀਬ ਯਾਤਰੀ ਜਾਣ ਦੇ ਚਾਹਵਾਨ ਪਾਏ ਗਏ, ਉਨ੍ਹਾਂ ਰੂਟਾਂ ’ਤੇ ਹੀ ਬੱਸਾਂ ਭੇਜੀਆਂ ਗਈਆਂ। ਇਸ ਪੂਰੇ ਘਟਨਾਕ੍ਰਮ ਨਾਲ ਯਾਤਰੀ ਨਿਰਾਸ਼ ਵਾਪਸ ਮੁੜਦੇ ਦੇਖੇ ਗਏ।
 

Harinder Kaur

This news is Content Editor Harinder Kaur