ਸਰਕਾਰੀ ਹੁਕਮਾਂ ''ਤੇ ਨਗਰ ਕੌਸਲ ਭੋਗਪੁਰ ਵੱਲੋਂ 30-30 ਰੁਪਏ ''ਚ ਵੇਚੇ ਜਾ ਰਹੇ ਨੇ ''ਤਿਰੰਗੇ''

08/12/2022 12:49:40 PM

ਭੋਗਪੁਰ (ਰਾਣਾ ਭੋਗਪੁਰੀਆ)- ਆਜ਼ਾਦੀ ਦੀ 75ਵੀਂ ਵਰ੍ਹੇਗੰਢ 'ਤੇ ਮੋਦੀ ਸਰਕਾਰ ਵੱਲੋਂ ਹਰ ਘਰ 'ਤੇ ਤਿਰੰਗਾ ਲਹਿਰਾਉਣ ਦੀ ਮੁਹਿੰਮ ਨੂੰ ਕਾਮਯਾਬ ਕਰਨ ਲਈ ਅੱਜ ਭੋਗਪੁਰ ਸ਼ਹਿਰ ਵਿਚ ਨਗਰ ਕੌਂਸਲ ਭੋਗਪੁਰ ਦੇ ਕਰਮਚਾਰੀਆਂ ਵੱਲੋਂ ਹਰ ਦੁਕਾਨ 'ਤੇ 30-30 ਰੁਪਏ ਲੈ ਕੇ ਤਿਰੰਗੇ ਝੰਡੇ ਦਿੱਤੇ ਜਾ ਰਹੇ ਹਨ।  ਕਰਮਚਾਰੀਆਂ ਨੇ ਦੱਸਿਆ ਕਿ ਨਗਰ ਕੌਂਸਲ ਵੱਲੋਂ ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਹਰ ਦੁਕਾਨਦਾਰ ਤੋਂ ਤੀਹ ਰੁਪਏ ਲੈ ਕੇ ਇਹ ਤਿਰੰਗੇ ਝੰਡੇ ਦਿਤੇ ਜਾਣ। ਇਸ ਸਬੰਧੀ ਜਦੋਂ ਨਗਰ ਕੌਂਸਲ ਭੋਗਪੁਰ ਦੇ ਕਾਰਜਸਾਧਕ ਅਫ਼ਸਰ ਦੇਸਰਾਜ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੀ ਇਹ ਹਰ ਦੁਕਾਨ 'ਤੇ ਤਿਰੰਗੇ ਝੰਡੇ ਦਿੱਤੇ ਜਾ ਰਹੇ ਹਨ। 

ਇਹ ਵੀ ਪੜ੍ਹੋ: ਫਗਵਾੜਾ ’ਚ ਕਿਸਾਨਾਂ ਦੇ ਪੱਕੇ ਡੇਰੇ, ਜਲੰਧਰ-ਦਿੱਲੀ ਨੈਸ਼ਨਲ ਹਾਈਵੇਅ ਦੋਵੇਂ ਪਾਸਿਓਂ ਕੀਤਾ ਬੰਦ

ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਹਦਾਇਤਾਂ ਹਨ ਕਿ ਹਰ ਦੁਕਾਨਦਾਰ ਤੋਂ ਤਿਰੰਗੇ ਝੰਡੇ ਦੇ 30 ਰੁਪਏ ਵਸੂਲ ਕੀਤੇ ਜਾਣ। ਉਨ੍ਹਾਂ ਦੱਸਿਆ ਕਿ ਇਹ ਪੈਸਾ ਕੇਂਦਰ ਸਰਕਾਰ ਦੇ ਖ਼ਾਤੇ ਵਿਚ ਜਾਵੇਗਾ। ਇਸ ਵਰਤਾਰੇ ਨੂੰ ਲੈ ਕੇ ਦੁਕਾਨਦਾਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਦੁਕਾਨਦਾਰਾਂ ਨੇ ਕਿਹਾ ਕਿ ਭਾਰਤੀ ਹੋਣ ਦੇ ਨਾਤੇ ਉਹ ਤਿਰੰਗੇ ਝੰਡੇ ਦਾ ਤਹਿ ਦਿਲੋਂ ਸਨਮਾਨ ਕਰਦੇ ਹਨ ਪਰ ਮੋਦੀ ਸਰਕਾਰ ਵੱਲੋਂ ਇਸ ਤਰ੍ਹਾਂ ਧੱਕੇ ਨਾਲ ਤਿਰੰਗੇ ਵੇਚਣਾ ਅਤਿ ਮੰਦਭਾਗਾ ਹੈ। ਇਹ ਤਿਰੰਗੇ ਝੰਡੇ ਦਾ ਸਨਮਾਨ ਨਹੀਂ ਅਪਮਾਨ ਹੈ। ਜੇਕਰ ਮੋਦੀ ਸਰਕਾਰ ਹਰ ਘਰ 'ਤੇ ਤਿਰੰਗਾ ਲਹਿਰਾਉਣ ਦੀ ਮੁਹਿੰਮ ਨੂੰ ਰਾਸ਼ਟਰ ਦੇ ਸਨਮਾਨ ਵਜੋਂ ਵੇਖਦੀ ਤਾਂ ਉਹ ਲੋਕਾਂ ਨੂੰ ਆਪਣੇ ਵੱਲੋਂ ਇਹ ਤਿਰੰਗੇ-ਝੰਡੇ ਮੁਹਈਆ ਕਰਵਾਉਂਦੀ। 

ਸਰਕਾਰ ਦੀ ਹਰ ਘਰ 'ਤੇ ਤਿਰੰਗਾ ਲਹਿਰਾਉਣ ਦੀ ਮੁਹਿੰਮ ਲੋਕਾਂ ਨੂੰ ਰਾਸ ਨਹੀਂ ਆ ਰਹੀ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਦੀ 75ਵੀਂ ਵਰ੍ਹੇਗੰਢ 'ਤੇ ਸਰਕਾਰ ਵੱਲੋਂ ਦੇਸ਼ ਵਾਸੀਆਂ ਨੂੰ ਗੌਰਵਮਈ ਢੰਗ ਨਾਲ ਮੁਬਾਰਕਬਾਦ ਦਿੱਤੀ ਜਾਣੀ ਚਾਹੀਦੀ ਸੀ ਪਰ ਸਰਕਾਰ ਵੱਲੋਂ ਧੱਕੇ ਨਾਲ ਤਿਰੰਗੇ ਵੇਚਣਾ ਮੋਦੀ ਸਰਕਾਰ ਦੇ ਨਿਕੰਮੇਪਨ ਨੂੰ ਜ਼ਾਹਰ ਕਰਦਾ ਹੈ, ਜਿਸ ਪ੍ਰਤੀ ਪੂਰੇ ਦੇਸ਼ ਵਿਚ ਦੇਸ਼ਵਾਸੀਆਂ ਵਿਚ ਨਿਰਾਸ਼ਾ ਅਤੇ ਰੋਸ ਪਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ‘ਪੰਜਾਬ ਬੰਦ’ ਦੀ ਕਾਲ ਦਾ ਜਲੰਧਰ ’ਚ ਦਿਸਿਆ ਪੂਰਾ ਅਸਰ, ਦੁਕਾਨਾਂ ਬੰਦ, ਚੱਪੇ-ਚੱਪੇ ’ਤੇ ਪੁਲਸ ਤਾਇਨਾਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News