ਗੁੰਡਾ ਪਰਚੀ ਖ਼ਿਲਾਫ਼ ਟਿੱਪਰ ਅਪਰੇਟਰਾਂ ਨੇ ਕੀਤਾ ਚੱਕਾ ਜਾਮ, ਡੀ.ਐੱਸ.ਸੀ. ਦੇ ਭਰੋਸੇ ''ਤੇ ਜਾਮ ਹਟਾਇਆ

06/19/2020 4:57:13 PM

ਗੜ੍ਹਸ਼ੰਕਰ(ਸ਼ੋਰੀ) - ਇਥੋਂ ਦੇ ਨੰਗਲ ਰੋਡ 'ਤੇ ਪਿੰਡ ਕੋਟ ਵਿਚ ਮਾਈਨਿੰਗ ਵਿਭਾਗ ਵੱਲੋਂ ਲਗਾਏ ਗਏ ਨਾਕੇ ਦੇ ਸਾਹਮਣੇ ਅੱਜ ਸਵੇਰੇ ਅੱਠ ਵਜੇ ਤੋਂ ਟਿੱਪਰ ਆਪ੍ਰੇਟਰਾਂ ਨੇ ਚੱਕਾ ਜਾਮ ਕਰਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕਰਦੇ ਨਾਅਰੇਬਾਜ਼ੀ ਕੀਤੀ। ਹਿਮਾਚਲ ਪ੍ਰਦੇਸ਼ ਤੋਂ ਮਾਈਨਿੰਗ ਪ੍ਰੋਡਕਟ ਲੈ ਕੇ ਆਉਣ ਵਾਲੇ ਟਿੱਪਰ ਆਪ੍ਰੇਟਰਾਂ ਨੇ ਇਹ ਰੋਸ ਪ੍ਰਦਰਸ਼ਨ ਕਰਦੇ ਦੋਸ਼ ਲਗਾਇਆ ਕਿ ਇਸ ਨਾਕੇ 'ਤੇ ਉਨ੍ਹਾਂ ਕੋਲੋਂ ਜਬਰੀ ਦਸ ਹਜ਼ਾਰ ਰੁਪਏ ਪ੍ਰਤੀ ਟਿੱਪਰ ਵਸੂਲਿਆ ਜਾ ਰਿਹਾ ਹੈ। ਪ੍ਰਦਰਸ਼ਨਕਾਰੀਆਂ ਦਾ ਦੋਸ਼ ਹੈ ਕਿ ਇਸ ਨਾਕੇ 'ਤੇ ਸ਼ਰੇਆਮ ਗੁੰਡਾਗਰਦੀ ਹੋ ਰਹੀ ਹੈ ਅਤੇ ਉਨ੍ਹਾਂ ਦੀ ਕਿਧਰੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ। ਟਿੱਪਰ ਅਪਰੇਟਰਾਂ ਅਨੁਸਾਰ ਉਨ੍ਹਾਂ ਕੋਲ ਮਾਈਨਿੰਗ ਦੇ ਜੀਐੱਸਟੀ ਬਿੱਲ ਅਤੇ ਹੋਰ ਮਾਈਨਿੰਗ ਨਾਲ ਸਬੰਧਤ ਕਾਗਜ਼ ਪੂਰੇ ਹੋਣ ਦੇ ਬਾਵਜੂਦ ਓਵਰਲੋਡ ਦੀ ਗੱਲ ਕਹਿ ਕੇ ਦਬਾਅ ਬਣਾਇਆ ਜਾਂਦਾ ਹੈ ਕਿ ਗੁੰਡਾ ਟੈਕਸ ਦਿੱਤਾ ਜਾਵੇ।

ਟਿੱਪਰ ਅਪਰੇਟਰਾਂ ਦਾ ਦੋਸ਼ ਹੈ ਕਿ ਇਸ ਨਾਕੇ 'ਤੇ ਅਣਪਛਾਤੇ ਨੌਜਵਾਨ ਟਿੱਪਰਾਂ ਨੂੰ ਘੇਰਦੇ ਹਨ ਅਤੇ ਧਮਕਾਉਂਦੇ ਹਨ ਕਿ ਜੇਕਰ ਹਿਮਾਚਲ ਤੋਂ ਕਰੈਸ਼ਰ ਲਿਆਣਾ ਬੰਦ ਨਹੀਂ ਕਰਉਂਗੇ ਤਾਂ ਤੁਹਾਡਾ ਚਲਾਨ ਅਤੇ ਤੁਹਾਡੇ ਉੱਪਰ ਪਰਚੇ ਦਰਜ ਕਰਵਾਏ ਜਾਣਗੇ ।
ਇਸ ਟਰੈਫਿਕ ਜਾਮ ਨੂੰ ਹਟਾਉਣ ਲਈ ਡੀਐੱਸਪੀ ਗੜ੍ਹਸ਼ੰਕਰ ਸਤੀਸ਼ ਕੁਮਾਰ ਮੌਕੇ 'ਤੇ ਪੁਲਸ ਪਾਰਟੀ ਸਮੇਤ ਪਹੁੰਚੇ। ਉਨ੍ਹਾਂ ਵੱਲੋਂ ਦੋਨਾਂ ਧਿਰਾਂ ਦੀ ਗੱਲ ਸੁਣਨ ਉਪਰੰਤ ਦੋਹਾਂ ਨੂੰ ਐਸਡੀਐਮ ਦਫਤਰ ਗੜ੍ਹਸ਼ੰਕਰ ਵਿਚ ਗੱਲਬਾਤ ਲਈ ਲਿਆਂਦਾ ਗਿਆ ਅਤੇ ਟ੍ਰੈਫਿਕ ਜਾਮ ਖੁਲਵਾ ਦਿੱਤਾ ਗਿਆ। 



ਕੀ ਕਹਿਣਾ ਹੈ ਡੀਐੱਸਪੀ ਦਾ 

ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਦੇ ਡੀਐੱਸਪੀ ਗੜ੍ਹਸ਼ੰਕਰ ਸਤੀਸ਼ ਕੁਮਾਰ ਨੇ ਮੌਕੇ 'ਤੇ ਟਿੱਪਰ ਆਪ੍ਰੇਟਰਾਂ ਨੂੰ ਕਿਹਾ ਕਿ ਜੇਕਰ ਉਨਾਂ ਕੋਲੋਂ ਕਿਸੇ ਪ੍ਰਕਾਰ ਦੇ ਗੁੰਡਾ ਟੈਕਸ ਦੀ ਉਗਰਾਈ ਕੀਤੀ ਜਾ ਰਹੀ ਹੈ ਤਾਂ ਉਹ ਆਪਣੀ ਲਿਖਤੀ ਸ਼ਿਕਾਇਤ ਦੇਣ ਅਤੇ ਉਸ 'ਤੇ ਕਾਰਵਾਈ ਕੀਤੀ ਜਾਵੇਗੀ ।

ਕੀ ਕਹਿਣਾ ਮਾਇਨਿੰਗ ਅਧਿਕਾਰੀਆਂ ਦਾ

ਮਾਇਨਿੰਗ ਵਿਭਾਗ ਤੋਂ ਇੰਸਪੈਕਟਰ ਹਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਦੇ ਹੁਕਮਾਂ ਅਨੁਸਾਰ ਓਵਰਲੋਡ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀਂ ਹੈ ਅਤੇ ਕਿਸੇ ਪ੍ਰਕਾਰ ਦੀ ਕੋਈ ਗੁੰਡਾ ਪਰਚੀ ਜਾਂ ਉਗਰਾਹੀਂ ਨਹੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ।

ਪੰਜਾਬ ਦੇ ਓਵਰਲੋਡ ਟਿੱਪਰ ਕਿਉਂ ਨਜ਼ਰ ਨਹੀਂ ਆਉਂਦੇ 

ਪ੍ਰਦਰਸ਼ਨਕਾਰੀਆਂ ਵਿਚ ਹਾਜ਼ਰ ਟਿੱਪਰ ਅਪਰੇਟਰ ਮਹਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਮਾਛੀਵਾੜਾ ਨੇ ਦੱਸਿਆ ਕਿ ਇਸ ਕੰਡੇ 'ਤੇ ਸ਼ਰੇਆਮ ਗੁੰਡਾ ਟੈਕਸ ਲਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਓਵਰਲੋਡ ਟਿੱਪਰ ਸ਼ਰੇਆਮ ਚੱਲਦੇ ਹਨ ਜੋ ਕਿ ਪ੍ਰਸ਼ਾਸਨ ਨੂੰ ਨਜ਼ਰ ਵੀ ਆ ਰਹੇ ਪਰ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਹਿਮਾਚਲ ਤੋਂ ਆਉਣ ਵਾਲੇ ਓਵਰਲੋਡ ਟਿੱਪਰਾਂ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿਉਂਕਿ ਇਸ ਦੀ ਆੜ ਹੇਠ ਉਨ੍ਹਾਂ ਤੋਂ ਗੁੰਡਾ ਟੈਕਸ ਦੀ ਉਗਰਾਹੀ ਕੀਤੀ ਜਾ ਰਹੀ ਹੈ। ਮਹਿੰਦਰ ਸਿੰਘ ਨੇ ਦੱਸਿਆ ਕਿ ਜਿਹੜੇ ਟਿੱਪਰ ਪੰਜਾਬ ਦੇ ਕਰੈਸ਼ਰਾਂ ਤੋਂ ਮਾਲ ਭਰ ਕੇ ਪੰਜਾਬ ਵਿਚ ਹੀ ਡਲਿਵਰੀ ਦਿੰਦੇ ਹਨ ਉਹ ਓਵਰਲੋਡ ਚੱਲਦੇ ਹਨ ਅਤੇ ਉਨ੍ਹਾਂ ਨੂੰ ਭਾੜਾ ਵੀ ਘੱਟ ਪੈਂਦਾ ਹੈ। ਜੇਕਰ ਉਹ ਹਿਮਾਚਲ ਤੋਂ ਕਰੈਸ਼ਰ ਮਟੀਰੀਅਲ ਅੰਡਰਵੇਟ ਲੈ ਕੇ ਚੱਲਦੇ ਹਨ ਤਾਂ ਕਿਰਾਇਆ ਪੂਰਾ ਨਹੀਂ ਪੈਂਦਾ। ਜਿਸ ਕਾਰਨ ਉਨ੍ਹਾਂ ਦੇ ਮਾਲ ਦਾ ਕੋਈ ਖ਼ਰੀਦਦਾਰ ਨਹੀਂ ਬਣਦਾ। ਮਾਰਕੀਟ ਵਿਚ ਭਾਅ ਦਾ ਮੁਕਾਬਲਾ ਹੋਣ ਕਾਰਨ ਉਨ੍ਹਾਂ ਨੂੰ ਮਜਬੂਰੀ ਵੱਸ ਆਪਣੇ ਟਿੱਪਰ ਓਵਰਲੋਡ ਲਿਆਉਣੇ ਪੈਂਦੇ ਹਨ। ਉਨ੍ਹਾਂ ਦੱਸਿਆ ਕਿ ਜੇਕਰ ਪੰਜਾਬ ਦੇ ਅੰਦਰ ਚੱਲਣ ਵਾਲੇ ਸਾਰੇ ਟਿੱਪਰ ਅੰਡਰ ਲੋਡ ਹੋ ਜਾਣ ਤਾਂ ਕਿਸੇ ਵੀ ਟਿੱਪਰ ਅਪਰੇਟਰ ਨੂੰ ਹਿਮਾਚਲ ਤੋਂ ਓਵਰਲੋਡ ਲਿਆਉਣ ਦੀ ਲੋੜ ਨਹੀਂ ਪੈਣੀ । 
 

 

 

 

 

 

 

 


Harinder Kaur

Content Editor

Related News