ਮਜ਼ਦੂਰਾਂ ਦੀ ਘਾਟ ਕਰਕੇ ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ ਸਮੇਂ ਦੀ ਬੱਚਤ

05/01/2020 8:21:26 PM

ਜਲੰਧਰ (ਨਰੇਸ਼ ਗੁਲਾਟੀ)- ਸਾਉਣੀ 2020 ਲਈ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਨੂੰ ਕਿਸਾਨਾਂ ਵਿੱਚ ਪ੍ਰਚਲਿਤ ਕਰਨ ਲਈ ਕੋਸ਼ਿਸ਼ਾਂ ਕੀਤੀਆ ਜਾ ਰਹੀਆਂ ਹਨ। ਕੋਵਿਡ-19 ਦੀ ਵਿਸ਼ਵ ਵਿਆਪੀ ਮਹਾਮਾਰੀ ਦੇ ਮੱਦੇਨਜਰ ਆਉਂਦੀ ਸਾਉਣੀ ਵਾਸਤੇ ਮਜ਼ਦੂਰਾਂ ਦੀ ਭਾਰੀ ਕਮੀ ਆਉਣ ਦੀ ਸੰਭਾਵਨਾ ਹੈ। ਡਾ. ਸੁਰਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ ਜਲੰਧਰ ਨੇ ਜਾਣਕਾਰੀ ਦਿੰਦਿਆ ਦੱਸਿਆ ਹੈ ਕਿ ਜ਼ਿਲਾ ਜਲੰਧਰ ਵਿੱਚ ਤਕਰੀਬਨ 1.70 ਲੱਖ ਹੈਕਟੇਅਰ ਝੋਨੇ ਦੀ ਕਾਸ਼ਤ ਕੀਤੀ ਜਾਂਦੀ ਹੈ ਅਤੇ ਤਕਰੀਬਨ ਸਮੁੱਚਾ ਝੋਨਾ ਪ੍ਰਵਾਸੀ ਮਜ਼ਦੂਰਾਂ ਰਾਹੀਂ ਹੀ ਪਨੀਰੀ ਦਾ ਇਸਤੇਮਾਲ ਕਰਦੇ ਹੋਏ ਲਗਾਇਆ ਜਾਂਦਾ ਹੈ।

 ਉਹਨਾਂ ਅੱਗੇ ਦੱਸਿਆ ਕਿ ਪਿਛਲੇ ਸਾਲ ਤਕਰੀਬਨ 25000 ਏਕੜ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਸੀ, ਜਿਸਨੂੰ ਇਸ ਵਰੇ ਹੋਰ ਵਧਾਉਣ ਦੀ ਜਰੂਰਤ ਹੈ। ਉਹਨਾਂ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਭਾਰੀਆਂ ਤੋਂ ਦਰਮਿਆਨੀਆਂ ਜ਼ਮੀਨਾਂ ਵਿੱਚ ਅਤੇ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਬਿਜਾਈ ਕਰਨ ਦੀ ਸਿਫਾਰਸ਼ ਕੀਤੀ ਗਈ ਹੈ। ਇਸ ਤਕਨੀਕ ਨਾਲ ਝੋਨੇ ਦਾ 8-10 ਕਿਲੋ ਬੀਜ ਬਗੈਰ ਪਨੀਰੀ ਤਿਆਰ ਕੀਤਿਆਂ ਸਿੱਧਾ ਖੇਤਾਂ ਵਿੱਚ 01-15 ਜੂਨ ਤੱਕ ਬੀਜਿਆ ਜਾ ਸਕਦਾ ਹੈ। ਇਸ ਤਕਨੀਕ ਰਾਹੀਂ ਫਸਲ ਰਵਾਇਤੀ ਢੰਗ ਰਾਹੀਂ ਬੀਜੇ ਝੋਨੇ ਨਾਲੋਂ 20 ਤੋਂ 25 ਫੀਸਦੀ ਘੱਟ ਪਾਣੀ ਲੈਂਦੀ ਹੈ ਅਤੇ ਲੇਬਰ, ਕੱਦੂ ਕਰਨ ਲਈ ਡੀਜ਼ਲ ਅਤੇ ਟਰੈਕਟਰ ਆਦਿ ਦੀ ਘਸਾਈ ਅਤੇ ਸਮੇਂ ਦੀ ਬੱਚਤ ਹੁੰਦੀ ਹੈ।

ਡਾ. ਸੁਰਿੰਦਰ ਸਿੰਘ ਨੇ ਦੱਸਿਆ ਹੈ ਕਿ ਇਸ ਤਕਨੀਕ ਰਾਹੀਂ ਝੋਨੇ ਦੇ ਬੀਜ ਦੀ ਬਿਜਾਈ ਝੋਨੇ ਵਾਲੀ ਡਰਿਲ ਰਾਹੀਂ ਸੁੱਕੇ ਖੇਤ ਵਿੱਚ ਜਾਂ ਰੌਣੀ ਕਰਨ ਤੋਂ ਬਾਅਦ ਕੀਤੀ ਜਾ ਸਕਦੀ ਹੈ।ਸੁੱਕੇ ਖੇਤ ਵਿੱਚ ਕੀਤੀ ਗਈ ਸਿੱਧੀ ਬਿਜਾਈ ਤੋਂ ਤੁਰੰਤ ਬਾਅਦ ਸਿੰਚਾਈ ਕਰਨ ਉਪਰੰਤ ਬਿਜਾਈ ਤੋਂ ਦੋ ਦਿਨਾਂ ਅੰਦਰ 1 ਲਿਟਰ ਸਟੌਪ ਦਵਾਈ ਪ੍ਰਤੀ ਏਕੜ ਵਤਰ ਖੇਤ ਵਿੱਚ 200 ਲਿਟਰ ਪਾਣੀ ਵਿੱਚ ਘੋਲ ਕੇ ਸਪਰੇ ਕਰਨ ਦੀ ਸਿਫਾਰਸ਼ ਹੈ।ਇਸ ਤਰ੍ਹਾਂ ਝੋਨੇ ਦੀ ਸਿੱਧੀ ਬਿਜਾਈ ਵਾਲੇ ਖੇਤਾਂ ਵਿੱਚ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਜੇਕਰ ਫਸਲ ਵਿੱਚ ਸਵਾਂਕ ਅਤੇ ਮੋਥਾ ਬਾਅਦ ਵਿੱਚ ਨਜ਼ਰ ਆਵੇ ਤਾਂ ਬਿਜਾਈ ਤੋ 20-25 ਦਿਨ ਬਾਅਦ 100 ਐਮ.ਐਲ ਪ੍ਰਤੀ ਏਕੜ ਨੋਮਨੀਗੋਲਡ 10 ਐਸ.ਸੀ. ਦਾ ਸਪਰੇ 150 ਲਿਟਰ ਪਾਣੀ ਵਿੱਚ ਘੋਲ ਕੇ ਕਰਦੇ ਹੋਏ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ।

ਇੰਜ. ਨਵਦੀਪ ਸਿੰਘ ਸਹਾਇਕ ਖੇਤੀਬਾੜੀ ਇਜੰ. ਜਲੰਧਰ ਨੇ ਦੱਸਿਆ ਹੈ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਡੀ.ਐਸ.ਆਰ ਮਸ਼ੀਨਾਂ ਕਿਸਾਨ 40ਫੀਸਦੀ ਸਬਸਿਡੀ ਤੇ ਪ੍ਰਾਪਤ ਕਰਨ ਹਿੱਤ ਆਪਣਾ ਬਿਨੈ-ਪੱਤਰ ਆਪਣੇ ਹਲਕੇ ਦੇ ਖੇਤੀਬਾੜੀ ਅਧਿਕਾਰੀ/ਕਰਮਚਾਰੀ ਰਾਹੀਂ ਪਹੁੰਚਾ ਸਕਦੇ ਹਨ।ਉਹਨਾਂ ਕਿਹਾ ਕਿ ਜਿਲ੍ਹੇ ਵਿੱਚ ਫਿਲਹਾਲ ਤਕਰੀਬਨ 20 ਮਸ਼ੀਨਾਂ ਕਿਸਾਨਾ ਅਤੇ ਸਹਿਕਾਰੀ ਸਭਾਵਾਂ ਪਾਸ ਉਪਲੱਬਧ ਹਨ ਅਤੇ ਪਿਛਲੇ ਵਰ੍ਹੇ ਇਸ ਮਸ਼ੀਨ ਦੀ ਚੰਗੀ ਕਾਰਗੁਜਾਰੀ ਕਰਕੇ ਇਸ ਸਾਲ ਝੋਨੇ ਦੀ ਸਿੱਧੀ ਬਿਜਾਈ ਪ੍ਰਤੀ ਕਿਸਾਨਾਂ ਵੱਲੋਂ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਜਲੰਧਰ ਵਿੱਚ ਝੋਨੇ ਦੀ ਸਿੱਧੀ ਬਿਜਾਈ ਦੀਆਂ ਪ੍ਰਦਰਸ਼ਨੀਆਂ ਲਗਾਉਣ ਹਿੱਤ ਡੀ.ਐਸ.ਆਰ ਮਸ਼ੀਨ ਬਾਰੇ ਸ. ਪ੍ਰੀਤਇੰਦਰ ਸਿੰਘ ਜਲੰਧਰ ਨੇ ਦੱਸਿਆ ਤਕਰੀਬਨ 80000 ਰੁ. ਦੀ ਇਹ ਮਸ਼ੀਨ 11 ਲਾਈਨਾਂ ਇਕੱਠੀਆਂ ਬੀਜਦੀ ਹੈ । 

ਮੁੱਖ ਖੇਤੀਬਾੜੀ ਅਫਸਰ ਜਲੰਧਰ ਦਫਤਰ ਪੁੱਜੇ ਸ. ਹਰਜਿੰਦਰ ਸਿੰਘ ਅਤੇ ਸ. ਸਰਬਜੀਤ ਸਿੰਘ ਪਿੰਡ ਚਮਿਆਰਾ ਨੇ ਦੱਸਿਆ ਹੈ ਕਿ ਉਹਨਾ ਵੱਲੋ ਡੀ.ਐਸ.ਆਰ ਮਸ਼ੀਨ ਰਾਹੀਂ ਝੋਨੇ ਦੀ ਸਿੱਧੀ ਬਿਜਾਈ ਪਿਛਲੇ ਸਾਲ ਕੀਤੀ ਗਈ ਸੀ ਜਿਸ ਦੇ ਚੰਗੇ ਨਤੀਜੇ ਪ੍ਰਾਪਤ ਹੋਏ ਸਨ। ਉਹਨਾਂ ਇਸ ਸਾਲ ਇਸ ਮਸ਼ੀਨ ਨੂੰ ਸਬਸਿਡੀ ਤੇ ਪ੍ਰਾਪਤ ਕਰਨ ਹਿੱਤ ਆਪਣਾ ਬਿਨੈ-ਪੱਤਰ ਦਿੱਤਾ ਅਤੇ ਕਿਹਾ ਕਿ ਸਹਿਕਾਰੀ ਸਭਾ ਚਮਿਆਰਾ ਅਧੀਨ ਇਸ ਮਸ਼ੀਨ ਰਾਹੀਂ ਪਿੰਡ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰਵਾਈ ਜਾਵੇਗੀ।
-ਸੰਪਰਕ ਅਫਸਰ
-ਦਫਤਰ ਮੁੱਖ ਖੇਤੀਬਾੜੀ ਅਫਸਰ


Iqbalkaur

Content Editor

Related News