ਬਾਈਕ ਸਵਾਰ ਤਿੰਨ ਨੌਜਵਾਨ ਖੜ੍ਹੇ ਟਰੱਕ ਨਾਲ ਟਕਰਾਏ, 2 ਦੀ ਮੌਤ

12/31/2019 11:32:56 PM

ਕਪੂਰਥਲਾ, (ਮਹਾਜਨ)- ਇਕ ਬਾਈਕ ’ਤੇ ਸਵਾਰ ਤਿੰਨ ਨੌਜਵਾਨ ਸਡ਼ਕ ਕਿਨਾਰੇ ਖੜ੍ਹੇ ਟਰੱਕ ਨਾਲ ਜਾ ਟਕਰਾਏ, ਜਿਸ ਕਾਰਣ 2 ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ ਤੀਜਾ ਨੌਜਵਾਨ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਕਪੂਰਥਲਾ ਸਿਵਲ ਹਸਪਤਾਲ ’ਚ ਡਾਕਟਰ ਨੇ ਜਲੰਧਰ ਲਈ ਰੈਫਰ ਕਰ ਦਿੱਤਾ। ਘਟਨਾ ਸਬੰਧੀ ਜਾਂਚ ਕਰ ਰਹੇ ਏ. ਐੱਸ. ਆਈ. ਮਨਜੀਤ ਸਿੰਘ ਨੇ ਦੱਸਿਆ ਕਿ ਬੀਤੀ ਦੇਰ ਰਾਤ ਮੇਜਰ ਸਿੰਘ ਆਪਣੇ ਦੋਸਤ ਅਜੈ ਕੁਮਾਰ ਨਿਵਾਸੀ ਪਿੰਡ ਲੱਖਣ ਖੋਲਾ ਅਤੇ ਵਿਜੈ ਕੁਮਾਰ ਵਾਸੀ ਬੇਗੋਵਾਲ ਨਾਲ ਬਾਈਕ ’ਤੇ ਸਵਾਰ ਹੋ ਕੇ ਪਿੰਡ ਰਜਾਪੁਰ ਤੋਂ ਕਪੂਰਥਲਾ ਆ ਰਹੇ ਸੀ। ਜਦੋਂ ਉਹ ਕਾਲਾ ਸੰਘਿਆ ਫਾਟਕ ਕੋਲ ਪੁੱਜੇ ਤਾਂ ਉਹ ਸਡ਼ਕ ਕਿਨਾਰੇ ਖੜ੍ਹੇ ਟਰੱਕ ਨਾਲ ਜਾ ਟਕਰਾਏ, ਜਿਸ ਕਾਰਣ ਮੇਜਰ ਸਿੰਘ ਅਤੇ ਅਜੈ ਕੁਮਾਰ ਦੀ ਮੌਤ ਹੋ ਗਈ, ਜਦਕਿ ਤੀਜਾ ਨੌਜਵਾਨ ਵਿਜੈ ਕੁਮਾਰ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਏ. ਐੱਸ. ਆਈ. ਮਨਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੋਵਾਂ ਨੌਜਵਾਨਾਂ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਕਪੂਰਥਲਾ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ, ਜਦਕਿ ਤੀਜੇ ਜ਼ਖਮੀ ਨੌਜਵਾਨ ਨੂੰ ਕਪੂਰਥਲਾ ਤੋਂ ਇਲਾਜ ਤੋਂ ਬਾਅਦ ਜਲੰਧਰ ਲਈ ਰੈਫਰ ਕਰ ਦਿੱਤਾ ਗਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


Bharat Thapa

Content Editor

Related News