ਜਿਹੜੇ ਵਿਧਾਇਕਾਂ ਨੂੰ 25-25 ਕਰੋੜ ਦੀ ਪੇਸ਼ਕਸ਼ ਹੋਈ, ਉਹ ਵਿਧਾਇਕ ਹਾਊਸ ’ਚ ਕਰਨਗੇ ਖ਼ੁਲਾਸਾ

09/21/2022 11:52:48 AM

ਜਲੰਧਰ (ਨਰਿੰਦਰ ਮੋਹਨ)-‘ਆਪ੍ਰੇਸ਼ਨ ਲੋਟਸ’ ਤਹਿਤ ਆਮ ਆਦਮੀ ਪਾਰਟੀ ਦੇ 35 ਵਿਧਾਇਕ, ਜਿਨ੍ਹਾਂ ਨੂੰ ਭਾਜਪਾ ਵਿਚ ਸ਼ਾਮਲ ਹੋਣ ਲਈ 25-25 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਗਈ ਸੀ, ਉਹ ਸਾਰੀ ਗੱਲਬਾਤ ਦਾ ਖ਼ੁਲਾਸਾ ਵਿਧਾਨ ਸਭਾ ਵਿਚ ਕਰਨਗੇ। ਆਮ ਆਦਮੀ ਪਾਰਟੀ ਨੇ ਹੁਣ ਤਕ ਇਕ ਨੂੰ ਛੱਡ ਕੇ ਬਾਕੀ ਸਾਰੇ ਵਿਧਾਇਕਾਂ ਦੇ ਨਾਂ ਗੁਪਤ ਰੱਖੇ ਸਨ। ਹੁਣ ਉਨ੍ਹਾਂ ਦਾ ਜਨਤਕ ਤੌਰ ’ਤੇ ਪ੍ਰਗਟਾਵਾ ਹੋ ਜਾਵੇਗਾ। ਇਹ ਫ਼ੈਸਲਾ ਮੰਗਲਵਾਰ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਵਿਚ ਲਿਆ ਗਿਆ। ਪੰਜਾਬ ਦੇ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਝਰ ਨੇ ਇਸ ਦੀ ਪੁਸ਼ਟੀ ਕੀਤੀ ਹੈ।

ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਖ਼ਰੀਦਣ ਦੀਆਂ ਕੋਸ਼ਿਸ਼ਾਂ ਨੂੰ ਲੈ ਕੇ ਪੁਲਸ ਕੋਲ ਮਾਮਲਾ ਦਰਜ ਕਰਵਾਇਆ ਗਿਆ ਸੀ, ਜਿਸ ਵਿਚ ਨਾ ਤਾਂ ਸਾਰੇ ਵਿਧਾਇਕਾਂ ਦੇ ਨਾਂ ਦਰਜ ਸਨ ਅਤੇ ਨਾ ਹੀ ਕਿਸੇ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਉਨ੍ਹਾਂ 35 ਵਿਧਾਇਕਾਂ ਦੇ ਨਾਵਾਂ ਦਾ ਵਾਰ-ਵਾਰ ਪ੍ਰੈੱਸ ਕਾਨਫ਼ਰੰਸਾਂ ਵਿਚ ਵੀ ਖ਼ੁਲਾਸਾ ਨਹੀਂ ਕੀਤਾ ਅਤੇ ਨਾ ਹੀ ਇਹ ਦੱਸਿਆ ਗਿਆ ਕਿ ਦਲ ਬਦਲੀ ਲਈ ਪੈਸੇ ਦੀ ਪੇਸ਼ਕਸ਼ ਕਿਸ ਨੇ ਕੀਤੀ।

ਇਹ ਵੀ ਪੜ੍ਹੋ: ਪ੍ਰਤਾਪ ਬਾਜਵਾ ਨੇ ਕੈਪਟਨ ਨੂੰ ਦੱਸਿਆ ਚੱਲਿਆ ਹੋਇਆ ਕਾਰਤੂਸ, CM ਮਾਨ ’ਤੇ ਵੀ ਸਾਧੇ ਨਿਸ਼ਾਨੇ

ਕੈਬਨਿਟ ਮੰਤਰੀ ਨਿੱਝਰ ਨੇ ਕਿਹਾ ਕਿ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿਚ ਜਿੱਥੇ ਪਾਰਟੀ ਦੇ ਵਿਧਾਇਕ ਆਪਣੀ ਵਫ਼ਾਦਾਰੀ ਦੀ ਗੱਲ ਕਰਨਗੇ, ਉੱਥੇ ਜਿਨ੍ਹਾਂ ਵਿਧਾਇਕਾਂ ਨੂੰ ਪੈਸਿਆਂ ਦੀ ਪੇਸ਼ਕਸ਼ ਕੀਤੀ ਗਈ ਸੀ, ਉਹ ਵੀ ਸਦਨ ਵਿਚ ਆਪਣੀ ਗੱਲ ਰੱਖਣਗੇ। ਕੋਈ ਵੀ ਵਿਧਾਇਕ ਹਾਊਸ ​​ਵਿਚ ਝੂਠ ਨਹੀਂ ਬੋਲ ਸਕਦਾ, ਨਹੀਂ ਤਾਂ ਉਸ ਨੂੰ ਵਿਸ਼ੇਸ਼ ਅਧਿਕਾਰ ਪ੍ਰਸਤਾਵ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਵਿਧਾਇਕਾਂ ਨੂੰ ਪੈਸਿਆਂ ਦੀ ਪੇਸ਼ਕਸ਼ ਦੇ ਕਿਸੇ ਵੀ ਸਬੂਤ ਬਾਰੇ ਨਿੱਝਰ ਨੇ ਕਿਹਾ ਕਿ ਭਾਜਪਾ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਪਹਿਲਾਂ ਹੀ 280 ਵਿਧਾਇਕਾਂ ਨੂੰ ਖ਼ਰੀਦ ਚੁੱਕੀ ਹੈ। ਇਹੀ ਸਭ ਤੋਂ ਵੱਡਾ ਸਬੂਤ ਹੈ।

ਮੰਗਲਵਾਰ ਹੋਈ ਕੈਬਨਿਟ ਦੀ ਮੀਟਿੰਗ ਵਿਚ ਇਹ ਵੀ ਚਰਚਾ ਕੀਤੀ ਗਈ ਕਿ 35 ਵਿਧਾਇਕਾਂ ਨੂੰ ‘ਮਨ ਕੀ ਬਾਤ’ ਕਹਿਣ ਦਾ ਮੌਕਾ ਦਿੱਤਾ ਜਾਂ ਨਹੀਂ, ਇਸ ਬਾਰੇ ਵਿਧਾਇਕਾਂ ਨੂੰ ਵੀ ਪੁੱਛਿਆ ਗਿਆ। ਵਧੇਰੇ ਵਿਧਾਇਕਾਂ ਨੇ ਵਿਧਾਨ ਸਭਾ ’ਚ ਆਪਣੀ ਗੱਲ ਰੱਖਣ ਦੀ ਗੱਲ ਕਹੀ। ਵਿਚਾਰ ਕਰਨ ਤੋਂ ਬਾਅਦ ਫੈਸਲਾ ਕੀਤਾ ਗਿਆ ਕਿ ਉਨ੍ਹਾਂ 35 ਵਿਧਾਇਕਾਂ ’ਚੋਂ ਜੋ ਵੀ ਆਪਣੀ ਗੱਲ ਰੱਖਣੀ ਚਾਹੁੰਦੇ ਹਨ, ਰੱਖ ਸਕਦੇ ਹਨ। ਉਹ ਵਿਧਾਇਕ ਹਾਊਸ ਵਿਚ ਕਿਸੇ ਕਿਸਮ ਦਾ ਸਬੂਤ ਨਹੀਂ ਰੱਖਣਗੇ। ਭਰੋਸੇ ਦਾ ਮਤਾ ਮੁੱਖ ਮੰਤਰੀ ਭਗਵੰਤ ਮਾਨ ਹੀ ਰੱਖਣਗੇ।

ਇਹ ਵੀ ਪੜ੍ਹੋ: 20 ਸਾਲਾ ਮੁੰਡੇ ਨੂੰ 2 ਬੱਚਿਆਂ ਦੀ ਮਾਂ ਨਾਲ ਹੋਇਆ ਪਿਆਰ, ਪਰਵਾਨ ਨਾ ਚੜ੍ਹਿਆ ਤਾਂ ਦੋਹਾਂ ਨੇ ਨਿਗਲਿਆ ਜ਼ਹਿਰ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ 

shivani attri

This news is Content Editor shivani attri