ਫਿਰ ਵਿਗੜਨ ਲੱਗਾ ਨਗਰ ਨਿਗਮ ਦਾ ਸਿਸਟਮ, ਚੁਗਿੱਟੀ ਡੰਪ ਬੰਦ ਹੋਣ ਕਾਰਨ ਨਹੀਂ ਚੁੱਕਿਆ ਜਾ ਰਿਹੈ ਕੂੜਾ

01/26/2024 5:57:26 PM

ਜਲੰਧਰ (ਖੁਰਾਣਾ)–ਲੋਕ ਸਭਾ ਚੋਣਾਂ ਦਾ ਐਲਾਨ ਕਦੀ ਵੀ ਸੰਭਵ ਹੈ ਪਰ ਇਨ੍ਹਾਂ ਚੋਣਾਂ ਤੋਂ ਠੀਕ ਪਹਿਲਾਂ ਜਲੰਧਰ ਨਗਰ ਨਿਗਮ ਦਾ ਸਿਸਟਮ ਫਿਰ ਵਿਗੜਨ ਲੱਗਾ ਹੈ। ਇਸ ਸਮੇਂ ਪੂਰਾ ਸ਼ਹਿਰ ਜਿੱਥੇ ਕੂੜੇ ਦੀ ਗੰਭੀਰ ਸਮੱਸਿਆ ਨਾਲ ਜੂਝ ਰਿਹਾ ਹੈ, ਉਥੇ ਹੀ ਸ਼ਹਿਰ ਵਿਚ ਹਜ਼ਾਰਾਂ ਸਟਰੀਟ ਲਾਈਟਾਂ ਬੰਦ ਪਈਆਂ ਹਨ, ਜਿਨ੍ਹਾਂ ਨੂੰ ਮੇਨਟੇਨ ਕਰਨ ਵਾਲਾ ਪ੍ਰਾਈਵੇਟ ਕੰਪਨੀ ਦਾ ਸਟਾਫ਼ ਹੜਤਾਲ ’ਤੇ ਚਲਾ ਗਿਆ ਹੈ, ਜਿਸ ਕਾਰਨ ਨਿਗਮ ਅਧਿਕਾਰੀਆਂ ਦੇ ਮੱਥੇ ’ਤੇ ਚਿੰਤਾ ਦੀਆਂ ਲਕੀਰਾਂ ਉਭਰ ਆਈਆਂ ਹਨ। ਐੱਨ. ਜੀ. ਟੀ. ਦੇ ਨਿਰਦੇਸ਼ਾਂ ’ਤੇ ਨਗਰ ਨਿਗਮ ਦੇ ਅਧਿਕਾਰੀਆਂ ਨੇ ਪੂਰਾ ਜ਼ੋਰ ਲਾ ਕੇ ਚੁਗਿੱਟੀ ਡੰਪ ਨੂੰ ਬੰਦ ਤਾਂ ਕਰ ਦਿੱਤਾ ਪਰ ਇਸ ਡੰਪ ਦੇ ਬੰਦ ਹੋਣ ਨਾਲ ਸ਼ਹਿਰ ਦੇ ਇਕ ਵੱਡੇ ਇਲਾਕੇ ਵਿਚ ਕੂੜੇ ਦੀ ਸਮੱਸਿਆ ਹੋਰ ਭਿਆਨਕ ਰੂਪ ਧਾਰਨ ਕਰ ਗਈ ਹੈ। ਨਗਰ ਨਿਗਮ ਅਧਿਕਾਰੀਆਂ ਨੇ ਪਲਾਨਿੰਗ ਬਣਾਈ ਸੀ ਕਿ ਚੌਗਿੱਟੀ ਡੰਪ ’ਤੇ ਜਿਹੜੇ ਵਾਰਡਾਂ ਦਾ ਕੂੜਾ ਆਉਂਦਾ ਹੈ, ਉਸ ਕੂੜੇ ਨੂੰ ਦੂਜੇ ਡੰਪ ਸਥਾਨਾਂ ’ਤੇ ਸ਼ਿਫਟ ਕਰ ਦਿੱਤਾ ਜਾਵੇਗਾ।

ਇਸ ਪਲਾਨਿੰਗ ਤਹਿਤ ਗੁਰੂ ਨਾਨਕਪੁਰਾ ਇਲਾਕੇ ਦਾ ਕੂੜਾ ਪ੍ਰਤਾਪ ਬਾਗ ਡੰਪ ’ਤੇ ਭੇਜਣ ਦੀ ਯੋਜਨਾ ਸੀ। ਅਜਿਹੇ ਵਿਚ ਰੈਗ ਪਿਕਰਸ ਨੂੰ ਸਮੱਸਿਆ ਆਉਣੀ ਸ਼ੁਰੂ ਹੋ ਗਈ ਹੈ ਕਿਉਂਕਿ ਪ੍ਰਤਾਪ ਬਾਗ ਡੰਪ ਬਹੁਤ ਦੂਰ ਪੈਂਦਾ ਹੈ। ਇਸੇ ਤਰ੍ਹਾਂ ਰਾਮਾ ਮੰਡੀ ਅਤੇ ਲੱਧੇਵਾਲੀ ਇਲਾਕੇ ਦਾ ਕੂੜਾ ਦਕੋਹਾ, ਧੰਨੋਵਾਲੀ ਡੰਪ ਤੇ ਬੜਿੰਗ ਡੰਪ ’ਤੇ ਭੇਜਣ ਦੀ ਪਲਾਨਿੰਗ ਤਿਆਰ ਕੀਤੀ ਗਈ ਸੀ ਪਰ ਉਸ ਵਿਚ ਵੀ ਮੁਸ਼ਕਲ ਆਉਣੀ ਸ਼ੁਰੂ ਹੋ ਗਈ ਹੈ। ਇਸੇ ਕਾਰਨ ਵਧੇਰੇ ਰੈਗ ਪਿਕਰਸ ਨੇ ਘਰਾਂ ਵਿਚੋਂ ਕੂੜਾ ਚੁੱਕਣ ਦਾ ਕੰਮ ਬੰਦ ਕੀਤਾ ਹੋਇਆ ਹੈ। ਹੁਣ ਦੇਖਣਾ ਹੈ ਕਿ ਨਗਰ ਨਿਗਮ ਦੇ ਅਧਿਕਾਰੀ ਇਸ ਨਵੀਂ ਸਮੱਸਿਆ ਦਾ ਹੱਲ ਕਿਵੇਂ ਕਰਦੇ ਹਨ। ਮੰਨਿਆ ਜਾ ਰਿਹਾ ਹੈ ਕਿ ਜੇਕਰ 2-4 ਦਿਨ ਹੋਰ ਘਰਾਂ ਵਿਚੋਂ ਕੂੜਾ ਨਾ ਚੁੱਕਿਆ ਗਿਆ ਤਾਂ ਬੀਮਾਰੀਆਂ ਫੈਲਣ ਦਾ ਵੀ ਖਤਰਾ ਹੈ।

ਇਹ ਵੀ ਪੜ੍ਹੋ : ਜਲੰਧਰ 'ਚ ਗਣਤੰਤਰ ਦਿਵਸ ਮੌਕੇ ਵਿੱਤ ਮੰਤਰੀ ਹਰਪਾਲ ਚੀਮਾ ਨੇ 'ਤਿਰੰਗਾ' ਲਹਿਰਾਉਣ ਦੀ ਰਸਮ ਕੀਤੀ ਅਦਾ

60 ਕਰੋੜ ਦਾ ਕੰਮ ਲੈਣ ਵਾਲੀ ਕੰਪਨੀ ਆਪਣੇ 40 ਕਰਮਚਾਰੀਆਂ ਨੂੰ 4-4 ਮਹੀਨੇ ਨਹੀਂ ਦਿੰਦੀ ਤਨਖ਼ਾਹ
ਸ਼ਹਿਰ ਦੀਆਂ ਪੁਰਾਣੀਆਂ ਹੋ ਚੁੱਕੀਆਂ ਸਟਰੀਟ ਲਾਈਟਾਂ ਨੂੰ ਬਦਲਣ ਦੇ ਕੰਮ ’ਤੇ ਲਗਭਗ 60 ਕਰੋਡ਼ ਰੁਪਏ ਖਰਚ ਕਰਨ ਦੇ ਬਾਵਜੂਦ ਜਲੰਧਰ ਸ਼ਹਿਰ ਦੇ ਸਟਰੀਟ ਲਾਈਟ ਸਿਸਟਮ ਵਿਚ ਕੋਈ ਸੁਧਾਰ ਨਹੀਂ ਆਇਆ। ਸਮਾਰਟ ਸਿਟੀ ਦੇ ਇਸ ਪ੍ਰਾਜੈਕਟ ਤਹਿਤ ਪੁਰਾਣੀਆਂ ਲਾਈਟਾਂ ਨੂੰ ਬਦਲ ਤਾਂ ਦਿੱਤਾ ਗਿਆ ਪਰ ਇਸ ਪ੍ਰਾਜੈਕਟ ਦੀ ਨਿਗਰਾਨੀ ਕਿਸੇ ਅਧਿਕਾਰੀ ਨੇ ਨਹੀਂ ਕੀਤੀ ਅਤੇ ਕੰਪਨੀ ਨੇ ਵੀ ਬਹੁਤ ਦੇਸੀ ਢੰਗ ਨਾਲ ਸਿਰਫ ਲਾਈਟਾਂ ਨੂੰ ਹੀ ਬਦਲਣ ਦਾ ਕੰਮ ਕੀਤਾ, ਜਿਸ ਕਾਰਨ ਸਾਰੀਆਂ ਸਿਆਸੀ ਪਾਰਟੀਆਂ ਦੇ ਪ੍ਰਤੀਨਿਧੀਆਂ ਵਿਚ ਐੱਲ. ਈ. ਡੀ. ਕੰਪਨੀ ਵਿਰੁੱਧ ਰੋਸ ਫੈਲ ਰਿਹਾ ਹੈ। ਇਹ ਪ੍ਰਾਜੈਕਟ ਲੈਣ ਵਾਲੀ ਦਿੱਲੀ ਦੀ ਐੱਚ. ਪੀ. ਐੱਲ. ਕੰਪਨੀ ਆਪਣੇ 40 ਦੇ ਲਗਭਗ ਕਰਮਚਾਰੀਆਂ ਨੂੰ 4-4 ਮਹੀਨੇ ਤਨਖਾਹ ਹੀ ਨਹੀਂ ਦਿੰਦੀ, ਜੋ ਫੀਲਡ ਵਿਚ ਜਾ ਕੇ ਲਾਈਟਾਂ ਨੂੰ ਜਗਾਉਣ-ਬੁਝਾਉਣ ਜਾਂ ਠੀਕ ਆਦਿ ਕਰਨ ਦਾ ਕੰਮ ਕਰਦੇ ਹਨ।
ਇਨ੍ਹਾਂ ਸਟਾਫ਼ ਮੈਂਬਰਾਂ ਨੇ ਕੱਲ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਵੀ ਕੀਤਾ ਸੀ ਅਤੇ ਸਟਰੀਟ ਲਾਈਟਾਂ ਦੀ ਮੇਨਟੀਨੈਂਸ ਦਾ ਕੰਮ ਬੰਦ ਕਰ ਦਿੱਤਾ ਹੈ। ਕੰਪਨੀ ਦੇ ਕਰਮਚਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ 4 ਮਹੀਨਿਆਂ ਤੋਂ ਤਨਖ਼ਾਹ ਨਹੀਂ ਮਿਲੀ ਅਤੇ ਇਸ ਤੋਂ ਪਹਿਲਾਂ ਵੀ ਕੰਪਨੀ ਤਨਖਾਹ ਦੇਣ ਵਿਚ ਦੇਰੀ ਕਰਦੀ ਰਹੀ ਹੈ। ਇਸ ਕਾਰਨ ਉਨ੍ਹਾਂ ਦੇ ਘਰਾਂ ਦਾ ਗੁਜ਼ਾਰਾ ਮੁਸ਼ਕਲ ਹੋ ਗਿਆ ਹੈ। ਇਨ੍ਹਾਂ ਕਰਮਚਾਰੀਆਂ ਦਾ ਕਹਿਣਾ ਹੈ ਕਿ ਕੰਪਨੀ ਦੇ ਅਧਿਕਾਰੀ ਇਹ ਬਹਾਨਾ ਲਾ ਰਹੇ ਹਨ ਕਿ ਸਮਾਰਟ ਸਿਟੀ ਤੋਂ ਉਨ੍ਹਾਂ ਨੂੰ ਪੇਮੈਂਟ ਨਹੀਂ ਹੋ ਰਹੀ, ਜਿਸ ਕਾਰਨ ਤਨਖਾਹ ਰਿਲੀਜ਼ ਨਹੀਂ ਹੋ ਪਾ ਰਹੀ।

ਇਹ ਵੀ ਪੜ੍ਹੋ : ਗਣਤੰਤਰ ਦਿਵਸ ਮੌਕੇ ਦਸੂਹਾ 'ਚੋਂ ਲਾਵਾਰਿਸ ਥਾਰ ਬਰਾਮਦ, ਮਿਲੇ ਗੋਲ਼ੀਆਂ ਦੇ ਨਿਸ਼ਾਨ, ਗੈਂਗਵਾਰ ਦਾ ਖ਼ਦਸ਼ਾ

ਕੋਹਰੇ ਅਤੇ ਧੁੰਦ ਨੇ ਵਧਾਈ ਪ੍ਰੇਸ਼ਾਨੀ
ਇਨ੍ਹੀਂ ਦਿਨੀਂ ਜਲੰਧਰ ਦਾ ਮੌਸਮ ਬਹੁਤ ਸਰਦ ਅਤੇ ਖਰਾਬ ਚੱਲ ਰਿਹਾ ਹੈ। ਕੋਹਰੇ ਅਤੇ ਧੁੰਦ ਕਾਰਨ ਵੈਸੇ ਹੀ ਟ੍ਰੈਫਿਕ ਪ੍ਰਭਾਵਿਤ ਹੈ ਪਰ ਉਪਰੋਂ ਸਟਰੀਟ ਲਾਈਟਾਂ ਦੇ ਬੰਦ ਹੋਣ ਨਾਲ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ। ਲੋਕ ਸਟਰੀਟ ਲਾਈਟ ਦੀ ਸਹੂਲਤ ਨਾ ਮਿਲਣ ’ਤੇ ਨਗਰ ਨਿਗਮ ਨੂੰ ਕੋਸ ਰਹੇ ਹਨ। ਟੁੱਟੀਆਂ ਸੜਕਾਂ ਕਾਰਨ ਵੀ ਲੋਕਾਂ ਦੀਆਂ ਪ੍ਰੇਸ਼ਾਨੀਆਂ ਵਧ ਗਈਆਂ ਹਨ। ਅਜਿਹੇ ਵਿਚ ਸੜਕਾਂ ’ਤੇ ਹਨੇਰਾ ਛਾਇਆ ਹੋਣ ਕਾਰਨ ਕਈ ਜਗ੍ਹਾ ਐਕਸੀਡੈਂਟ ਵੀ ਹੋ ਰਹੇ ਹਨ।

ਇਹ ਵੀ ਪੜ੍ਹੋ : ਗਣਤੰਤਰ ਦਿਵਸ ਦਾ ਤੋਹਫ਼ਾ, ਚਨਾ ਦਾਲ ਮਗਰੋਂ ਹੁਣ ਸਸਤੇ ਭਾਅ 'ਤੇ ਮਿਲਣਗੇ ‘ਭਾਰਤ ਆਟਾ’ ਤੇ ਚੌਲ

'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

shivani attri

This news is Content Editor shivani attri