ਭਾਜਪਾ ਆਗੂ ਦੇ ਦਫਤਰ ''ਤੇ ਨੌਜਵਾਨਾਂ ਨੇ ਕੀਤਾ ਹਮਲਾ

08/10/2019 12:10:43 AM

ਫਗਵਾੜਾ  (ਜਲੋਟਾ)- ਫਗਵਾੜਾ ਵਿਚ ਮੋਦੀ ਸਰਕਾਰ ਵਿਚ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਦੇ ਬੇਹੱਦ ਕਰੀਬੀ ਕਾਰਜਕਾਰੀ ਮੈਂਬਰ ਬੱਲੂ ਵਾਲਿਆਂ ਦੇ ਖਲਵਾੜਾ ਗੇਟ ਦਫ਼ਤਰ 'ਤੇ ਪਿਛਲੀ ਦੇਰ ਰਾਤ ਤੇਜ਼ਧਾਰ ਹਥਿਆਰਾਂ ਨਾਲ ਲੈਸ ਕਰੀਬ ਅੱਧਾ ਦਰਜਨ ਨੌਜਵਾਨਾਂ ਵਲੋਂ ਇਕ ਹੋਰ ਹਮਲਾ ਕਰਨ ਦੀ ਸੂਚਨਾ ਮਿਲੀ ਹੈ। ਭਾਜਪਾ ਆਗੂ ਬੱਲੂ ਵਾਲਿਆਂ ਨੇ ਕਿਹਾ ਕਿ ਉਨ੍ਹਾਂ ਦੇ ਗੋਲ ਚੌਕ ਸਥਿਤ ਦਫ਼ਤਰ 'ਤੇ ਪਿਛਲੇ ਦਿਨ ਮੁਲਜ਼ਮ ਨੌਜਵਾਨਾਂ ਵਲੋਂ ਹਮਲਾ ਕੀਤਾ ਗਿਆ ਸੀ, ਜਿਸ 'ਚ ਇਕ ਵਿਅਕਤੀ ਦੀ ਕੁੱਟ-ਮਾਰ ਕਰ ਕੇ ਮੌਕੇ ਉੱਤੇ ਦਫ਼ਤਰ ਵਿਚ ਪਏ ਸਾਮਾਨ ਦੀ ਤੋੜ-ਭੰਨ ਕਰ ਕੇ ਕਰੀਬ 3000 ਰੁਪਏ ਦੀ ਨਕਦੀ ਲੁੱਟੀ ਗਈ ਸੀ। ਪੁਲਸ ਥਾਣਾ ਸਿਟੀ ਫਗਵਾੜਾ ਦੀ ਪੁਲਸ ਟੀਮ ਵਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਸੀ ਕਿ ਪਿਛਲੀ ਦੇਰ ਰਾਤ ਉਨ੍ਹਾਂ ਦੇ ਖਲਵਾੜਾ ਗੇਟ ਦਫ਼ਤਰ 'ਚ ਦੂਜਾ ਹਮਲਾ ਹੋ ਗਿਆ ਹੈ।

ਭਾਜਪਾ ਆਗੂ ਬੱਲੂ ਨੇ ਦਾਅਵਾ ਕੀਤਾ ਕਿ ਇਸ ਤਰ੍ਹਾਂ ਖਲਵਾੜਾ ਗੇਟ ਇਲਾਕੇ ਵਿਚ ਸਥਿਤ ਉਨ੍ਹਾਂ ਦੇ ਇਕ ਕਰੀਬੀ ਦੋਸਤ ਦੇ ਘਰ 'ਤੇ ਵੀ ਉਕਤ ਨੌਜਵਾਨਾਂ ਵਲੋਂ ਹਮਲਾ ਕੀਤਾ ਗਿਆ ਹੈ। ਉਕਤ ਦੋਵਾਂ ਹਮਲਿਆਂ ਸਬੰਧੀ ਪੁਲਸ ਥਾਣਾ ਸਿਟੀ ਨੂੰ ਲਿਖਤੀ ਸ਼ਿਕਾਇਤਾਂ ਦੇ ਦਿੱਤੀਆਂ ਗਈਆਂ ਹਨ। ਉਨ੍ਹਾਂ ਕੋਲ ਦੋਵਾਂ ਹਮਲਿਆਂ ਦੀ ਸੀ. ਸੀ. ਟੀ. ਵੀ. ਫੁਟੇਜ ਮੌਜੂਦ ਹੈ। ਉਕਤ ਨੌਜਵਾਨਾਂ ਦੀ ਟੋਲੀ ਉਹੀ ਹੈ ਜਿਸ ਨੇ ਉਨ੍ਹਾਂ ਦੇ ਗੋਲ ਚੌਕ ਸਥਿਤ ਦਫਤਰ ਵਿਚ ਹੱਲਾ ਮਚਾਇਆ ਸੀ। ਇਸ ਦੌਰਾਨ ਜਾਰੀ ਘਟਨਾਕ੍ਰਮ ਕਾਰਣ ਫਗਵਾੜਾ ਵਿਚ ਰਹਿੰਦੇ ਲੋਕਾਂ ਵਿਚ ਦਹਿਸ਼ਤ ਫੈਲ ਗਈ ਹੈ। ਲੋਕਾਂ ਦਾ ਕਹਿਣਾ ਹੈ ਕਿ ਫਗਵਾੜਾ 'ਚ ਕਦੋਂ ਕੀ ਹੋ ਜਾਵੇ ਇਹ ਕਿਸੇ ਨੂੰ ਨਹੀਂ ਪਤਾ ਹੈ। ਸਮਾਚਾਰ ਲਿਖੇ ਜਾਣ ਤੱਕ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਸੀ।

Karan Kumar

This news is Content Editor Karan Kumar