ਸ਼ਸ਼ੀ ਸ਼ਰਮਾ ਨੂੰ ਬੁਰੀ ਤਰ੍ਹਾਂ ਕੁੱਟਣ ਵਾਲਾ ਨੌਜਵਾਨ ਬੋਲਿਆ, ਲੋਕਾਂ ’ਚੋਂ ਡਰ ਖਤਮ ਕਰਨ ਲਈ ਕੀਤਾ ਹਮਲਾ

12/09/2018 4:02:00 AM

ਜਲੰਧਰ,(ਵਰੁਣ)— ਸ਼ਸ਼ੀ ਸ਼ਰਮਾ ਨੂੰ ਬੁਰੀ ਤਰ੍ਹਾਂ ਕੁੱਟਣ ਵਾਲੇ ਨੌਜਵਾਨ ਨੂੰ ਥਾਣਾ  ਨੰਬਰ 6 ਦੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਨੌਜਵਾਨ ਤੋਂ ਦੇਸੀ ਕੱਟਾ ਵੀ  ਬਰਾਮਦ ਕੀਤਾ ਹੈ। ਸ਼ਨੀਵਰ ਦੇਰ ਰਾਤ ਇਹ ਵੀ ਚਰਚਾ ਰਹੀ ਕਿ ਸੋਨੂੰ ਨਾਂ ਦੇ ਇਕ ਵਿਅਕਤੀ ਨੇ  ਪੁਲਸ ਸਾਹਮਣੇ ਆਤਮ-ਸਮਰਪਣ ਕਰ ਦਿੱਤਾ ਹੈ ਪਰ ਅਜੇ  ਪੁਲਸ ਨੇ ਪੁਸ਼ਟੀ ਨਹੀਂ ਕੀਤੀ।
ਡੀ.  ਸੀ. ਪੀ. ਇਨਵੈਸਟੀਗੇਸ਼ਨ ਗੁਰਮੀਤ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਨੌਜਵਾਨ ਦੀ ਪਛਾਣ  ਹਰਜਿੰਦਰ ਸਿੰਘ ਉਰਫ ਹਨੀ ਪੁੱਤਰ ਹਰਭਜਨ ਸਿੰਘ ਵਾਸੀ ਰਾਜਨਗਰ ਵਜੋਂ ਹੋਈ ਹੈ। ਸ਼ਸ਼ੀ 'ਤੇ  ਜਦੋਂ ਹਮਲਾ ਹੋਇਆ ਤਾਂ ਉਦੋਂ ਹਨੀ ਦੇ ਹੱਥ ’ਚ ਪਿਸਤੌਲ ਸੀ, ਜਦਕਿ ਪਿਸਤੌਲ ਦੇ ਬੱਟ ਤੇ  ਦਾਤਰਾਂ ਨਾਲ ਹਨੀ ਨੇ ਸ਼ਸ਼ੀ ਤੇ ਉਸ ਦੇ ਬੇਟੇ 'ਤੇ ਹਮਲਾ ਕੀਤਾ ਸੀ। ਹਨੀ ਕਰੀਬ 5 ਸਾਲ  ਦੁਬਈ ਤੇ ਸਾਊਦੀ ਅਰਬ ਜਿਹੇ ਦੇਸ਼ਾਂ ’ਚ ਰਹਿ ਕੇ ਆਇਆ ਸੀ, ਜਦਕਿ ਉਹ ਜਲੰਧਰ ਵਿਚ ਇਕ  ਫੈਕਟਰੀ ’ਚ ਪੇਂਟ ਕਰਨ ਦਾ ਕੰਮ ਕਰਦਾ ਹੈ। ਪੁਲਸ ਨੇ ਹਨੀ ਨੂੰ ਅਦਾਲਤ ਵਿਚ ਪੇਸ਼ ਕਰ ਕੇ  13 ਦਸੰਬਰ ਤੱਕ ਰਿਮਾਂਡ 'ਤੇ ਲਿਆ ਹੈ। ਗ੍ਰਿਫਤਾਰ ਹੋਏ ਹਨੀ ਤੋਂ ਜਦੋਂ ਹਮਲੇ ਬਾਰੇ  ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਲੋਕਾਂ ’ਚੋਂ ਸ਼ਸ਼ੀ ਦਾ ਡਰ ਖਤਮ ਕਰਨ ਲਈ ਹਮਲਾ ਕੀਤਾ ਸੀ।  ਡੀ.  ਸੀ. ਪੀ. ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਹਮਲਾਵਰਾਂ ਦਾ ਸ਼ਸ਼ੀ ਨੂੰ ਮਾਰਨ ਦਾ ਇਰਾਦਾ ਨਹੀਂ ਸੀ  ਕਿਉਂਕਿ ਉਨ੍ਹਾਂ ਕੋਲ ਪਿਸਤੌਲ ਸਨ ਤੇ ਫਾਇਰ ਨਹੀਂ ਕੀਤੇ। ਉਨ੍ਹਾਂ ਕਿਹਾ  ਕਿ ਦਲਬੀਰ ਸਿੰਘ ਦੇ ਫੜੇ ਜਾਣ 'ਤੇ ਹੀ ਕਾਰਨਾਂ ਦਾ ਪਤਾ ਲੱਗ ਸਕੇਗਾ। ਹਨੀ ਤੋਂ ਬਰਾਮਦ  ਹੋਇਆ ਦੇਸੀ ਕੱਟਾ ਵੀ ਦਲਬੀਰ ਸਿੰਘ ਨੇ ਦਿੱਤਾ ਸੀ। ਹਨੀ ਤੋਂ ਪਹਿਲਾਂ ਗ੍ਰਿਫਤਾਰ ਕੀਤੇ  ਗਏ ਰੂਬੀ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਉਸ ਨੂੰ ਜੇਲ ਭੇਜ ਦਿੱਤਾ ਗਿਆ ਹੈ। 
ਝੂਠੀ ਐੱਫ. ਆਈ. ਆਰ. ਦਰਜ ਕਰਵਾਉਣ ਦੇ 50 ਹਜ਼ਾਰ ਲਏ ਤੇ ਕੈਂਸਲ ਕਰਵਾਉਣ ਦੇ 2.50  ਲੱਖ ਮੰਗ ਰਿਹਾ ਸੀ ਸ਼ਸ਼ੀ
ਜਲੰਧਰ, (ਵਰੁਣ)-ਅਗਵਾ ਦੀ ਝੂਠੀ ਕਹਾਣੀ ਰਚ ਕੇ ਲੋਕਾਂ ਨੂੰ ਫਸਾਉਣ ਵਾਲਾ ਸ਼ਸ਼ੀ ਸ਼ਰਮਾ  ਆਪਣੇ ਸਾਥੀ ਬਾਲ ਕਿਸ਼ਨ ਬਾਲੀ ਨਾਲ ਖੁਦ ਹੀ ਫਸ ਗਿਆ ਸੀ। ਉਸ ਨੇ ਕਰਜ਼ੇ ’ਚ ਡੁੱਬੇ ਵਿਅਕਤੀ ਨੂੰ  ਕਰਜ਼ਾ ਮੁਆਫ ਕਰਨ ਲਈ ਖੁਦ ਹੀ ਗਾਇਬ ਕਰਵਾ ਦਿੱਤਾ, ਜਿਸ ਦੀ ਪੋਲ ਖੁੱਲ੍ਹਣ ਤੋਂ ਬਾਅਦ ਇਕ  ਇੰਸਪੈਕਟਰ ਰੈਂਕ ਅਧਿਕਾਰੀ ਦੇ ਬਿਆਨਾਂ 'ਤੇ ਸ਼ਸ਼ੀ ਸ਼ਰਮਾ ਤੇ ਬਾਲ ਕਿਸ਼ਨ ਬਾਲੀ 'ਤੇ ਥਾਣਾ  ਨੰ. 5 ਵਿਚ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਹੋਇਆ ਸੀ। ਸ਼ਸ਼ੀ ਸ਼ਰਮਾ ਨੇ ਅਗਵਾ ਦੀ  ਐੱਫ. ਆਈ. ਆਰ. ਦਰਜ ਕਰਵਾਉਣ ਲਈ ਗਾਇਬ ਹੋਏ ਵਿਅਕਤੀ ਦੀ ਪਤਨੀ ਕੋਲੋਂ 50 ਹਜ਼ਾਰ ਰੁਪਏ ਲਏ  ਸਨ ਪਰ ਉਸ ਐੱਫ. ਆਈ. ਆਰ. ਨੂੰ ਰੱਦ ਕਰਵਾਉਣ ਲਈ 2.50 ਲੱਖ ਰੁਪਏ ਦੀ ਮੰਗ ਕਰ ਰਿਹਾ  ਸੀ। ਐੱਫ. ਆਈ. ਆਰ. 2 ਦਸੰਬਰ 2013 ’ਚ ਥਾਣਾ-5 ਵਿਚ ਦਰਜ ਕੀਤੀ ਗਈ ਸੀ। ਰਾਕੇਸ਼  ਕੁਮਾਰ ਦੇ ਅਗਵਾ ਕਾਂਡ ਦੀ ਕਹਾਣੀ ਝੂਠੀ ਨਿਕਲੀ ਤਾਂ ਖੁਦ ਰਾਕੇਸ਼ ਨੇ ਹੀ ਕੋਰਟ ’ਚ ਬਿਆਨ  ਦਿੱਤੇ ਕਿ ਸ਼ਸ਼ੀ ਅਤੇ ਬਾਲ ਕਿਸ਼ਨ ਬਾਲੀ ਦੇ ਕਹਿਣ 'ਤੇ ਹੀ ਉਹ ਗਾਇਬ ਹੋਇਆ ਸੀ। ਉਸ ਨੇ ਕਈ  ਲੋਕਾਂ ਕੋਲੋਂ ਲੱਖਾਂ ਰੁਪਏ ਦਾ ਕਰਜ਼ਾ ਲਿਆ ਸੀ ਪਰ ਮੋੜਨ ਲਈ ਪੈਸੇ ਨਹੀਂ ਸਨ। ਸ਼ਸ਼ੀ ਸ਼ਰਮਾ  ਨੇ ਕਿਹਾ ਕਿ ਉਹ ਕੁਝ ਸਮੇਂ ਲਈ ਗਾਇਬ ਹੋ ਜਾਵੇ, ਜਿਸ ਤੋਂ ਬਾਅਦ ਸ਼ਸ਼ੀ ਨੇ ਰਾਕੇਸ਼ ਦੀ  ਪਤਨੀ ਕੰਚਨ ਸ਼ਰਮਾ ਕੋਲੋਂ ਪੁਲਸ ਵਿਚ ਸ਼ਿਕਾਇਤ ਦੇ ਕੇ ਉਨ੍ਹਾਂ ਲੋਕਾਂ 'ਤੇ ਦੋਸ਼ ਲਾਇਆ,  ਜਿਨ੍ਹਾਂ ਨੇ ਰਾਕੇਸ਼ ਕੋਲੋਂ ਲੱਖਾਂ ਰੁਪਏ ਲੈਣੇ ਸਨ।  ਸ਼ਸ਼ੀ ਨੇ ਉਨ੍ਹਾਂ ਲੋਕਾਂ  ਦੇ ਨਾਂ  ਵੀ ਲਿਖਵਾ ਦਿੱਤੇ ਜੋ ਰਾਕੇਸ਼ ਤੇ ਉਸ ਦੀ ਕੰਚਨ ਨੂੰ ਜਾਣਦੇ ਵੀ ਨਹੀਂ ਸਨ। ਗਾਇਬ ਹੋਣ ਤੋਂ ਕੁਝ  ਸਮੇਂ ਬਾਅਦ ਜਦੋਂ ਰਾਕੇਸ਼ ਨੇ ਆਪਣੀ ਪਤਨੀ ਨਾਲ ਸੰਪਰਕ ਕੀਤਾ ਤਾਂ ਕੰਚਨ ਨੇ ਦੱਸਿਆ ਕਿ  ਸ਼ਸ਼ੀ ਸ਼ਰਮਾ ਤੇ ਬਾਲ ਕਿਸ਼ਨ ਉਸ ਕੋਲੋਂ ਐੱਫ. ਆਈ. ਆਰ. ਦਰਜ ਕਰਵਾਉਣ ਬਦਲੇ 50 ਹਜ਼ਾਰ  ਰੁਪਏ ਲੈ ਗਏ ਹਨ। ਰਾਕੇਸ਼ ਨੂੰ ਜਦੋਂ ਅਣਪਛਾਤੇ ਲੋਕਾਂ ਦੇ ਨਾਂ ਵੀ ਐੱਫ. ਆਈ. ਆਰ. ਵਿਚ  ਦਰਜ ਹੋਣ ਦੀ ਗੱਲ ਪਤਾ ਲੱਗੀ ਤਾਂ ਉਸ ਨੇ ਕੰਚਨ ਨੂੰ ਕੇਸ ਵਾਪਸ ਲੈਣ ਲਈ ਕਿਹਾ। ਕੰਚਨ ਨੇ  ਜਦੋਂ ਸ਼ਸ਼ੀ ਤੇ ਬਾਲੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕੇਸ ਰੱਦ ਕਰਵਾਉਣ ਦੇ 2.50 ਲੱਖ  ਮੰਗੇ। ਇਹ ਸਾਰੀ ਗੱਲ  ਐੱਫ. ਆਈ. ਆਰ. ਵਿਚ ਦਰਜ ਹੈ। ਐੱਸ. ਆਈ. ਟੀ. ਵਿਚ ਸ਼ਾਮਿਲ ਇਕ  ਇੰਸਪੈਕਟਰ ਰੈਂਕ ਅਧਿਕਾਰੀ ਨੇ ਆਪਣੇ ਬਿਆਨਾਂ 'ਤੇ ਸ਼ਸ਼ੀ ਸ਼ਰਮਾ ਅਤੇ ਬਾਲ ਕਿਸ਼ਨ ਬਾਲੀ 'ਤੇ  ਧਾਰਾ 420, 182, 193, 120-ਬੀ, 66 ਪੁਲਸ ਐਕਟ 2007 ਅਧੀਨ ਮਾਮਲਾ ਦਰਜ ਕੀਤਾ ਸੀ। ਐੱਫ. ਆਈ.  ਆਰ. ਵਿਚ ਇਹ ਵੀ ਲਿਖਿਆ ਸੀ ਕਿ ਸ਼ਸ਼ੀ ਸ਼ਰਮਾ ਤੇ ਬਾਲ ਕਿਸ਼ਨ ਬਾਲੀ ਲੋਕਾਂ ਨੂੰ ਬਲੈਕਮੇਲ  ਕਰਨਾ ਚਾਹੁੰਦੇ ਹਨ। 
ਇਹ ਸੀ ਮਾਮਲਾ
ਅਕਤੂਬਰ 2013 ਵਿਚ ਬਸਤੀਆਂ ਇਲਾਕੇ ਦਾ ਰਹਿਣ  ਵਾਲਾ ਰਾਕੇਸ਼ ਕੁਮਾਰ ਅਚਾਨਕ ਗਾਇਬ ਹੋ ਗਿਆ। ਉਸ ਦੀ ਪਤਨੀ ਕੰਚਨ ਨੇ ਪੁਲਸ ਨੂੰ ਸ਼ਿਕਾਇਤ  ਦੇ ਕੇ ਪਤੀ ਦੇ ਅਗਵਾ ਹੋਣ ਦੀ ਗੱਲ ਕਹੀ ਸੀ, ਜਿਨ੍ਹਾਂ ਲੋਕਾਂ ਨੇ ਰਾਕੇਸ਼ ਕੋਲੋਂ  ਪੈਸੇ ਲੈਣੇ ਸਨ, ਪੁਲਸ ਨੇ ਉਨ੍ਹਾਂ ’ਚੋਂ ਰਾਜੀਵ ਕੁਮਾਰ, ਰਾਜਨ ਸ਼ਰਮਾ, ਤਰੁਣ, ਮਹਿੰਦਰ  ਸਿੰਘ, ਰਾਜੀਵ, ਕੁਲਦੀਪ, ਕਰਮਜੀਤ ਸਿੰਘ, ਓਂਕਾਰ ਸਿੰਘ, ਰਾਕੇਸ਼, ਮੁਕੇਸ਼, ਸੋਨੂੰ ਤੇ ਹੋਰ  ਲੋਕਾਂ 'ਤੇ ਅਗਵਾ ਦਾ ਕੇਸ ਦਰਜ ਕਰ ਲਿਆ। ਸਾਰੀ ਚਾਲ ਸ਼ਸ਼ੀ ਸ਼ਰਮਾ ਚੱਲ ਰਿਹਾ ਸੀ,  ਜਿਸ ਨੇ  ਆਪਣੇ ਵੱਲੋਂ ਉਨ੍ਹਾਂ ਲੋਕਾਂ ਦੇ ਨਾਂ ਵੀ ਇਸ ਕੇਸ ਵਿਚ ਦੇ ਦਿੱਤੇ,  ਜਿਨ੍ਹਾਂ ਦਾ ਰਾਕੇਸ਼ ਨਾਲ ਲੈਣਾ-ਦੇਣਾ ਨਹੀਂ ਸੀ। 1 ਦਸੰਬਰ 2013 ਨੂੰ ਪੁਲਸ ਟੀਮ ਨੇ  ਰਾਕੇਸ਼ ਨੂੰ ਫਰੀਦਾਬਾਦ ਤੋਂ ਬਰਾਮਦ ਕਰ ਲਿਆ। ਬਾਅਦ ’ਚ ਪਤਾ ਲੱਗਾ ਕਿ ਇਸ ਦੇ ਪਿੱਛੇ  ਸਾਰੀ ਖੇਡ ਸ਼ਸ਼ੀ ਸ਼ਰਮਾ ਦੀ ਹੈ। ਮਾਮਲੇ ਦੀ ਜਾਂਚ ਲਈ ਐੱਸ. ਆਈ. ਟੀ.  ਗਠਿਤ ਕੀਤੀ ਗਈ, ਜਿਸ ਦੀ  ਜਾਂਚ ਤੋਂ ਬਾਅਦ 2 ਦਸੰਬਰ 2013 ਨੂੰ ਸ਼ਸ਼ੀ ਤੇ ਬਾਲ ਕਿਸ਼ਨ ਖਿਲਾਫ ਐੱਫ. ਆਈ. ਆਰ. ਦਰਜ  ਕਰ ਲਈ ਗਈ। 
ਆਨਲਾਈਨ ਸ਼ਸ਼ੀ ਖਿਲਾਫ ਐੱਫ. ਆਈ. ਆਰ. ਗਾਇਬ
ਸ਼ਸ਼ੀ ਸ਼ਰਮਾ ਦੀ ਪੁਲਸ ਨਾਲ  ਇੰਨੀ ਯਾਰੀ ਹੈ ਕਿ ਪੁਲਸ ਵੀ ਉਸ ਦੀ ਕਰਤੂਤ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦੀ ਆਈ ਹੈ।  ਸ਼ਸ਼ੀ ਖਿਲਾਫ ਜੋ ਐੱਫ. ਆਈ. ਆਰ. ਦਰਜ ਹੈ, ਉਹ ਜਲੰਧਰ ਪੁਲਸ ਦੀ ਵੈੱਬਸਾਈਟ ਤੋਂ ਗਾਇਬ ਕਰ  ਦਿੱਤੀ ਗਈ ਹੈ। ਇਸ ਤੋਂ ਸਾਬਿਤ ਹੁੰਦਾ ਹੈ ਕਿ ਪੁਲਸ ਨਾਲ ਉਸ ਦੀ ਕਾਫੀ ਸੈਟਿੰਗ ਹੈ, ਜਿਸ  ਕਾਰਨ ਸ਼ਸ਼ੀ ਦਾ ਕੋਈ ਕੰਮ ਨਹੀਂ ਰੁਕਦਾ ਸੀ।