ਪਿੰਡ ਵਾਸੀਆਂ ਦੂਜੇ ਦਿਨ ਵੀ ਲਾਇਆ ਧਰਨਾ

11/30/2018 1:27:28 AM

ਹਰਿਆਣਾ,   (ਜ.ਬ)-  ਪਿਛਲੇ ਕਈ ਦਿਨਾਂ ਤੋਂ ਅਧਿਆਪਕਾਂ ਤੇ ਸਰਕਾਰ ਵਿਚਕਾਰ ਚੱਲ ਰਿਹਾ ਸੰਘਰਸ਼ ਦਿਨ ਪ੍ਰਤੀ ਦਿਨ ਤਿੱਖ਼ਾ ਹੁੰਦਾ ਜਾ ਰਿਹਾ ਹੈ ਜਿਥੇ ਸਰਕਾਰ ਵੀ ਅਧਿਆਪਕਾਂ ਦੇ ਸੰਘਰਸ਼ ਨੂੰ ਦਬਾਉਣ ਲਈ ਹਰ ਉਪਰਾਲੇ ਕਰ ਰਹੀ ਹੈ ਉਥੇ ਅਧਿਆਪਕਾਂ ਦੇ ਨਾਲ ਬੱਚੇ ਅਤੇ ਉਨ੍ਹਾਂ ਦੇ ਮਾਪੇ ਢਾਲ ਬਣ ਕੇ ਖਡ਼੍ਹ ਰਹੇ ਹਨ। 
ਇਸੇ ਕਡ਼ੀ ਤਹਿਤ ਪਿਛਲੇ ਦਿਨੀਂ ਸਰਕਾਰੀ ਮਿਡਲ ਸਕੂਲ ਟਾਹਲੀਵਾਲ ਦੇ ਸਾਇੰਸ ਅਧਿਆਪਕ ਪਰਮਜੀਤ ਸਿੰਘ ਦੀ ਬਦਲੀ ਸਰਕਾਰੀ ਹਾਈ ਸਕੂਲ ਖੁਰਾਲੀ ਵਿਖੇ ਕਰ ਦਿੱਤੀ ਗਈ ਸੀ ਜਿਸ ਦੇ ਵਿਰੋਧ ਵਜੋਂ ਅੱਜ ਦੂਜੇ ਦਿਨ ਵੀ ਸਰਕਾਰੀ ਮਿਡਲ ਸਕੂਲ ਟਾਹਲੀਵਾਲ ਦੇ ਪਿੰਡ ਦੇ ਲੋਕਾਂ ਤੇ ਸਕੂਲ ’ਚ ਪਡ਼੍ਹਦੇ ਵਿਦਿਆਰਥੀ ਦੇ ਮਾਪਿਆਂ ਵੱਲੋਂ ਸਕੂਲ ਸਾਹਮਣੇ ਧਰਨਾ ਦਿੱਤਾ ਗਿਆ। ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਰਾਮਪਾਲ ਨੇ ਕਿਹਾ ਕਿ ਸਾਡੇ ਸਕੂਲ ਦੇ ਮਿਹਨਤੀ ਅਧਿਆਪਕ ਦੀ ਜਬਰਨ ਬਦਲੀ ਤੁਰੰਤ ਰੱਦ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪਰਮਜੀਤ ਸਿੰਘ ਸਾਇੰਸ ਅਧਿਆਪਕ ਜੋ ਕਿ ਪਿਛਲੇ ਨੌਂ ਸਾਲਾਂ ਤੋਂ ਸਾਡੇ ਸਕੂਲ ਵਿਚ ਸੇਵਾ ਨਿਭਾਅ ਰਹੇ ਹਨ, ਨੇ ਸਾਡੇ ਸਕੂਲ ਵਿਚ ਪੂਰੀ ਮਿਹਨਤ ਨਾਲ ਸਕੂਲ ਨੂੰ ਬੁਲੰਦੀਆਂ ’ਤੇ ਪਹੁੰਚਾਉਣ ਲਈ ਹਰ ਉਪਰਾਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪਰਮਜੀਤ ਸਿੰਘ ਨੇ ਵੱਖ-ਵੱਖ ਸਮੇਂ ਦੌਰਾਨ ਸਕੂਲ ਦਾ ਨਾਂ  ਪੂਰੇ ਸੂਬੇ ਵਿਚ ਚਮਕਾਇਆ ਹੈ। ਉਨ੍ਹਾਂ ਕਿਹਾ ਕਿ ਸਾਇੰਸ ਅਧਿਆਪਕ ਦੀ ਬਦਲੀ ਨਾਲ ਸਾਡੇ ਸਕੂਲ ਦੇ ਵਿਦਿਆਰਥੀਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਵੇਗਾ ਜਿਸ ਦੀ ਭਰਪਾਈ ਵਿਭਾਗ ਕਿਵੇਂ ਕਰੇਗਾ। ਉਨ੍ਹਾਂ ਕਿਹਾ ਕਿ ਸਰਕਾਰ ਅਧਿਆਪਕਾਂ ਦੇ ਮਸਲਿਆਂ ਨੂੰ ਤੁਰੰਤ ਪਹਿਲ ਦੇ ਆਧਾਰ ’ਤੇ ਹੱਲ ਕਰੇ ਤਾਂ ਕਿ ਸਰਕਾਰੀ ਸਕੂਲਾਂ ਵਿਚ ਪਡ਼੍ਹਦੇ ਗਰੀਬ ਵਿਦਿਆਰਥੀਆਂ ਦਾ ਨੁਕਸਾਨ ਨਾ ਹੋਵੇ। 
ਇਸ ਸਮੇਂ ਪਿੰਡ ਵਾਸੀਆਂ ਤੇ ਬੱਚਿਆਂ ਦੇ ਮਾਪਿਆਂ ਵੱਲੋਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਾਡੇ ਅਧਿਆਪਕ ਦੀ ਬਦਲੀ ਤੁਰੰਤ ਰੱਦ ਨਾ ਕੀਤੀ ਤਾਂ ਸਕੂਲ ਨੂੰ ਪੱਕੇ ਤੌਰ ’ਤੇ ਤਾਲਾ ਲਗਾਇਆ ਜਾਵੇਗਾ ਅਤੇ ਪਿੰਡ ਵਾਸੀਆਂ ਵੱਲੋਂ ਮੁੱਖ ਸਡ਼ਕ ਤੇ ਚੱਕਾ ਜਾਮ ਕੀਤਾ ਜਾਵੇਗਾ ਜਿਸ ਦੀ ਨਿਰੋਲ ਜ਼ਿੰਮੇਵਾਰੀ ਸਰਕਾਰ ਤੇ ਸਿੱਖਿਆ ਵਿਭਾਗ ਦੀ ਹੋਵੇਗੀ। 
ਇਸ  ਦੌਰਾਨ ਪਿੰਡ ਵਾਸੀਆਂ ਤੇ ਮਾਪਿਆਂ ਨੇ ਕਿਹਾ ਕਿ  2 ਦਸੰਬਰ ਦੀ ਪਟਿਆਲਾ ਰੈਲੀ ਵਿਚ ਉਹ ਵਧ-ਚਡ਼੍ਹ ਕੇ ਸ਼ਮੂਲੀਅਤ ਕਰਨਗੇ ਤੇ ਜਦ ਤੱਕ ਸਰਕਾਰ ਆਪਣੇ ਨਾਦਰਸ਼ਾਹੀ ਫ਼ੈਸਲੇ ਵਾਪਸ ਨਹੀਂ ਲੈਂਦੀ ਇਹ ਸੰਘਰਸ਼ ਇਸੇ ਤਰ੍ਹਾਂ ਚੱਲਦਾ ਰਹੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਰਾਮਪਾਲ, ਸਰਪੰਚ ਕਮਲਜੀਤ, ਗੁਰਮੀਤ ਕੌਰ, ਰਾਜ ਕੁਮਾਰੀ, ਕਰਮਜੀਤ ਕੌਰ, ਪਰਵਿੰਦਰ ਕੌਰ, ਸੋਹਣ ਲਾਲ, ਗੁਰਮੀਤ ਰਾਏ, ਜਸਵਿੰਦਰ ਪਾਲ, ਬਚਨ ਰਾਮ, ਰਵਿੰਦਰ ਸਿੰਘ, ਕਮਲਾ ਦੇਵੀ, ਮਹਿੰਦਰ ਕੌਰ, ਲੱਛਮੀ ਕੌਰ, ਸ਼ਾਮ ਕੌਰ, ਸਰਬਜੀਤ ਕੌਰ, ਪੂਨਮ ਦੇਵੀ, ਸੁਨੀਤਾ ਦੇਵੀ, ਨਿਰਮਲਾ ਦੇਵੀ,  ਆਸ਼ਾ ਰਾਣੀ, ਰਾਮ ਸਿੰਘ, ਸੁਖਦੇਵ ਰਾਜ, ਅਸ਼ੋਕ ਕੁਮਾਰ, ਨਰੇਸ਼ ਦੇਵੀ, ਆਸ਼ਾ ਦੇਵੀ ਤੇ ਹੋਰ ਹਾਜ਼ਰ ਸਨ।