ਸ਼ਿਕਾਰੀਆਂ ਦਾ ਸ਼ਿਕਾਰ ਬਣ ਰਹੇ ਨੇ ਦੁਧਾਰੂ ਪਸ਼ੂ, ਲੋਕਾਂ ’ਚ ਰੋਸ

06/25/2019 12:36:57 AM

ਨੰਗਲ, (ਗੁਰਭਾਗ)- ਸ਼ਿਕਾਰੀਆਂ ਵੱਲੋਂ ਜੰਗਲੀ ਜਾਨਵਰਾਂ ਦੇ ਸ਼ਿਕਾਰ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜੰਗਲੀ ਜਾਨਵਰਾਂ ਦੇ ਸ਼ਿਕਾਰ ਦੇ ਨਾਲ-ਨਾਲ ਲੋਕਾਂ ਦੇ ਦੁਧਾਰੂ ਪਸ਼ੂ ਵੀ ਇਨ੍ਹਾਂ ਸ਼ਿਕਾਰੀਆਂ ਵੱਲੋਂ ਲਾਏ ਸ਼ਿਕੰਜਿਆਂ ’ਚ ਫਸ ਕੇ ਜ਼ਖ਼ਮੀ ਹੋ ਰਹੇ ਹਨ। ਜਿਸ ਨੂੰ ਲੈ ਕੇ ਲੋਕਾਂ ਵਿਚ ਭਾਰੀ ਰੋਸ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਿੰਡ ਬਾਸ ਦੀ ਮੌਜੂਦਾ ਸਰਪੰਚ ਰਾਜ ਰਾਣੀ ਦੇ ਪਤੀ ਸ਼ਿਵ ਕੁਮਾਰ ਨੇ ਕਿਹਾ ਕਿ ਐਤਵਾਰ ਉਨ੍ਹਾਂ ਨੇ ਆਪਣੇ ਦੁਧਾਰੂ ਪਸ਼ੂ (ਮੱਝਾਂ) ਲਾਗਲੇ ਜੰਗਲਾਂ ’ਚ ਘਾਹ ਚਰਨ ਲਈ ਛੱਡੇ ਹੋਏ ਸਨ। ਜਿਸ ਦੌਰਾਨ ਉਨ੍ਹਾਂ ਦੀ ਕੱਟੀ ਦਾ ਮੂੰਹ ਘਾਹ ਚਰਦੇ-ਚਰਦੇ ਪੋਟਾਸ਼ ਨਾਲ ਤਿਆਰ ਕੀਤੇ ਇਕ ਗੋਲੇ ਨੂੰ ਲੱਗਿਆ। ਪੋਟਾਸ਼ ਦਾ ਗੋਲਾ ਫਟ ਗਿਆ ਤੇ ਉਨ੍ਹਾਂ ਦੀ ਕੱਟੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ ਅਤੇ ਉਸ ਦੇ ਚਾਰ ਦੰਦ ਵੀ ਟੁੱਟ ਗਏ। ਸ਼ਿਵ ਨੇ ਕਿਹਾ ਕਿ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਦੱਸਿਆ ਕਿ ਜੇਕਰ ਮੂੰਹ ਅੰਦਰ ਜਾ ਕੇ ਪੋਟਾਸ਼ ਦਾ ਗੋਲਾ ਫਟਦਾ ਤਾਂ ਉਨ੍ਹਾਂ ਦੀ ਕੱਟੀ ਦੀ ਮੌਤ ਵੀ ਹੋ ਸਕਦੀ ਸੀ। ਸ਼ਿਵ ਕੁਮਾਰ ਨੇ ਕਿਹਾ ਕਿ ਇਸ ਸਬੰਧੀ ਉਹ ਨਵਾਂ ਨੰਗਲ ਪੁਲਸ ਨੂੰ ਵੀ ਸ਼ਿਕਾਇਤ ਕਰਨਗੇ।

ਕੀ ਹੈ ਪੋਟਾਸ਼ ਦਾ ਗੋਲਾ

ਸ਼ਿਕਾਰੀਆਂ ਵੱਲੋਂ ਜੰਗਲੀ ਸੂਰਾਂ ਜਾਂ ਹੋਰ ਜਾਨਵਰਾਂ ਦਾ ਸ਼ਿਕਾਰ ਕਰਨ ਲਈ ਆਟੇ ਵਿਚ ਪੋਟਾਸ਼ ਮਿਲਾ ਕੇ ਇਕ ਗੋਲਾ ਤਿਆਰ ਕੀਤਾ ਜਾਂਦਾ ਹੈ ਤੇ ਉਸ ਨੂੰ ਥੋੜ੍ਹਾ ਜਿਹਾ ਜ਼ਮੀਨ ’ਚ ਗੱਡ ਦਿੱਤਾ ਜਾਂਦਾ ਹੈ। ਜਦੋਂ ਜੰਗਲੀ ਸੂਰ ਨੂੰ ਆਟੇ ਦੀ ਖੁਸ਼ਬੂ ਆਉਂਦੀ ਹੈ ਤਾਂ ਉਹ ਮੂੰਹ ਨਾਲ ਜ਼ਮੀਨ ਨੂੰ ਪੁੱਟਣਾ ਸ਼ੁਰੂ ਕਰ ਦਿੰਦਾ ਹੈ, ਜਿਸ ਦੌਰਾਨ ਇਕ ਧਮਾਕਾ ਹੁੰਦਾ ਹੈ ਤੇ ਸੂਰ ਦੀ ਮੌਤ ਹੋ ਜਾਂਦੀ ਹੈ।

Bharat Thapa

This news is Content Editor Bharat Thapa