ਮਕਾਨ ਮਾਲਕ ’ਤੇ ਗੋਲ਼ੀਆਂ ਚਲਾਉਣ ਵਾਲੇ ਦੋਵਾਂ ਮੁਲਜ਼ਮਾਂ ਨੂੰ ਭੇਜਿਆ ਜੇਲ੍ਹ, ਲਾਇਸੈਂਸ ਹੋਵੇਗਾ ਰੱਦ

10/14/2023 4:18:51 PM

ਜਲੰਧਰ (ਵਰੁਣ)–ਅਰਬਨ ਅਸਟੇਟ ਫੇਸ-1 ਵਿਚ ਮਕਾਨ ਮਾਲਕ ’ਤੇ ਗੋਲ਼ੀਆਂ ਚਲਾਉਣ ਦੇ ਮਾਮਲੇ ਵਿਚ ਗ੍ਰਿਫ਼ਤਾਰ ਹੋਏ ਕਿਰਾਏਦਾਰ ਅਤੇ ਉਸ ਦੇ ਦੋਸਤ ਨੂੰ ਥਾਣਾ ਨੰਬਰ 7 ਦੀ ਪੁਲਸ ਨੇ ਜੇਲ੍ਹ ਭੇਜ ਦਿੱਤਾ। ਕਿਰਾਏਦਾਰ ਦੇ ਦੋਸਤ ਦਾ ਪੁਲਸ ਨੇ ਵੀਰਵਾਰ ਨੂੰ ਹੀ ਲਾਇਸੈਂਸੀ ਰਿਵਾਲਵਰ ਜ਼ਬਤ ਕਰ ਲਿਆ ਸੀ ਪਰ ਹੁਣ ਪੁਲਸ ਨੇ ਉਸ ਦਾ ਲਾਇਸੈਂਸ ਰੱਦ ਕਰਨ ਲਈ ਆਪਣੇ ਅਧਿਕਾਰੀਆਂ ਨੂੰ ਲਿਖਤੀ ਦੇ ਦਿੱਤਾ ਹੈ।

ਥਾਣਾ ਨੰਬਰ 7 ਦੇ ਇੰਚਾਰਜ ਮੁਕੇਸ਼ ਕੁਮਾਰ ਨੇ ਕਿਹਾ ਕਿ ਬ੍ਰਹਮ ਰਾਜ ਦਾ ਜਲਦ ਲਾਇਸੈਂਸ ਵੀ ਰੱਦ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਕਿਸੇ ਹੋਰ ਵਿਅਕਤੀ ਦੀ ਭੂਮਿਕਾ ਸਾਹਮਣੇ ਨਹੀਂ ਆਈ ਹੈ। ਮੁਲਜ਼ਮਾਂ ਤੋਂ ਪੁੱਛਗਿੱਛ ਤੋਂ ਬਾਅਦ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਨ ਉਪਰੰਤ ਜੇਲ੍ਹ ਭੇਜ ਦਿੱਤਾ ਗਿਆ ਹੈ।

ਦੱਸਣਯੋਗ ਹੈ ਕਿ 71 ਸਾਲਾ ਰਵਿੰਦਰ ਕੁਮਾਰ ਨਿਵਾਸੀ ਆਦਰਸ਼ ਨਗਰ ਆਪਣੀ ਪਤਨੀ ਕੁਸੁਮ ਲਤਾ ਨਾਲ ਅਰਬਨ ਅਸਟੇਟ ਸਥਿਤ ਆਪਣੇ ਘਰ ਦੇ ਉਪਰ ਵਾਲੇ ਪੋਰਸ਼ਨ ਨੂੰ ਕਿਰਾਏ ’ਤੇ ਚੜ੍ਹਾਉਣ ਲਈ ਸਫਾਈ ਕਰਵਾਉਣ ਆਏ ਸਨ। ਗੇਟ ਖੜਕਾਉਣ ’ਤੇ ਹੇਠਾਂ ਰਹਿੰਦੇ ਪੁਰਾਣੇ ਕਿਰਾਏਦਾਰ ਪ੍ਰਿੰਸ ਮਹਾਜਨ ਨੇ ਪਹਿਲਾਂ ਤਾਂ ਗੇਟ ਨਹੀਂ ਖੋਲ੍ਹਿਆ ਪਰ ਜਦੋਂ ਰਵਿੰਦਰ ਕੁਮਾਰ ਅਤੇ ਉਨ੍ਹਾਂ ਦੀ ਪਤਨੀ ਆਪਣੇ ਮਕਾਨ ਵਿਚ ਦਾਖਲ ਹੋਏ ਤਾਂ ਉਨ੍ਹਾਂ ਨੂੰ ਬੰਦੀ ਬਣਾ ਕੇ ਕੁੱਟਮਾਰ ਕੀਤੀ ਗਈ।

ਇਸ ਦੌਰਾਨ ਪ੍ਰਿੰਸ ਮਹਾਜਨ ਪੁੱਤਰ ਅਸ਼ੋਕ ਮਹਾਜਨ ਨਿਵਾਸੀ ਕਿਲਾ ਮੁਹੱਲਾ ਨੇ ਆਪਣੇ ਦੋਸਤ ਬ੍ਰਹਮ ਰਾਜ ਪੁੱਤਰ ਦੇਵਰਾਜ ਨਿਵਾਸੀ ਅਰਬਨ ਅਸਟੇਟ ਫੇਸ-1 ਨੂੰ ਵੀ ਬੁਲਾ ਲਿਆ, ਜਿਸ ਨੇ ਜਾਨੋਂ ਮਾਰਨ ਦੀ ਨੀਅਤ ਨਾਲ ਰਵਿੰਦਰ ਕੁਮਾਰ ’ਤੇ ਸਿੱਧੀ ਗੋਲੀ ਚਲਾ ਦਿੱਤੀ ਪਰ ਨਿਸ਼ਾਨਾ ਖੁੰਝਣ ’ਤੇ ਗੋਲੀ ਉਨ੍ਹਾਂ ਦੇ ਸਿਰ ਦੇ ਨੇੜਿਓਂ ਨਿਕਲ ਗਈ ਸੀ। ਮੁਲਜ਼ਮ ਨੇ ਕੁੱਲ 2 ਫਾਇਰ ਕੀਤੇ ਸਨ, ਜਿਸ ਤੋਂ ਬਾਅਦ ਆਲੇ-ਦੁਆਲੇ ਦੇ ਲੋਕਾਂ ਨੇ ਗੋਲੀਆਂ ਚੱਲਣ ਦੀ ਸੂਚਨਾ ਪੁਲਸ ਨੂੰ ਦਿੱਤੀ ਤਾਂ ਐੱਸ. ਐੱਚ. ਓ. ਮੁਕੇਸ਼ ਕੁਮਾਰ ਅਤੇ ਉਨ੍ਹਾਂ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਪ੍ਰਿੰਸ ਅਤੇ ਬ੍ਰਹਮ ਰਾਜ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕਰ ਕੇ ਬ੍ਰਹਮ ਰਾਜ ਦਾ ਲਾਇਸੈਂਸੀ ਰਿਵਾਲਵਰ ਵੀ ਬਰਾਮਦ ਕਰ ਲਿਆ ਗਿਆ ਸੀ।

shivani attri

This news is Content Editor shivani attri