ਕਦੇ ਦਿੱਲੀ ''ਚ ਚੱਲਦੇ ਸਨ ਟਰੱਕ, ਅੱਜ ਫੁੱਟਪਾਥ ''ਤੇ ਪੱਲੀਆਂ ਸਿਉਂ ਕੇ ਗੁਜ਼ਾਰਾ ਕਰ ਰਿਹੈ ''84 ਦਾ ਦੰਗਾ ਪੀੜਤ ਪਰਿਵਾਰ

11/18/2017 12:54:52 AM

ਔੜ  (ਛਿੰਜੀ)- ਕਹਿੰਦੇ ਨੇ ਕਿਸਮਤ ਦਾ ਕੁਝ ਪਤਾ ਨਹੀਂ ਕਦੋਂ ਅਰਸ਼ੋਂ ਫਰਸ਼ ਤੇ ਫਰਸ਼ੋਂ ਅਰਸ਼ 'ਤੇ ਕਰ ਦੇਵੇ। ਅਜਿਹਾ ਹੀ ਹੋਇਆ ਔੜ ਦੇ ਇਕ ਪਰਿਵਾਰ ਨਾਲ, ਜਿਸ ਦਾ ਦਿੱਲੀ 'ਚ ਲੱਖਾਂ ਰੁਪਏ ਦਾ ਟਰੱਕ ਬਣਾਉਣ ਦਾ ਕਾਰੋਬਾਰ ਸੀ ਤੇ 1984 'ਚ ਹੋਏ ਦੰਗਿਆਂ 'ਚ ਕਿਸਮਤ ਨੇ ਅਜਿਹੀ ਪਲਟੀ ਮਾਰੀ ਕਿ ਅੱਜ ਉਹੀ ਪਰਿਵਾਰ ਫੁੱਟਪਾਥ 'ਤੇ ਪੱਲੀਆਂ ਸਿਉਂ ਕੇ ਢਿੱਡ ਭਰ ਰਿਹਾ ਹੈ।
ਬਲਜੀਤ ਸਿੰਘ ਨੇ ਦੱਸਿਆ ਕਿ ਮੇਰਾ ਪਿਤਾ ਮਹਿੰਦਰ ਸਿੰਘ ਟਰੱਕ ਡਰਾਈਵਰ ਸੀ, ਜਿਸ ਨੇ ਮਿਹਨਤ ਤੇ ਲਗਨ ਨਾਲ ਕੰਮ ਕਰ ਕੇ ਦਿੱਲੀ 'ਚ ਹੀ ਟਰੱਕ ਬਣਾਉਣ ਦੀ ਵਰਕਸ਼ਾਪ ਬਣਾਈ ਤੇ ਲੱਖਾਂ ਰੁਪਏ ਦਾ ਕਾਰੋਬਾਰ ਸਥਾਪਿਤ ਕੀਤਾ ਪਰ ਜਦੋਂ 1984 'ਚ ਦੰਗੇ ਹੋਏ, ਉਦੋਂ ਸਾਡੀ ਵਰਕਸ਼ਾਪ ਨੂੰ ਪੰਜਾਬੀ ਹੋਣ ਕਾਰਨ ਦੰਗਾਕਾਰੀਆਂ ਨੇ ਅੱਗ ਦੇ ਹਵਾਲੇ ਕਰ ਦਿੱਤਾ। ਇਸ ਦੌਰਾਨ ਸਾਡੇ ਪਰਿਵਾਰ ਦੀ ਜਾਨ ਤਾਂ ਬਚ ਗਈ ਪਰ ਅਸੀਂ ਕੰਮ ਤੋਂ ਵਿਹੂਣੇ ਹੋ ਗਏ ਤੇ ਭੁੱਖੇ ਮਰਨ ਦੀ ਨੌਬਤ ਆ ਗਈ। ਉਪਰੰਤ ਆਪਣੇ ਪਿੰਡ ਔੜ ਵਾਪਸ ਆ ਗਏ, ਜਿਥੇ ਰੋਟੀ ਲਈ ਕਈ ਪਾਪੜ ਵੇਲੇ। ਬਲਜੀਤ ਸਿੰਘ ਨੇ ਦੱਸਿਆ ਕਿ ਹੁਣ ਮੇਰੇ ਦੋ ਭਰਾਵਾਂ ਤੇ ਪਿਤਾ ਦੀ ਮੌਤ ਹੋ ਗਈ ਹੈ ਤੇ ਆਪਣੀ ਮਾਤਾ ਗੁਰਮੀਤ ਕੌਰ ਤੇ ਭਰਾ ਦੇ ਬੱਚਿਆਂ ਦਾ ਪੱਲੀਆਂ ਸਿਉਂ ਕੇ ਪੇਟ ਭਰ ਰਿਹਾ ਹਾਂ। ਉਸ ਨੇ ਦੱਸਿਆ ਕਿ ਸਾਡੇ ਹੋਏ ਨੁਕਸਾਨ ਦੀ ਦਿੱਲੀ ਦੇ ਥਾਣਾ ਇੰਦਰਲੋਕ 'ਚ ਐੱਫ਼. ਆਈ. ਆਰ. ਵੀ ਦਰਜ ਹੈ ਪਰ ਫਿਰ ਵੀ ਸਾਡਾ ਦੰਗਾ ਪੀੜਤ ਕਾਰਡ ਨਹੀਂ ਬਣਾਇਆ ਗਿਆ, ਜਿਸ ਸੰਬੰਧੀ ਲੰਬੇ ਸਮੇਂ ਤੋਂ ਅਸੀਂ ਮਾਣਯੋਗ ਅਦਾਲਤ ਨੂੰ ਸਹਾਇਤਾ ਦੀ ਅਪੀਲ ਕੀਤੀ ਹੋਈ ਹੈ ਪਰ ਹਾਲੇ ਤੱਕ ਇਨਕੁਆਰੀਆਂ ਹੀ ਹੋ ਰਹੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਸਾਨੂੰ ਸਹਾਇਤਾ ਦਿੱਤੀ ਜਾਵੇ ਤੇ ਦੰਗਾ ਪੀੜਤਾਂ ਵਾਲੀਆਂ ਸਹੂਲਤਾਂ ਤੇ ਮੁਆਵਜ਼ਾ ਦਿੱਤਾ ਜਾਵੇ।