ਬਿਨਾਂ ਸੂਚਨਾ ਦਿੱਤੇ ਟਰੇਨ ਨੂੰ ਕੀਤਾ ਰੱਦ

01/13/2019 7:34:10 AM

ਜਲੰਧਰ,   (ਗੁਲਸ਼ਨ)—  ਕੁੰਭ ਮੇਲੇ ਨੂੰ ਲੈ ਕੇ ਰੇਲਵੇ ਵਿਭਾਗ ਵਲੋਂ ਮੁਸਾਫਿਰਾਂ ਨੂੰ  ਸਹੂਲਤਾਂ ਦੇਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ। ਆਈ. ਆਰ. ਸੀ. ਟੀ. ਵਲੋਂ  ਸਪੈਸ਼ਲ ਟਰੇਨਾਂ ਚਲਾਉਣ ਦਾ ਵੀ ਐਲਾਨ ਕੀਤਾ ਜਾ ਰਿਹਾ ਹੈ ਪਰ ਰੇਲਵੇ ਵਿਭਾਗ ਦੇ ਸਾਰੇ  ਦਾਅਵੇ ਉਸ ਸਮੇਂ ਖੋਖਲੇ ਸਾਬਿਤ ਹੋਏ ਹਨ ਜਦੋਂ ਮੁਸਾਫਿਰ ਟਰੇਨ ਫੜਨ ਲਈ ਸਟੇਸ਼ਨ ’ਤੇ  ਪਹੁੰਚੇ ਤਾਂ ਟਰੇਨ ਰੱਦ ਹੋਣ ਦੀ ਅਨਾਊਂਸਮੈਂਟ ਕਰ ਦਿੱਤੀ ਗਈ, ਜਿਸ ਕਾਰਨ ਸੈਂਕੜੇ  ਮੁਸਾਫਿਰਾਂ ਨੂੰ ਧੱਕੇ ਖਾਣ ਲਈ ਮਜਬੂਰ ਹੋਣਾ ਪਿਆ। 
ਸਮਾਜ ਸੇਵਕ ਤਰਸੇਮ ਕਪੂਰ ਨੇ  ਦੱਸਿਆ ਕਿ ਉਨ੍ਹਾਂ ਦੀ  ਆਪਣੀ ਪਤਨੀ ਨਾਲ ਕੁੰਭ ਮੇਲੇ ’ਚ ਜਾਣ ਲਈ ਵਾਇਆ ਜਲੰਧਰ ਕੈਂਟ  ਚੱਲਣ ਵਾਲੀ ਮਾਲਵਾ ਐਕਸਪ੍ਰੈੱਸ ਤੋਂ ਅੰਬਾਲਾ ਕੈਂਟ ਦੀਆਂ ਟਿਕਟਾਂ ਬੁੱਕ ਸਨ। ਅੰਬਾਲਾ  ਕੈਂਟ ਤੋਂ ਉਨ੍ਹਾਂ ਦੀਆਂ ਚੰਡੀਗੜ੍ਹ ਤੋਂ ਪ੍ਰਯਾਗਰਾਜ  ਜਾਣ ਵਾਲੀ ਊਂਚਾਹਾਰ ਐਕਸਪ੍ਰੈੱਸ  ਦੇ ਥਰਡ ਏ. ਸੀ. ਬੀ-4 ਕੋਚ ’ਚ ਸੀਟਾਂ ਬੁੱਕ ਸਨ। ਉਨ੍ਹਾਂ ਦੱਸਿਆ ਕਿ  ਜਦੋਂ ਉਹ  ਅੰਬਾਲਾ ਸਟੇਸ਼ਨ ’ਤੇ ਪਹੁੰਚੇ ਤਾਂ ਅਨਾਊਂਸਮੈਂਟ ਕਰ ਦਿੱਤੀ ਗਈ।  ਉਨ੍ਹਾਂ ਦੇ ਮੋਬਾਇਲ  ਫੋਨ ’ਤੇ ਊਂਚਾਹਾਰ ਟਰੇਨ ਦੇ ਰੱਦ ਹੋਣ ਦਾ ਮੈਸੇਜ ਵੀ ਆ ਗਿਆ। ਉਨ੍ਹਾਂ ਕਿਹਾ ਕਿ ਮੈਸੇਜ  ਵੇਖ ਕੇ ਉਨ੍ਹਾਂ ਦੇ ਹੋਸ਼ ਉਡ ਗਏ ਕਿਉਂਕਿ ਉਨ੍ਹਾਂ ਕਾਫੀ ਸਮਾਂ ਪਹਿਲਾਂ ਹੀ ਟਿਕਟਾਂ ਬੁੱਕ  ਕਰਵਾਈਆਂ ਹੋਈਆਂ ਸਨ। 
ਸ਼੍ਰੀ ਕਪੂਰ ਨੇ ਕਿਹਾ ਕਿ ਬਿਨਾਂ ਕਿਸੇ ਅਗਾਊਂ ਸੂਚਨਾ ਦੇ  ਟਰੇਨ ਰੱਦ ਕਰ  ਦੇਣ ਨਾਲ ਉਨ੍ਹਾਂ ਤੋਂ ਇਲਾਵਾ ਸੈਂਕੜੇ ਯਾਤਰੀਆਂ ਨੂੰ ਪ੍ਰੇਸ਼ਾਨ ਹੋਣਾ  ਪਿਆ ਅਤੇ ਠੰਡ ਦੇ ਮੌਸਮ ’ਚ ਧੱਕੇ ਖਾਣੇ ਪਏ। ਉਨ੍ਹਾਂ ਕਿਹਾ ਕਿ ਉਹ ਅੰਬਾਲਾ ਪਹੁੰਚ  ਚੁੱਕੇ ਸਨ ਅਤੇ ਉਸ ਰੂਟ ਦੀ ਦੂਜੀ ਕੋਈ ਟਰੇਨ ਵੀ ਨਹੀਂ ਸੀ। ਉਨ੍ਹਾਂ ਨੂੰ ਮਜਬੂਰ ਹੋ ਕੇ ਬੱਸ ’ਚ ਹਰਿਦੁਆਰ ਜਾਣਾ ਪਿਆ। 
ਜ਼ਿਕਰਯੋਗ ਹੈ ਕਿ ਕੁੰਭ ਮੇਲੇ ’ਚ ਇਸ਼ਨਾਨ ਕਰਨ ਲਈ  ਪ੍ਰਯਾਗਰਾਜ ਜਾਣ ਵਾਲੇ ਮੁਸਾਫਿਰਾਂ ਦੀ ਕਾਫੀ ਭੀੜ ਚੱਲ ਰਹੀ ਹੈ। ਸਿੱਧੀ ਟਰੇਨ ਦੀ ਕਨਫਰਮ  ਟਿਕਟ ਨਾ ਮਿਲਣ ਕਾਰਨ ਮੁਸਾਫਿਰ ਆਪਣੇ ਆਪਣੇ ਸ਼ਹਿਰਾਂ ਤੋਂ ਵੱਖ-ਵੱਖ ਰੂਟਾਂ ਦੀਆਂ ਕਨਫਰਮ  ਟਿਕਟਾਂ ਲੈ ਕੇ ਸਫਰ ਕਰ ਰਹੇ ਹਨ। ਜੇਕਰ ਇੰਝ ਰਸਤੇ ’ਚ ਅਚਾਨਕ ਟਰੇਨ ਰੱਦ ਹੋ ਜਾਵੇ  ਤਾਂ ਯਾਤਰੀ ਕਿੱਥੇ ਜਾਣ।
ਤਰਸੇਮ ਕਪੂਰ ਨੇ ਰੇਲ ਮੰਤਰਾਲੇ ਕੋਲੋਂ ਮੰਗ ਕਰਦਿਆਂ ਕਿਹਾ ਕਿ  ਅਚਾਨਕ ਟਰੇਨ ਰੱਦ ਕਰਨ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਜੇਕਰ ਕੋਈ ਦੋਸ਼ੀ ਪਾਇਆ  ਜਾਂਦਾ ਹੈ ਤਾਂ ਉਸਦੇ ਖਿਲਾਫ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।