ਕਾਠਗੜ੍ਹ ਦਾ ਸਵਾਗਤੀ ਗੇਟ ਵੱਡੇ ਵਾਹਨਾਂ ਲਈ ਬਣਿਆ ਮੁਸੀਬਤ

01/12/2019 12:55:22 AM

ਕਾਠਗੜ੍ਹ, (ਰਾਜੇਸ਼)- ਕਸਬਾ ਕਾਠਗੜ੍ਹ ’ਚ ਬਣੇ ਸਵਾਗਤੀ ਗੇਟ ਦੀ ਸੜਕ ਤੋਂ ਉੱਚਾਈ ਘੱਟ  ਰਹਿਣ ਕਾਰਨ ਹੁਣ ਇਹ ਗੇਟ ਵੱਡੇ ਵਾਹਨ ਚਾਲਕਾਂ ਲਈ ਕਾਫੀ ਮੁਸ਼ਕਲਾਂ ਪੈਦਾ ਕਰ ਰਿਹਾ ਹੈ।  
ਜਾਣਕਾਰੀ ਮੁਤਾਬਿਕ ਕਾਠਗੜ੍ਹ ਤੋਂ ਜੋ ਸੜਕ ਮੇਨ ਹਾਈਵੇ ਤੱਕ ਜਾਂਦੀ ਹੈ ਉਸ ਉਤੇ (ਜਲਘਰ  ਦੇ ਨਜ਼ਦੀਕ) ਕਈ ਸਾਲ ਪਹਿਲਾਂ ਇਕ ਸਵਾਗਤੀ ਗੇਟ ਦਾ ਨਿਰਮਾਣ ਕਰਵਾਇਆ ਗਿਆ ਸੀ ਤੇ ਉਸ  ਸਮੇਂ ਇਹ ਗੇਟ ਕਾਫੀ ਉੱਚਾ ਸੀ ਅਤੇ ਵੱਡੇ ਤੇ ਉੱਚੇ ਵਾਹਨ ਸਾਮਾਨ ਆਦਿ ਲੈ ਕੇ ਆਸਾਨੀ ਨਾਲ  ਲੰਘ ਜਾਂਦੇ ਸਨ ਪਰ ਜਿਉਂ-ਜਿਉਂ ਸੜਕ ਦਾ ਲੈਵਲ ਉੱਚਾ ਹੁੰਦਾ ਗਿਆ ਉਕਤ  ਗੇਟ ਦੀ ਉੱਚਾਈ ਘਟਦੀ ਗਈ। ਇਸ ਸਮੇਂ ਸੜਕ ਦੇ ਲੈਵਲ ਤੋਂ ਲੈ ਕੇ ਗੇਟ ਦੀ ਉੱਚਾਈ ਸਿਰਫ 13  ਕੁ ਫੁੱਟ ਹੀ ਰਹਿ ਗਈ ਹੈ ਅਤੇ ਜਦੋਂ ਵੀ ਕੋਈ ਵੱਡਾ ਉੱਚਾ ਵਾਹਨ ਸਾਮਾਨ ਲੈ ਕੇ  ਆਉਂਦਾ-ਜਾਂਦਾ ਹੈ ਤਾਂ ਉਸ ਵਾਹਨ ਦਾ ਇਸ ਗੇਟ ਵਿਚੋਂ ਲੰਘਣਾ ਮੁਸ਼ਕਲ ਹੋ ਜਾਂਦਾ ਹੈ। 
®ਇਹ ਵੀ ਦੱਸਣਸੋਗ ਹੈ ਕਿ ਕੁਝ ਸਾਲ ਪਹਿਲਾਂ  ਕਾਠਗੜ੍ਹ ਦੇ 66 ਕੇ. ਵੀ. ਸਬ-ਸਟੇਸ਼ਨ ਵਿਚ ਸਥਾਪਤ ਕਰਨ ਲਈ ਇਕ ਟਰਾਂਸਫਾਰਮਰ ਵੱਡੇ ਟਰਾਲੇ  ਵਿਚ ਜਦੋਂ ਲਿਆਂਦਾ ਗਿਆ ਤਾਂ ਉਹ ਉਕਤ ਗੇਟ ਵਿਚ ਫਸ ਗਿਆ ਜਿਸ ਨੂੰ ਕੱਢਣ ਲਈ ਗੇਟ ਦੇ  ਉਪਰਲੇ ਬੀਮ ਨੂੰ ਤੋੜਨ ਲਈ ਲੰਬਾ ਸਮਾਂ ਵੀ ਲੱਗ ਗਿਆ ਸੀ। ਜ਼ਿਕਰਯੋਗ ਹੈ ਕਿ ਕਾਠਗੜ੍ਹ  ਵਿਚੋਂ ਲੰਘਦੀ ਸੜਕ ਜਿੱਥੇ ਵੱਖ-ਵੱਖ ਦਰਜਨਾਂ ਪਿੰਡਾਂ ਦੀ ਮੁੱਖ ਲਿੰਕ ਸੜਕ ਹੈ ਉਥੇ ਹੀ  ਇਹ ਸੜਕ ਵਾਇਆ ਰੱਤੇਵਾਲ ਤੋਂ ਹੁੰਦੀ ਹੋਈ ਨੂਰਪੁਰਬੇਦੀ ਤੇ ਬੁੰਗਾ ਸਾਹਿਬ ਹਲਕੇ ਨੂੰ ਵੀ  ਜੋੜਦੀ ਹੈ। ਲੋਕਾਂ ਨੇ  ਇਸ ਨੀਵੇਂ ਹੋ ਚੁੱਕੇ ਸਵਾਗਤੀ ਗੇਟ ਨੂੰ ਉੱਚਾ ਕਰਨ ਦੀ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਤਾਂ ਜੋ ਵੱਡੇ ਵਾਹਨਾਂ ਨੂੰ ਲੰਘਣ ਵਿਚ ਮੁਸ਼ਕਲ  ਪੇਸ਼ ਨਾ ਆਵੇ ਤੇ ਕੋਈ ਅਣਚਾਹਿਆ ਹਾਦਸਾ ਵੀ ਨਾ ਵਾਪਰ ਸਕੇ।