ਚੋਰੀ ਦੇ ਮੋਟਰਸਾਈਕਲ ਅਤੇ ਨਸ਼ੇ ਦੇ ਟੀਕਿਆਂ ਸਣੇ 4 ਕਾਬੂ

01/28/2020 11:38:14 PM

ਫਗਵਾਡ਼ਾ, (ਹਰਜੋਤ, ਜਲੋਟਾ)- ਫਗਵਾਡ਼ਾ ਪੁਲਸ ਨੇ ਨਸ਼ੇ ਵਾਲੇ ਟੀਕਿਆਂ ਅਤੇ ਚੋਰੀ ਦੇ ਮੋਟਰਸਾਈਕਲ ਸਣੇ ਚਾਰ ਨੌਜਵਾਨਾਂ ਨੂੰ ਕਾਬੂ ਕਰ ਕੇ ਕੇਸ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਸਤਨਾਮਪੁਰਾ ਵਿਜੇ ਕੁੰਵਰ ਨੇ ਦੱਸਿਆ ਕਿ ਏ. ਐੱਸ. ਆਈ. ਗੁਰਮੀਤ ਸਿੰਘ ਤੇ ਏ. ਐੱਸ. ਆਈ. ਕਸ਼ਮੀਰ ਸਿੰਘ ਨੇ ਚੈਕਿੰਗ ਦੌਰਾਨ ਭਾਣੌਕੀ ਰੋਡ ’ਤੇ ਇਕ ਅਲਟੋ ਗੱਡੀ ਸਵਾਰ ਨੌਜਵਾਨ ਨੂੰ ਜਦੋਂ ਰੋਕ ਕੇ ਚੈਕਿੰਗ ਕੀਤੀ ਤਾਂ ਉਸ ਕੋਲੋਂ 55 ਨਸ਼ੇ ਵਾਲੇ ਟੀਕੇ ਬਰਾਮਦ ਹੋਏ, ਜਿਸ ਨੂੰ ਗ੍ਰਿਫਤਾਰ ਕਰ ਕੇ ਧਾਰਾ 22-61-85 ਤਹਿਤ ਕੇਸ ਦਰਜ ਕੀਤਾ ਹੈ। ਕਾਬੂ ਕੀਤੇ ਨੌਜਵਾਨ ਦੀ ਪਛਾਣ ਸੁਰਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਸ਼ਹੀਦ ਭਗਤ ਸਿੰਘ ਨਗਰ ਸਤਨਾਮਪੁਰਾ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਨੌਜਵਾਨ ਖਿਲਾਫ਼ ਪਹਿਲਾ ਵੀ ਵੱਖ-ਵੱਖ ਥਾਣਿਆਂ ’ਚ ਨਸ਼ੇ ਤੇ ਲਡ਼ਾਈ ਝਗਡ਼ਿਆਂ ਦੇ ਮਾਮਲੇ ਦਰਜ ਹਨ। ਉਨ੍ਹਾਂ ਦੱਸਿਆ ਕਿ ਉਕਤ ਮੁਲਜ਼ਮ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਨਸ਼ਾ ਵੇਚਣ ਵਾਲੇ ਮੁਲਜ਼ਮਾਂ ਨੂੰ ਵੀ ਕਾਬੂ ਕੀਤਾ ਜਾਵੇਗਾ।

ਇਕ ਹੋਰ ਮਾਮਲੇ ਸਬੰਧੀ ਐੱਸ. ਐੱਚ. ਓ. ਸਿਟੀ ਉਂਕਾਰ ਸਿੰਘ ਬਰਾਡ਼ ਨੇ ਦੱਸਿਆ ਕਿ ਏ. ਐੱਸ. ਆਈ. ਦੇਸਰਾਜ ਤੇ ਏ. ਐੱਸ. ਆਈ. ਅਮਨਦੀਪ ਸਿੰਘ ਦੀ ਅਗਵਾਈ ’ਚ ਪੁਲਸ ਪਾਰਟੀ ਨੇ ਹੁਸ਼ਿਆਰਪੁਰ ਰੋਡ ’ਤੇ ਦਾਣਾ ਮੰਡੀ ਦੇ ਗੇਟ ਲਾਗਿਉਂ ਇਕ ਨੌਜਵਾਨ ਨੂੰ ਰੋਕ ਕੇ ਜਦੋਂ ਚੈਕਿੰਗ ਕੀਤੀ ਤਾਂ ਉਸ ਕੋਲੋਂ 17 ਨਸ਼ੇ ਵਾਲੇ ਟੀਕੇ ਬਰਾਮਦ ਕੀਤੇ ਗਏ। ਕਾਬੂ ਕੀਤੇ ਮੁਲਜ਼ਮ ਦੀ ਪਛਾਣ ਕੁਨਾਲ ਕੁਮਾਰ ਪੁੱਤਰ ਮਿਤਲੇਸ਼ ਸਿੰਘ ਵਾਸੀ ਉਂਕਾਰ ਨਗਰ ਵਜੋਂ ਹੋਈ ਹੈ। ਇਸੇ ਤਰ੍ਹਾਂ ਸਿਟੀ ਪੁਲਸ ਨੇ ਦੋ ਨੌਜਵਾਨਾਂ ਨੂੰ ਚੋਰੀ ਦੇ ਮੋਟਰਸਾਈਕਲ ਸਣੇ ਕਾਬੂ ਕਰ ਕੇ ਉਨ੍ਹਾਂ ਖਿਲਾਫ਼ ਧਾਰਾ 379, 482, 411 ਆਈ.ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ। ਐੱਸ. ਐੱਚ. ਓ. ਉਂਕਾਰ ਸਿੰਘ ਬਰਾਡ਼ ਨੇ ਦੱਸਿਆ ਕਿ ਏ. ਐੱਸ. ਆਈ. ਕ੍ਰਾਂਤੀ ਰਾਣੀ ਦੀ ਅਗਵਾਈ ’ਚ ਪੁਲਸ ਪਾਰਟੀ ਨੇ ਚੋਰੀ ਦੇ ਮੋਟਰਸਾਈਕਲ ’ਤੇ ਜਾ ਰਹੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਕਾਬੂ ਕੀਤੇ ਨੌਜਵਾਨਾਂ ਦੀ ਪਛਾਣ ਜਗਦੇਵ ਸਿੰਘ ਉਰਫ਼ ਲੱਕੀ ਉਰਫ਼ ਬਾਦਸ਼ਾਹ ਪੁੱਤਰ ਨਰਿੰਦਰ ਸਿੰਘ ਵਾਸੀ ਸੁਖਚੈਨ ਨਗਰ ਤੇ ਪਵਨ ਕੁਮਾਰ ਪੁੱਤਰ ਗਿਰਧਾਰੀ ਲਾਲ ਵਾਸੀ ਬਾਬਾ ਗਧੀਆ ਵਜੋਂ ਹੋਈ ਹੈ। ਐੱਸ. ਐੱਚ. ਓ. ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਮੰਨਿਆ ਕਿ ਉਨ੍ਹਾਂ ਨੇ ਇਹ ਮੋਟਰਸਾਈਕਲ ਗੁਰਾਇਆ ਤੋਂ ਚੋਰੀ ਕੀਤਾ ਹੈ ਤੇ ਇਸ ਦਾ ਅਸਲੀ ਨੰਬਰ ਪੀ. ਬੀ.37. ਜੀ. 1626 ਹੈ। ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਇਨ੍ਹਾਂ ਨੂੰ ਜੇਲ ਭੇਜ ਦਿੱਤਾ ਹੈ।

 


Bharat Thapa

Content Editor

Related News