ਹਾਊਸ ’ਚ ਬਣਾਈ 8 ਕੌਂਸਲਰਾਂ ਦੀ ਕਮੇਟੀ ਵੱਲੋਂ ਦਿੱਤੀ ਰਿਪੋਰਟ 4 ਦਿਨਾਂ ਤੋਂ ਲਿਫਾਫੇ ’ਚ ਹੀ ਬੰਦ

07/17/2022 3:39:51 PM

ਜਲੰਧਰ (ਖੁਰਾਣਾ)–ਸਮਾਰਟ ਸਿਟੀ ਦੇ 50 ਕਰੋੜ ਰੁਪਏ ਦੇ ਐੱਲ. ਈ. ਡੀ. ਸਟ੍ਰੀਟ ਲਾਈਟ ਪ੍ਰਾਜੈਕਟ ਵਿਚ ਕਈ ਗੜਬੜੀਆਂ ਸਾਹਮਣੇ ਆ ਰਹੀਆਂ ਹਨ। ਇਸ ਵਿਸ਼ੇ ਨੂੰ ਲੈ ਕੇ ਜਲੰਧਰ ਨਿਗਮ ਦੇ ਕੌਂਸਲਰ ਹਾਊਸ ਦੀਆਂ 3 ਮੀਟਿੰਗਾਂ ਹੋ ਚੁੱਕੀਆਂ ਹਨ, ਜਿਨ੍ਹਾਂ ਵਿਚ ਇਸ ਘਪਲੇ ਦੀ ਜਾਂਚ ਨੂੰ ਲੈ ਕੇ ਕੋਈ ਨਤੀਜਾ ਨਹੀਂ ਨਿਕਲ ਸਕਿਆ ਅਤੇ ਤਿੰਨ ਮੀਟਿੰਗਾਂ ਨੂੰ ਹੀ ਰੱਦ ਕੀਤਾ ਜਾ ਚੁੱਕਾ ਹੈ। ਇਸੇ ਵਿਸ਼ੇ ਨੂੰ ਲੈ ਕੇ ਕੌਂਸਲਰ ਹਾਊਸ ਦੀ ਸ਼ਨੀਵਾਰ ਨੂੰ ਹੋਣ ਵਾਲੀ ਮੀਟਿੰਗ ਦੀ ਆਖਰੀ ਸਮੇਂ ’ਤੇ ਰੱਦ ਕਰ ਦਿੱਤੀ ਗਈ। ਇਸ ਕਾਰਨ ਵਧੇਰੇ ਕੌਂਸਲਰਾਂ ਵਿਚ ਰੋਸ ਪੈਦਾ ਹੋ ਗਿਆ ਹੈ। ਇਸੇ ਵਿਚਕਾਰ ਪਤਾ ਲੱਗਾ ਹੈ ਕਿ ਹਾਊਸ ਵਿਚ ਬਣਾਈ 8 ਕੌਂਸਲਰਾਂ ’ਤੇ ਆਧਾਰਿਤ ਕਮੇਟੀ ਨੇ 13 ਜੁਲਾਈ ਦੀ ਮੀਟਿੰਗ ਦੌਰਾਨ ਬੰਦ ਲਿਫਾਫੇ ਵਿਚ ਜਿਹੜੀ ਰਿਪੋਰਟ ਮੇਅਰ ਨੂੰ ਸੌਂਪੀ ਸੀ, ਉਹ ਪਿਛਲੇ 4 ਦਿਨਾਂ ਤੋਂ ਲਿਫਾਫੇ ਵਿਚ ਹੀ ਬੰਦ ਹੈ। ਉਸ ਲਿਫਾਫੇ ਨੂੰ ਨਾ ਤਾਂ ਮੇਅਰ ਜਗਦੀਸ਼ ਰਾਜਾ ਨੇ ਖੋਲ੍ਹਿਆ ਅਤੇ ਨਾ ਹੀ ਨਿਗਮ ਕਮਿਸ਼ਨਰ ਨੇ ਉਹ ਰਿਪੋਰਟ ਪੜ੍ਹੀ।

ਅੱਜ ਜਦੋਂ ਕੌਂਸਲਰ ਦੀ ਮੀਟਿੰਗ ਨੂੰ ਰੱਦ ਕੀਤਾ ਗਿਆ, ਉਦੋਂ ਕਮਿਸ਼ਨਰ ਆਫਿਸ ਤੋਂ ਇਹ ਲਿਫਾਫਾ ਬੰਦ ਰਿਪੋਰਟ ਮੇਅਰ ਨੂੰ ਪ੍ਰਾਪਤ ਹੋਈ, ਜਿਨ੍ਹਾਂ ਬੰਦ ਲਿਫਾਫੇ ’ਤੇ ਹੀ ਇਸ ਨੂੰ ਮਾਰਕ ਕਰ ਕੇ ਕਮਿਸ਼ਨਰ ਨੂੰ ਰੈਫਰ ਕਰ ਦਿੱਤਾ। ਜ਼ਿਕਰਯੋਗ ਹੈ ਕਿ ਹਾਊਸ ਵਿਚ ਮੇਅਰ ਨੇ ਇਹ ਬੰਦ ਲਿਫਾਫਾ ਕਮਿਸ਼ਨਰ ਨੂੰ ਸੌਂਪ ਿਦੱਤਾ ਸੀ। ਕਮਿਸ਼ਨਰ ਨੇ ਉਸ ਰਿਪੋਰਟ ’ਤੇ ਇਸ ਲਈ ਕਾਰਵਾਈ ਨਹੀਂ ਕੀਤੀ ਕਿਉਂਕਿ ਲਿਫਾਫੇ ’ਤੇ ਮੇਅਰ ਦਾ ਨਾਂ ਸੀ।

3 ਵਜੇ ਹੋਣ ਵਾਲੀ ਮੀਟਿੰਗ ਨੂੰ 2 ਵਜੇ ਕੀਤਾ ਰੱਦ

ਜੁਲਾਈ ਨੂੰ ਰੈੱਡ ਕਰਾਸ ਭਵਨ ਵਿਚ ਹੋਈ ਮੀਟਿੰਗ ਦੌਰਾਨ ਫੈਸਲਾ ਹੋਇਆ ਸੀ ਕਿ ਅਗਲੀ ਮੀਟਿੰਗ ਇਸੇ ਵਿਸ਼ੇ ’ਤੇ 16 ਜੁਲਾਈ ਨੂੰ ਬਾਅਦ ਦੁਪਹਿਰ 3 ਵਜੇ ਕੀਤੀ ਜਾਵੇਗੀ। ਸ਼ਨੀਵਾਰ ਨੂੰ ਸਵੇਰੇ ਮੇਅਰ ਆਫਿਸ ਵੱਲੋਂ ਸਾਰਿਆਂ ਨੂੰ ਇਹ ਮੈਸੇਜ ਭੇਜਿਆ ਗਿਆ ਕਿ ਮੀਟਿੰਗ ਰੈੱਡ ਕਰਾਸ ਭਵਨ ਵਿਚ ਨਾ ਹੋ ਕੇ ਬਾਅਦ ਦੁਪਹਿਰ 3 ਵਜੇ ਨਗਰ ਨਿਗਮ ਦੇ ਟਾਊਨ ਹਾਲ ਵਿਚ ਹੋਵੇਗੀ। ਇਸ ਮੈਸੇਜ ਕਾਰਨ ਸਟਾਫ ਵੱਲੋਂ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ। ਟੈਂਟ ਹਾਊਸ ਤੋਂ ਸਾਮਾਨ ਆ ਗਿਆ ਅਤੇ ਕੌਂਸਲਰਾਂ ਦੇ ਖਾਣ-ਪੀਣ ਲਈ ਸਨੈਕਸ ਵੀ ਮੰਗਵਾ ਲਏ ਗਏ। ਅਚਾਨਕ 2 ਵਜੇ ਕਮਿਸ਼ਨਰ ਦਾ ਫੋਨ ਮੇਅਰ ਨੂੰ ਆਇਆ ਕਿ ਉਹ ਇਕ ਮੀਟਿੰਗ ਦੇ ਸਿਲਸਿਲੇ ਵਿਚ ਚੰਡੀਗੜ੍ਹ ਹਨ, ਇਸ ਲਈ ਹਾਊਸ ਦੀ ਮੀਟਿੰਗ ਵਿਚ ਨਹੀਂ ਆ ਸਕਣਗੇ। ਇਸ ਫੋਨ ਦੇ ਤੁਰੰਤ ਬਾਅਦ ਮੇਅਰ ਨੇ ਸਾਥੀ ਕੌਂਸਲਰਾਂ ਨਾਲ ਸਲਾਹ-ਮਸ਼ਵਰਾ ਕਰ ਕੇ ਮੀਟਿੰਗ ਨੂੰ ਰੱਦ ਕਰ ਿਦੱਤਾ। ਫਿਰ ਮੇਅਰ ਆਫਿਸ ਦਾ ਜਿਹੜਾ ਸਟਾਫ ਕੌਂਸਲਰਾਂ ਨੂੰ ਟਾਊਨ ਹਾਲ ਵਿਚ ਆਉਣ ਲਈ ਕਹਿ ਰਿਹਾ ਸੀ, ਉਸੇ ਸਟਾਫ ਨੇ ਕੌਂਸਲਰਾਂ ਨੂੰ ਮੀਟਿੰਗ ਰੱਦ ਹੋਣ ਦੀ ਸੂਚਨਾ ਭੇਜਣੀ ਸ਼ੁਰੂ ਕਰ ਦਿੱਤੀ। ਦਰਜਨ ਦੇ ਲਗਭਗ ਕੌਂਸਲਰ ਤਾਂ ਮੇਅਰ ਦਫਤਰ ਵਿਚ ਪਹੁੰਚ ਗਏ ਸਨ ਪਰ ਸੂਚਨਾ ਸਮੇਂ ’ਤੇ ਨਾ ਮਿਲਣ ਕਾਰਨ ਕਈ ਕੌਂਸਲਰ ਬਾਅਦ ਵਿਚ ਵੀ ਪਹੁੰਚੇ, ਜਿਨ੍ਹਾਂ ਆਪਣਾ ਗੁੱਸਾ ਵੀ ਦਿਖਾਇਆ।

 ਕਮੀਆਂ ਦੂਰ ਕਰਨ ’ਚ ਲੱਗੀ ਹੋਈ ਹੈ ਕੰਪਨੀ

ਇਸੇ ਵਿਚਕਾਰ ਪਤਾ ਲੱਗਾ ਹੈ ਕਿ ਜਿਸ ਤਰ੍ਹਾਂ ਕੌਂਸਲਰ ਹਾਊਸ ਦੀਆਂ ਮੀਟਿੰਗਾਂ ਨੂੰ ਵਾਰ-ਵਾਰ ਟਾਲ ਕੇ ਮਾਮਲੇ ਨੂੰ ਲਟਕਾਇਆ ਜਾ ਰਿਹਾ ਹੈ, ਉਸ ਨਾਲ ਕੰਪਨੀ ਨੂੰ ਆਪਣੀਆਂ ਗਲਤੀਆਂ ਸੁਧਾਰਨ ਦਾ ਮੌਕਾ ਮਿਲ ਰਿਹਾ ਹੈ। ਜਿਨ੍ਹਾਂ ਲਾਈਟਾਂ ਨੂੰ ਕੰਪਨੀ ਦੇ ਕਰਮਚਾਰੀਆਂ ਨੇ ਤਾਰਾਂ ਨਾਲ ਬੰਨ੍ਹਿਆ ਹੋਇਆ ਸੀ, ਉਥੇ ਹੁਣ ਟੈਂਪਰੇਰੀ ਕਲੰਪ ਲਾਉਣੇ ਸ਼ੁਰੂ ਕਰ ਦਿੱਤੇ ਗਏ ਹਨ। ਪੁਰਾਣੀਆਂ ਲਾਈਟਾਂ ਦੀ ਇਵਜ਼ ਵਿਚ ਲੱਖਾਂ ਰੁਪਏ ਨਿਗਮ ਦੇ ਖਜ਼ਾਨੇ ਵਿਚ ਜਮ੍ਹਾ ਹੋ ਗਏ ਹਨ। ਕੰਪਨੀ ਆਪਣੇ ਬਾਕੀ ਦਸਤਾਵੇਜ਼ ਸੁਧਾਰਨ ਅਤੇ ਪੂਰਾ ਕਰਨ ਵਿਚ ਵੀ ਲੱਗੀ ਹੋਈ ਹੈ, ਜਿਸ ਕਾਰਨ ਕੌਂਸਲਰਾਂ ਵਿਚ ਅਸੰਤੋਸ਼ ਵੀ ਪੈਦਾ ਹੋ ਰਿਹਾ ਹੈ।

Manoj

This news is Content Editor Manoj