ਵਿਅਕਤੀ ਨੇ ਭਾਖਡ਼ਾ ਨਹਿਰ ’ਚ ਮਾਰੀ ਛਾਲ

07/04/2019 4:17:12 AM

ਰੂਪਨਗਰ, (ਵਿਜੇ)- ਪਿੰਡ ਗਰੇਵਾਲ ਨੇਡ਼ਿਓਂ ਲੰਘਦੀ ਭਾਖਡ਼ਾ ਨਹਿਰ ਦੇ ਪੁਲ ਤੋਂ ਇਕ ਵਿਅਕਤੀ ਵੱਲੋਂ ਨਹਿਰ ’ਚ ਛਾਲ ਮਾਰ ਕੇ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਨਹਿਰ ਦੇ ਕਿਨਾਰੇ ਤਾਰ ਲਾ ਰਹੇ ਠੇਕੇਦਾਰ ਦੇ ਕਰਮਚਾਰੀਆਂ ਵੱਲੋਂ ਬਾਹਰ ਕੱਢ ਲੈਣ ਦਾ ਸਮਾਚਾਰ ਹੈ। ਉਕਤ ਵਿਅਕਤੀ ਨੂੰ ਸਿਵਲ ਹਸਪਤਾਲ ਰੂਪਨਗਰ ਪਹੁੰਚਾਇਆ ਗਿਆ ਪਰ ਹਾਲਤ ਨਾਜ਼ੁਕ ਹੋਣ ਕਾਰਣ ਉਸ ਨੂੰ ਜੀ.ਐੱਮ.ਸੀ. ਸੈਕਟਰ 32 ਚੰਡੀਗਡ਼੍ਹ ਰੈਫਰ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਕਰਨੈਲ ਸਿੰਘ (50) ਪੁੱਤਰ ਅਮੀ ਚੰਦ ਨਿਵਾਸੀ ਤਾਰਾਪੁਰ ਥਾਣਾ ਮਾਜਰੀ ਜ਼ਿਲਾ ਮੋਹਾਲੀ ਨੇ ਕਿਸੇ ਪ੍ਰੇਸ਼ਾਨੀ ਕਾਰਣ ਗਰੇਵਾਲ ਨੇਡ਼ੇ ਤੋਂ ਗੁਜ਼ਰਦੀ ਭਾਖਡ਼ਾ ਨਹਿਰ ’ਚ ਛਾਲ ਮਾਰ ਦਿੱਤੀ। ਜਿਸਦੇ ਬਾਅਦ ਉਹ ਨਹਿਰ ’ਚ ਰੁਡ਼੍ਹਦਾ ਗਰੇਵਾਲ ਦੀ ਝਾਲ ਤੋਂ ਹੁੰਦਾ ਹੋਇਆ ਝਾਲ ਦੇ ਪਾਰ ਨਿਕਲ ਗਿਆ। ਝਾਲ ਦੇ ਕੋਲ ਨਹਿਰ ਦੇ ਕਿਨਾਰੇ ਸੇਫਟੀ ਲਈ ਤਾਰ ਲਾ ਰਹੇ ਬੀ.ਬੀ.ਐੱਮ. ਦੇ ਠੇਕੇਦਾਰ ਦੇ ਕੰਮ ਕਰ ਰਹੇ ਕਰਮਚਾਰੀਆਂ ਨੇ ਉਸ ਨੂੰ ਨਹਿਰ ’ਚੋਂ ਬਾਹਰ ਕੱਢ ਲਿਆ ਅਤੇ ਸਿਵਲ ਹਸਪਤਾਲ ਰੂਪਨਗਰ ਪਹੁੰਚਾਇਆ। ਉਸ ਦੀ ਜੇਬ ’ਚੋਂ ਉਸ ਦਾ ਅਾਧਾਰ ਕਾਰਡ ਅਤੇ ਘਰ ਦਾ ਫੋਨ ਨੰਬਰ ਕੱਢ ਕੇ ਉਸ ਦੇ ਪਰਿਵਾਰ ਨੂੰ ਸੂਚਨਾ ਦਿੱਤੀ। ਖਬਰ ਲਿਖੇ ਜਾਣ ਤੱਕ ਕਰਨੈਲ ਸਿੰਘ ਦੇ ਪਰਿਵਾਰਕ ਮੈਂਬਰ ਸਿਵਲ ਹਸਪਤਾਲ ਰੂਪਨਗਰ ਪਹੁੰਚ ਚੁੱਕੇ ਸਨ ਅਤੇ ਕਰਨੈਲ ਸਿੰਘ ਦੇ ਨਾਲ ਜੀ.ਐੱਮ.ਸੀ. ਸੈਕਟਰ 32 ਚੰਡੀਗਡ਼੍ਹ ਰਵਾਨਾ ਹੋ ਗਏ।

Bharat Thapa

This news is Content Editor Bharat Thapa