ਬੇਕਰੀ ’ਚ ਪੇਸਟੀ ਖਾਣ ਆਏ ਸ਼ਰਾਬ ਸਮੱਗਲਰ ਨੇ ਦੁਕਾਨਦਾਰ ਨੂੰ ਧੱਕੇ ਮਾਰ ਕੇ ਧਮਕਾਇਆ

10/30/2022 10:41:36 AM

ਜਲੰਧਰ (ਵਰੁਣ)–ਸੋਢਲ ਨਗਰ ਵਿਚ ਸਥਿਤ ਕੁਮਾਰ ਬੇਕਰੀ ਵਿਚ ਪੇਸਟੀ ਖਾਣ ਆਏ ਸ਼ਰਾਬ ਸਮੱਗਲਰ ਨੇ ਆਪਣੇ ਸਾਥੀ ਨਾਲ ਮਿਲ ਕੇ ਦੁਕਾਨਦਾਰ ਨਾਲ ਧੱਕਾ-ਮੁੱਕੀ ਕਰਨੀ ਸ਼ੁਰੂ ਕਰ ਦਿੱਤੀ। ਦੁਕਾਨਦਾਰ ਨੂੰ ਜਦੋਂ ਉਨ੍ਹਾਂ ਧਮਕੀਆਂ ਦਿੱਤੀਆਂ ਤਾਂ ਆਲੇ-ਦੁਆਲੇ ਦੇ ਦੁਕਾਨਦਾਰਾਂ ਨੂੰ ਇਕੱਠੇ ਹੁੰਦੇ ਦੇਖ ਗੱਡੀ ਵਿਚ ਆਏ ਦੋਵੇਂ ਮੁਲਜ਼ਮ ਭੱਜ ਗਏ। ਮਾਮਲਾ ਪੁਲਸ ਤੱਕ ਪਹੁੰਚਿਆ ਤਾਂ ਚੌਕੀ ਫੋਕਲ ਪੁਆਇੰਟ ਦੇ ਇੰਚਾਰਜ ਨਰਿੰਦਰ ਮੋਹਨ ਨੇ ਸੀ. ਸੀ. ਟੀ. ਵੀ. ’ਚ ਕੈਦ ਹੋ ਚੁੱਕੇ ਇਕ ਮੁਲਜ਼ਮ ਦੀ ਪਛਾਣ ਕਰਵਾ ਲਈ, ਜਿਸ ਤੋਂ ਬਾਅਦ ਉਸਦਾ ਮੋਬਾਇਲ ਨੰਬਰ ਲੈ ਕੇ ਲੋਕੇਸ਼ਨ ਕਢਵਾ ਕੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮਾਂ ਦੀ ਪਛਾਣ ਦੀਪਕ ਮਹਿਤਾ ਪੁੱਤਰ ਕਿਸ਼ੋਰ ਚੰਦ ਨਿਵਾਸੀ ਈਸ਼ਰ ਨਗਰ ਅਤੇ ਗੁਰਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ ਨਿਵਾਸੀ ਬਸਤੀ ਸ਼ੇਖ ਵਜੋਂ ਹੋਈ ਹੈ।

ਚੌਂਕੀ ਇੰਚਾਰਜ ਨਰਿੰਦਰ ਮੋਹਨ ਨੇ ਦੱਸਿਆ ਕਿ ਦੋਵੇਂ ਨੌਜਵਾਨ ਕੁਮਾਰ ਬੇਕਰੀ ਵਿਚ ਪੇਸਟਰੀ ਖਾਣ ਤੋਂ ਬਾਅਦ ਪੈਸੇ ਦੇਣ ਦੀ ਥਾਂ ਦੁਕਾਨਦਾਰ ਅਸ਼ੋਕ ਕੁਮਾਰ ਨਾਲ ਝਗੜਾ ਕਰਨ ਲੱਗੇ। ਦੋਵਾਂ ਨੇ ਅਸ਼ੋਕ ਨਾਲ ਧੱਕਾਮੁੱਕੀ ਕੀਤੀ ਅਤੇ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਤੱਕ ਦੇ ਦਿੱਤੀ। ਲੋਕਾਂ ਦੇ ਇਕੱਠੇ ਹੋਣ ’ਤੇ ਦੋਵੇਂ ਮੁਲਜ਼ਮ ਆਪਣੀ ਗੱਡੀ ਵਿਚ ਬੈਠ ਕੇ ਫ਼ਰਾਰ ਹੋ ਗਏ।

ਇਹ ਵੀ ਪੜ੍ਹੋ: ਕਪੂਰਥਲਾ ’ਚ ਵਾਪਰੇ ਭਿਆਨਕ ਸੜਕ ਹਾਦਸੇ ਨੇ ਦੋ ਘਰਾਂ ’ਚ ਵਿਛਾਏ ਸੱਥਰ, ਦੋ ਦੋਸਤਾਂ ਦੀ ਦਰਦਨਾਕ ਮੌਤ

ਸ਼ੁੱਕਰਵਾਰ ਰਾਤੀਂ 8.30 ਵਜੇ ਅਸ਼ੋਕ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ, ਉਹ ਜਾਂਚ ਲਈ ਮੌਕੇ ’ਤੇ ਪਹੁੰਚ ਗਏ। ਸੀ. ਸੀ. ਟੀ. ਵੀ. ਵਿਚੋਂ ਦੋਵਾਂ ਮੁਲਜ਼ਮਾਂ ਦੀਆਂ ਤਸਵੀਰਾਂ ਲੈ ਕੇ ਉਨ੍ਹਾਂ ਮਨੁੱਖੀ ਵਸੀਲਿਆਂ ਤੋਂ ਦੀਪਕ ਦੀ ਪਛਾਣ ਕਰ ਲਈ। ਦੀਪਕ ਖ਼ਿਲਾਫ਼ ਪਹਿਲਾਂ ਵੀ ਸ਼ਰਾਬ ਦੀ ਸਮੱਗਲਿੰਗ ਦੇ ਕੇਸ ਦਰਜ ਹਨ। ਪੁਲਸ ਦੀਪਕ ਦੇ ਨੇੜਲੇ ਵਿਅਕਤੀ ਤੱਕ ਪਹੁੰਚੀ ਅਤੇ ਉਸਦਾ ਮੋਬਾਇਲ ਨੰਬਰ ਲੈ ਕੇ ਟੈਕਨੀਕਲ ਸੈੱਲ ਦੀ ਮਦਦ ਨਾਲ ਦੀਪਕ ਦੀ ਲੋਕੇਸ਼ਨ ਕਢਵਾ ਲਈ। ਲੋਕੇਸ਼ਨ ਦੇ ਆਧਾਰ ’ਤੇ ਜਿਉਂ ਹੀ ਪੁਲਸ ਟੀਮ ਉਥੇ ਪਹੁੰਚੀ ਤਾਂ ਦੀਪਕ ਤੇ ਗੁਰਪ੍ਰੀਤ ਆਪਣੀ ਗੱਡੀ ਛੱਡ ਕੇ ਭੱਜ ਗਏ। ਪਿੱਛਾ ਕਰ ਕੇ ਪੁਲਸ ਨੇ ਉਨ੍ਹਾਂ ਨੂੰ ਗੁੱਜਾ ਪੀਰ ਰੋਡ ਤੋਂ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮਾਂ ਖ਼ਿਲਾਫ਼ ਪੁਲਸ ਨੇ ਅਸ਼ੋਕ ਦੇ ਬਿਆਨਾਂ ’ਤੇ ਕੇਸ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ: ਮੁੜ ਹੋ ਸਕਦੈ ਦੇਸ਼ 'ਚ ਵੱਡਾ ਕਿਸਾਨ ਅੰਦੋਲਨ, ਜਲੰਧਰ ਪੁੱਜੇ ਰਾਕੇਸ਼ ਟਿਕੈਤ ਨੇ ਦਿੱਤੇ ਸੰਕੇਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri