ਬੱਚੀ ਦੇ ਗਲ਼ੇ ’ਤੇ ਦਾਤਰ ਰੱਖ ਕੇ ਕੀਤੀ ਵਾਰਦਾਤ

11/18/2018 5:10:09 AM

ਜਲੰਧਰ,  (ਕਮਲੇਸ਼, ਮਾਹੀ)-  ਸਲੇਮਪੁਰ ਮਸੰਦਾਂ ’ਚ ਪਰਿਵਾਰ  ਨੂੰ ਬੰਧਕ ਬਣਾ ਕੇ ਲੁਟੇਰੇ 20 ਤੋਲੇ ਸੋਨਾ ਤੇ 1 ਲੱਖ 80 ਹਜ਼ਾਰ ਦੀ ਡਕੈਤੀ ਕਰ ਕੇ  ਲੈ ਗਏ। ਐੱਨ. ਆਰ. ਆਈ. ਮੁਖਤਿਆਰ ਸਿੰਘ ਨੇ ਦੱਸਿਆ ਕਿ ਉਹ 15 ਸਾਲਾਂ ਤੋਂ ਗਰੀਸ ’ਚ  ਰਹਿ  ਰਿਹਾ ਸੀ ਅਤੇ 4 ਅਕਤੂਬਰ ਨੂੰ ਆਪਣੇ ਪਿੰਡ ਸਲੇਮਪੁਰ ਮਸੰਦਾਂ ਆਇਆ ਸੀ। 28 ਅਕਤੂਬਰ  ਉਸ ਦਾ ਵਿਆਹ ਤੱਲ੍ਹਣ ਦੀ ਰਹਿਣ ਵਾਲੀ ਰੁਪਿੰਦਰ ਕੌਰ ਨਾਲ ਹੋਇਆ, ਉਸ ਦੇ  ਘਰ ਉਸ ਦੀ ਮਾਤਾ ਜਸਵੀਰ ਕੌਰ,  ਛੋਟਾ ਭਰਾ ਸੁਰਜੀਤ ਸਿੰਘ, ਪਤਨੀ  ਰਾਜਪ੍ਰੀਤ ਕੌਰ ਤੇ ਇਕ ਸਾਲ ਦੀ ਬੇਟੀ ਹਰਜੋਤ ਕੋਲ ਰਹਿੰਦੇ ਹਨ। 
16  ਨਵੰਬਰ ਨੂੰ ਉਸ ਦੀ ਮਾਤਾ ਜਸਵੀਰ ਕੌਰ ਘਰ ਤੋਂ ਬਾਹਰ ਵਾਲੇ ਕਮਰੇ ਵਿਚ ਸੁੱਤੀ ਹੋਈ ਸੀ, ਦੇਰ  ਰਾਤ 1.15 ਵਜੇ 20 ਦੇ ਕਰੀਬ ਨਕਾਬਪੋਸ਼ ਹਥਿਆਰਬੰਦ ਲੁਟੇਰੇ ਉਨ੍ਹਾਂ ਦੇ ਘਰ ’ਚ ਦਾਖਲ ਹੋ  ਗਏ। ਮਾਤਾ ਜੀ ਦਾ ਦਰਵਾਜ਼ਾ ਖੁੱਲ੍ਹਾ ਹੋਇਆ ਸੀ, ਜਿਸ ਨੂੰ ਲੁਟੇਰਿਆਂ ਨੂੰ ਬੰਧਕ ਬਣਾ  ਲਿਆ ਤੇ ਹਥਿਆਰਾਂ ਦੇ ਦਮ 'ਤੇ ਘਰ ਦਾ ਮੇਨ ਦਰਵਾਜ਼ਾ ਖੁੱਲ੍ਹਵਾ ਲਿਆ। ਦਰਵਾਜ਼ਾ ਉਸ ਦੇ  ਛੋਟੇ ਭਰਾ ਸੁਰਜੀਤ ਨੇ ਖੋਲ੍ਹਿਆ, ਜਿਸ  ਤੋਂ ਬਾਅਦ ਲੁਟੇਰਿਆਂ ਨੇ ਉਸ ਨੂੰ ਤੇ ਉਸ ਦੀ ਪਤਨੀ  ਰਾਜਪ੍ਰੀਤ ਤੇ ਉਸ ਦੀ ਇਕ ਸਾਲ ਦੀ ਬੇਟੀ ਹਰਜੋਤ ਕੌਰ ਨੂੰ ਬੰਧਕ ਬਣਾ  ਲਿਆ। ਮੁਖਤਿਆਰ ਨੇ ਦੱਸਿਆ ਕਿ ਉਨ੍ਹਾਂ ਦਾ ਕਮਰਾ ਅੰਦਰੋਂ ਲਾਕ ਸੀ, ਜਿਸ ਨੂੰ ਲੁਟੇਰਿਆਂ ਨੇ  ਉਸ ਦੇ ਛੋਟੇ ਭਰਾ ਨੂੰ ਖੁੱਲ੍ਹਵਾਉਣ ਲਈ ਕਿਹਾ, ਜਿਵੇਂ ਹੀ ਉਹ ਲਾਕ ਖੋਲ੍ਹਣ ਲੱਗਾ  ਤਾਂ ਉਸ ਨੇ ਦੇਖ ਲਿਆ ਕਿ ਉਸ ਦੇ ਪਰਿਵਾਰ ਨੂੰ ਲੁਟੇਰਿਆਂ ਨੇ ਬੰਧਕ ਬਣਾਇਆ ਹੋਇਆ ਹੈ। ਉਸ ਨੇ  ਇਕਦਮ ਦਰਵਾਜ਼ਾ ਬੰਦ ਕਰਨ ਦੀ ਕੋਸ਼ਿਸ਼ ਕੀਤੀ। ਲੁਟੇਰਿਆਂ ਨੇ ਦਰਵਾਜ਼ੇ 'ਤੇ ਡੰਡੇ ਨਾਲ ਵਾਰ  ਕੀਤਾ, ਜਿਸ ਤੋਂ ਬਾਅਦ ਡੰਡਾ ਦਰਵਾਜ਼ੇ ਵਿਚ ਫਸ ਗਿਆ ਤੇ ਲੁਟੇਰੇ ਧਮਕੀ ਦੇਣ ਲੱਗੇ ਕਿ  ਦਰਵਾਜ਼ਾ ਖੋਲ੍ਹਣ ਵਿਚ ਹੀ ਉਸ ਦੀ ਭਲਾਈ ਹੈ, ਨਹੀਂ ਤਾਂ ਉਸ ਦਾ ਪੂਰਾ ਪਰਿਵਾਰ ਖਤਮ ਕਰ  ਦਿੱਤਾ ਜਾਵੇਗਾ। ਉਸ ਨੇ ਪਰਿਵਾਰ ਦੀ ਸਲਾਮਤੀ ਲਈ ਦਰਵਾਜ਼ਾ ਖੋਲ੍ਹ ਦਿੱਤਾ। ਦਰਵਾਜ਼ਾ  ਖੋਲ੍ਹਦੇ ਹੀ ਲੁਟੇਰਿਆਂ ਨੇ ਉਸ ਦੇ ਹੱਥ 'ਤੇ ਡੰਡੇ ਨਾਲ ਵਾਰ ਕੀਤਾ, ਜਿਸ ਨਾਲ ਉਸ ਦੀ  ਉਂਗਲੀ ਬੁਰੀ ਤਰ੍ਹਾਂ ਜ਼ਖਮੀ ਹੋ ਗਈ।
ਇਸ ਤੋਂ ਬਾਅਦ ਲੁਟੇਰਿਆਂ ਨੇ ਉਸ ਨੂੰ ਤੇ  ਉਸ ਦੀ ਪਤਨੀ ਨੂੰ ਬੰਧਕ ਬਣਾ ਲਿਆ ਤੇ ਲੁਟੇਰਿਆਂ ਨੇ ਘਰ ’ਚ ਰੱਖਿਆ ਕੈਸ਼ ਤੇ ਸੋਨਾ ਉਨ੍ਹਾਂ ਨੂੰ ਸਰੰਡਰ ਕਰਨ ਨੂੰ ਕਿਹਾ। ਜਦੋਂ ਲੁਟੇਰਿਆਂ ਨੂੰ ਉਨ੍ਹਾਂ ਨੇ ਕੋਈ  ਜਵਾਬ ਨਾ ਦਿੱਤਾ ਤਾਂ ਲੁਟੇਰਿਆਂ ਨੇ ਹੈਵਾਨੀਅਤ ਦਿਖਾਉਂਦਿਅਾਂ ਇਕ ਸਾਲ ਦੀ ਬੱਚੀ ਦੇ  ਗਲ਼ੇ 'ਤੇ ਦਾਤਰ ਰੱਖ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਘਰ ਵਿਚ ਰੱਖਿਆ 20 ਤੋਲੇ  ਸੋਨਾ ਤੇ 1 ਲੱਖ 80 ਹਜ਼ਾਰ ਰੁਪਏ ਕੈਸ਼ ਲੁਟੇਰਿਆਂ ਨੂੰ ਦੇ ਦਿੱਤਾ। ਲੁਟੇਰੇ ਇਸ ਤੋਂ ਬਾਅਦ ਵੀ ਬਾਜ਼ ਨਹੀਂ ਆਏ। ਉਨ੍ਹਾਂ ਘਰ ਦੀਆਂ ਪੂਰੀਆਂ ਅਲਮਾਰੀਆਂ ਅਤੇ ਬੈੱਡ ਛਾਣ ਮਾਰੇ। ਜਦੋਂ  ਉਨ੍ਹਾਂ ਨੂੰ ਕੁਝ ਨਾ ਮਿਲਿਆ ਤਾਂ ਉਹ ਸੋਨਾ ਤੇ ਕੈਸ਼ ਲੈ ਕੇ ਭੱਜ ਗਏ। ਲੁਟੇਰੇ  ਕਰੀਬ 1.30 ਘੰਟਾ ਘਰ ’ਚ ਰਹੇ, ਜਿਨ੍ਹਾਂ ਦੇ ਜਾਣ ਤੋਂ ਬਾਅਦ ਉਨ੍ਹਾਂ ਦੋਸਤ ਮਨਜਿੰਦਰ ਸਿੰਘ ਤੇ ਪਿੰਡ ਦੇ ਗੁਰਦੇਵ ਸਿੰਘ ਨਾਲ ਸੰਪਰਕ ਕੀਤਾ। ਗੁਰਦੇਵ ਨੇ ਕੰਟਰੋਲ ਰੂਮ ਵਿਚ  ਡਕੈਤੀ ਦੀ ਸੂਚਨਾ ਦਿੱਤੀ, ਜਿਸ ਤੋਂ ਬਾਅਦ ਦਕੋਹਾ ਚੌਕੀ ਦੀ ਪੁਲਸ ਮੌਕੇ 'ਤੇ ਪਹੁੰਚੀ। 

ਵਿਆਹ ਤੋਂ 1 ਦਿਨ ਬਾਅਦ ਵੀ ਦੇਰ ਰਾਤ ਘਰ ਕੋਲ ਦੇਖੇ ਗਏ ਸਨ ਸ਼ੱਕੀ
ਮੁਖਤਿਆਰ ਨੇ ਦੱਸਿਆ ਕਿ 20 ਅਕਤੂਬਰ ਨੂੰ ਵਿਆਹ ਤੋਂ ਇਕ ਦਿਨ ਬਾਅਦ ਉਹ ਆਪਣੇ ਦੋਸਤਾਂ ਨੂੰ  ਘਰ ਦੀ ਛੱਤ 'ਤੇ ਪਾਰਟੀ ਦੇ ਰਿਹਾ ਸੀ, ਦੇਰ ਰਾਤ 1 ਵਜੇ  10 ਦੇ ਕਰੀਬ ਸ਼ੱਕੀ ਵਿਅਕਤੀ  ਖੇਤਾਂ ਤੋਂ ਹੋ ਕੇ ਉਨ੍ਹਾਂ ਦੇ ਘਰ ਵੱਲ ਆ ਰਹੇ ਸਨ। ਉਸ ਨੇ ਤੇ ਦੋਸਤਾਂ ਨੇ ਜਿਵੇਂ ਹੀ  ਉਨ੍ਹਾਂ ਨੂੰ ਦੇਖਿਆ ਤਾਂ ਰੌਲਾ ਪਾਇਆ। ਰੌਲਾ ਪਾਉਣ ਨਾਲ ਸਾਰੇ ਸ਼ੱਕੀ ਵਿਅਕਤੀ ਉਥੋਂ ਭੱਜ ਗਏ।

2 ਦਿਨ ਪਹਿਲਾਂ ਘਰੋਂ ਗਾਇਬ ਹੋਇਆ ਸੀ ਪਾਲਤੂ ਕੁੱਤਾ
ਮੁਖਤਿਆਰ ਸਿੰਘ ਨੇ ਦੱਸਿਆ  ਕਿ ਘਰ  ’ਚ ਹੋਈ ਡਕੈਤੀ ਤੋਂ 2 ਦਿਨ ਪਹਿਲਾਂ ਹੀ ਉਨ੍ਹਾਂ ਦੇ ਘਰੋਂ ਉਨ੍ਹਾਂ ਦਾ ਪਾਲਤੂ  ਕੁੱਤਾ ਗਾਇਬ ਹੋ ਗਿਆ ਸੀ। ਪਿੰਡ ਵਿਚ ਹਰ ਜਗ੍ਹਾ ਸਰਚ ਕੀਤਾ ਪਰ ਉਹ ਨਹੀਂ ਮਿਲਿਆ। ਪਿਛਲੇ 5  ਸਾਲਾਂ ਤੋਂ ਕੁੱਤਾ ਉਨ੍ਹਾਂ ਦੇ ਘਰ ਵਿਚ ਹੀ ਸੀ। ਉਨ੍ਹਾਂ ਨੂੰ ਲੱਗ ਰਿਹਾ ਹੈ ਕਿ ਕੁੱਤਾ ਚੋਰੀ  ਹੋਣ ਤੇ ਉਨ੍ਹਾਂ ਦੇ ਘਰ ਹੋਈ ਡਕੈਤੀ ਵਿਚ ਕੋਈ ਕੁਨੈਕਸ਼ਨ ਹੈ।

ਥੋੜ੍ਹੇ ਦਿਨ ਪਹਿਲਾਂ ਵੀ ਰੇਲਵੇ ਫਾਟਕ ਕੋਲ ਹੋਈ ਸੀ ਸਨੈਚਿੰਗ
ਥੋੜ੍ਹੇ  ਦਿਨ ਪਹਿਲਾਂ ਵੀ ਸਲੇਮਪੁਰ ਰੇਲਵੇ ਫਾਟਕ ਕੋਲ ਰਿਟਾਇਰਡ ਫੌਜੀ ਦੀ ਪਤਨੀ ਨਾਲ  ਸਨੈਚਿੰਗ ਹੋਈ ਸੀ। ਰਿਟਾ. ਫੌਜੀ ਤੇ ਉਸ ਦੀ ਪਤਨੀ ਸਕੂਟਰੀ 'ਤੇ ਆ ਰਹੇ ਸਨ, ਇਸ ਦੌਰਾਨ  ਸਨੈਚਰਾਂ ਨੇ ਔਰਤ ਦੀਆਂ ਕੰਨ ਦੀਆਂ ਵਾਲੀਆਂ ਖੋਹ ਲਈਆਂ। ਪੁਲਸ ਹਾਦਸੇ  ਤੋਂ ਬਾਅਦ ਵੀ ਨਹੀਂ ਜਾਗਦੀ।

ਪੈਟਰੋਲਿੰਗ ਦੀ ਕਮੀ ਕਾਰਨ ਬੁਲੰਦ ਹੁੰਦੇ ਹਨ ਚੋਰਾਂ ਦੇ ਹੌਸਲੇ
ਸਲੇਮਪੁਰ ਵਾਸੀ ਗੁਰਦੇਵ ਦਾ ਕਹਿਣਾ ਹੈ ਕਿ ਪਿੰਡ ਵਿਚ ਪੁਲਸ ਪੈਟਰੋਲਿੰਗ ਦੀ ਕਮੀ ਕਾਰਨ ਚੋਰਾਂ ਦੇ  ਹੌਸਲੇ ਬੁਲੰਦ ਹੋ ਗਏ ਹਨ, ਜੋ ਸ਼ਰੇਆਮ ਲੁੱਟ ਦੀਅਾਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ।

ਕੁਝ ਲੋਕ ਹਿੰਦੀ ’ਚ ਕਰ ਰਹੇ ਸਨ ਗੱਲ
ਮੁਖਤਿਆਰ ਨੇ ਦੱਸਿਆ ਕਿ ਕੁਝ  ਲੁਟੇਰੇ ਹਿੰਦੀ ’ਚ ਗੱਲ ਕਰ ਰਹੇ ਸਨ ਤੇ ਕੁਝ ਪੰਜਾਬੀ ’ਚ। ਸਾਰੇ ਲੁਟੇਰੇ ਇਹ ਜਾਣਦੇ  ਸਨ ਕਿ ਘਰ ਵਿਚ ਕੈਸ਼ ਤੇ ਸੋਨਾ ਹੋ ਸਕਦਾ ਹੈ। ਲੁੱਟ ਦੇ ਪਿੱਛੇ ਕੋਈ ਭੇਤੀ ਵੀ ਹੋ ਸਕਦਾ ਹੈ।