ਸਿਹਤ ਵਿਭਾਗ ਨੇ ਹੈਪੇਟਾਈਟਸ-ਸੀ ਨੂੰ ਖ਼ਤਮ ਕਰਨ ਦਾ ਮਿੱਥਿਆ ਟੀਚਾ

07/29/2022 7:27:07 PM

ਹੁਸ਼ਿਆਰਪੁਰ (ਘੁੰਮਣ) : ‘ਹੈਪੇਟਾਈਟਸ’ ਦੇ ਖਾਤਮੇ ਸੰਬਧੀ ਅੱਜ ਸਿਵਲ ਸਰਜਨ ਡਾ. ਅਮਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਵਿਸ਼ਵ ਸਿਹਤ ਸੰਗਠਨ ਵੱਲੋਂ ਦਿੱਤੇ ਗਏ ਥੀਮ “ਹੈਪੇਟਾਈਟਸ ਦੇ ਇਲਾਜ ਨੂੰ ਤੁਹਾਡੇ ਨੇੜੇ ਲਿਆਉਣਾ” ਅਧੀਨ ਜਾਗਰੂਕਤਾ ਸੈਮੀਨਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੱਪਲਾਵਾਲਾਂ ਵਿਖੇ ਆਯੋਜਿਤ ਕੀਤਾ ਗਿਆ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਪਵਨ ਕੁਮਾਰ, ਨੋਡਲ ਅਫਸਰ (ਐੱਨ. ਵੀ. ਐੱਚ. ਸੀ. ਪੀ.) ਡਾ. ਸ਼ਲੇਸ਼ ਕੁਮਾਰ, ਡਿਪਟੀ ਮਾਸ ਮੀਡੀਆ ਅਫਸਰ ਤ੍ਰਿਪਤਾ ਦੇਵੀ, ਰਮਨਦੀਪ ਕੌਰ, ਬੀ. ਸੀ. ਸੀ. ਕੋਆਰਡੀਨੇਟਰ ਅਮਨਦੀਪ ਸਿੰਘ, ਐੱਚ. ਆਈ. ਜਸਵਿੰਦਰ ਸਿੰਘ, ਪ੍ਰਿੰਸੀਪਲ ਹਰਜਿੰਦਰ ਕੌਰ ਤੇ ਸਕੂਲ ਦੇ ਵਿਦਿਆਰਥੀ ਹਾਜ਼ਰ ਸਨ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਡਾ. ਅਮਰਜੀਤ ਸਿੰਘ ਨੇ ਦੱਸਿਆ ਕਿ “ਹੈਪੇਟਾਈਟਸ” ਜਿਗਰ ਦੀ ਬੀਮਾਰੀ ਹੈ, ਜੋ ਵਾਇਰਸ ਰਾਹੀਂ ਫੈਲਦੀ ਹੈ ਅਤੇ ਜੇਕਰ ਇਸ ਦਾ ਸਮੇਂ ਸਿਰ ਰਹਿੰਦਿਆਂ ਇਲਾਜ ਨਾ ਕੀਤਾ ਜਾਵੇ ਤਾਂ ਇਹ ਮਾਰੂ ਸਿੱਧ ਹੋ ਸਕਦੀ ਹੈ। ਉਨਾਂ ਕਿਹਾ ਕਿ ਇਹ ਵਾਇਰਸ ਪੰਜ ਪ੍ਰਕਾਰ ਦੇ ਹੁੰਦੇ ਹਨ, ਜਿਨ੍ਹਾਂ ਨੂੰ ਹੈਪੇਟਾਈਟਸ ਏ, ਬੀ, ਸੀ, ਡੀ ਅਤੇ ਈ ਕਿਹਾ ਜਾਂਦਾ ਹੈ। ਹੈਪੇਟਾਈਟਸ ਏ ਤੇ ਈ ਦੂਸ਼ਿਤ ਪਾਣੀ ਅਤੇ ਅਨ-ਹਾਈਜੀਨ ਭੋਜਨ ਖਾਣ ਨਾਲ ਹੰਦਾ ਹੈ, ਜਦਕਿ ਹੈਪੇਟਾਈਟਸ ਦੀਆਂ ਬਾਕੀ ਕਿਸਮਾਂ ਖੂਨ ਰਾਹੀਂ ਅੱਗੇ ਫੈਲਦੀਆਂ ਹਨ।

ਹੈਪੇਟਾਈਟਸ ਬੀ, ਸੀ ਤੇ ਡੀ ਨੂੰ ਕਾਲਾ ਪੀਲੀਆ ਵੀ ਕਿਹਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਟੀਕੇ ਵਰਤਣ, ਦੂਸ਼ਿਤ ਸੂਈਆਂ ਵਰਤਣ, ਸਰੀਰ ’ਤੇ ਟੈਟੂ ਬਣਾਉਣ ਸਮੇਂ ਹੋਈ ਦੂਸ਼ਿਤ ਸੂਈ ਦੇ ਕਿਸੇ ਦੂਸਰੇ ਵਿਅਕਤੀ ’ਤੇ ਇਸਤੇਮਾਲ ਕਰਨ ਨਾਲ ਫੈਲਦਾ ਹੈ। ਕਾਲੇ ਪੀਲੀਆ ਕਾਰਨ ਜਿਗਰ ਖਰਾਬ ਹੋ ਜਾਂਦਾ ਹੈ ਤੇ ਕਈ ਵਾਰ ਜਿਗਰ ਦਾ ਕੈਂਸਰ ਵੀ ਹੋ ਸਕਦਾ ਹੈ। ਹੈਪੇਟਾਈਟਸ ਬੀ ਤੇ ਸੀ ਤੋਂ ਬਚਾਅ ਲਈ ਜ਼ਰੂਰੀ ਹੈ ਕਿ ਡਿਸਪੋਜ਼ੇਬਲ ਸਰਿੰਜਾਂ ਦੀ ਵਰਤੋਂ ਕੀਤੀ ਜਾਵੇ। ਕਿਸੇ ਵੀ ਵਿਅਕਤੀ ਨੂੰ ਦੂਜੇ ਵਿਅਕਤੀ ਦਾ ਖੂਨ ਚੜ੍ਹਾਉਣ ਵੇਲੇ ਸਾਵਧਾਨੀ ਵਰਤੀ ਜਾਵੇ ਅਤੇ ਸਰਕਾਰ ਵਲੋਂ ਮਨਜ਼ੂਰਸ਼ੁਦਾ ਬਲੱਡ ਬੈਂਕ ਤੋਂ ਹੀ ਮਰੀਜ਼ ਲਈ ਟੈਸਟ ਕੀਤਾ ਹੋਇਆ ਖੂਨ ਹੀ ਚੜ੍ਹਾਇਆ ਜਾਵੇ। ਹੈਪੇਟਾਈਟਸ ਦੇ ਲੱਛਣਾਂ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਇਸ ਨਾਲ ਬੁਖਾਰ, ਸਿਰਦਰਦ, ਮਾਸਪੇਸ਼ੀਆਂ ’ਚ ਦਰਦ ਅਤੇ ਹਰ ਸਮੇਂ ਕਮਜ਼ੋਰੀ ਮਹਿਸੂਸ ਹੁੰਦੀ ਹੈ। ਪਿਸ਼ਾਬ ਦਾ ਰੰਗ ਗੂੜਾ ਪੀਲਾ ਹੋ ਜਾਂਦਾ ਹੈ। ਇਸ ਦੇ ਨਾਲ-ਨਾਲ ਉਲਟੀਆਂ ਦਾ ਆਉਣਾ ਤੇ ਭੁੱਖ ਨਾ ਲੱਗਣਾ ਵੀ ਇਸ ਦੇ ਮੁੱਖ ਲੱਛਣ ਹਨ। ਇਹ ਲੱਛਣ ਹੋਣ ’ਤੇ ਤੁਰੰਤ ਮਰੀਜ਼ ਨੂੰ ਨੇੜੇ ਦੇ ਸਿਹਤ ਕੇਂਦਰ ’ਚ ਜਾ ਕੇ ਆਪਣਾ ਇਲਾਜ ਕਰਵਾਉਣਾ ਚਾਹੀਦਾ ਹੈ।

ਇਸ ਮੌਕੇ ਹਾਜ਼ਰ ਨੋਡਲ ਅਫਸਰ ਡਾ. ਸ਼ਲੇਸ਼ ਕੁਮਾਰ ਨੇ ਦੱਸਿਆ ਕਿ ਸਿਹਤ ਵਿਭਾਗ ਪੰਜਾਬ ਸਰਕਾਰ ਵੱਲੋਂ ਹੈਪਾਟਾਈਟਸ ਦੀ ਰੋਕਥਾਮ ਲਈ ਮੁੱਖ ਮੰਤਰੀ ਪੰਜਾਬ ਹੈਪੇਟਾਈਟਿਸ-ਸੀ ਰਿਲੀਫ ਫੰਡ ਸਕੀਮ ਅਧੀਨ ਸੂਬੇ ਦੇ 23 ਜ਼ਿਲ੍ਹਾ ਹਸਪਤਾਲਾਂ, 3 ਸਰਕਾਰੀ ਮੈਡੀਕਲ ਕਾਲਜਾਂ, 7 ਏ. ਆਰ. ਟੀ. ਕੇਂਦਰਾਂ, 14 ਓ. ਐੱਸ. ਟੀ. ਕੇਂਦਰਾਂ ’ਚ ਹੈਪੇਟਾਈਟਿਸ-ਸੀ ਤੇ ਬੀ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਹੈਪੇਟਾਈਟਸ ਏ ਅਤੇ ਈ ਸਬੰਧੀ ਉਨ੍ਹਾਂ ਦੱਸਿਆ ਕਿ ਇਸ ਤੋਂ ਬਚਾਅ ਲਈ ਜ਼ਰੂਰੀ ਹੈ ਕਿ ਸਾਫ-ਸੁਥਰਾ ਭੋਜਨ ਬਣਾਉਣ ਲਈ ਸਾਫ ਪਾਣੀ ਦੀ ਵਰਤੋਂ ਕੀਤੀ ਜਾਵੇ। ਇਸ ਮੌਕੇ ਹਾਜ਼ਰ ਡਿਪਟੀ ਮਾਸ ਮੀਡੀਆ ਅਫਸਰ ਤ੍ਰਿਪਤਾ ਦੇਵੀ ਨੇ ਦੱਸਿਆ ਕਿ “ਹੈਪੇਟਾਈਟਿਸ” ਦਾ ਟੈਸਟ ਕੋਈ ਵੀ ਸਰਜਰੀ; ਦੰਦਾਂ ਦਾ ਇਲਾਜ ਕਰਨ ਤੋਂ ਪਹਿਲਾਂ, ਖੂਨਦਾਨ, ਹਾਈਮੋਡਾਇਆਲਸਿਸ, ਗਰਭਵਤੀ ਔਰਤਾਂ ਅਤੇ ਹਾਈ ਰਿਸਕ ਗਰੁੱਪਾਂ ਲਈ ਕਰਵਾਉਣਾ ਲਾਜ਼ਮੀ ਹੈ। ਹੈਪੇਟਾਈਟਸ-ਬੀ ਅਤੇ ਸੀ ਦੇ ਇਲਾਜ ਲਈ ਮੈਡੀਕਲ ਸਪੈਸ਼ਲਿਸਟ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਹੈਪੇਟਾਈਟਸ ਮੁਕਤ ਦੇਸ਼ ਬਣਾਉਣ ਲਈ ਜ਼ਰੂਰੀ ਹੈ ਕਿ ਇਸ ਤੋਂ ਬਚਾਅ ਪ੍ਰਤੀ ਜਾਗਰੂਕਤਾ ਦੇ ਸੁਨੇਹਿਆਂ ਨੂੰ ਘਰ-ਘਰ ਪਹੁੰਚਾਉਣ ਤੇ ਸਮੇਂ ਰਹਿੰਦਿਆਂ ਇਸ ਦਾ ਇਲਾਜ ਕਰਵਾਉਣਾ ਜ਼ਰੂਰੀ ਹੈ।


Manoj

Content Editor

Related News