ਸਰਕਾਰ ਨੇ ਕਣਕ ਦੀ ਖ਼ਰੀਦ ਕੀਤੀ ਸ਼ੁਰੂ, ਮੰਡੀਆਂ ’ਚ ਸਾਫ਼-ਸਫ਼ਾਈ ਦੇ ਪ੍ਰਬੰਧ ਅਧੂਰੇ

04/02/2022 12:52:21 PM

ਸੁਲਤਾਨਪੁਰ ਲੋਧੀ (ਧੀਰ)- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੰਜਾਬ ਭਰ ਦੀਆਂ ਮੰਡੀਆਂ ’ਚ ਕਣਕ ਦੀ ਖ਼ਰੀਦ ਸ਼ੁਰੂ ਕਰ ਦਿੱਤੀ ਹੈ। ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਅਤੇ ਅਦਾਇਗੀ ਲੈਣ ’ਚ ਕੋਈ ਮੁਸ਼ਕਿਲ ਨਾ ਆਵੇ ਇਸ ਲਈ ਸਰਕਾਰ ਵੱਲੋਂ 1 ਅਪ੍ਰੈਲ ਤੋਂ ਖ਼ਰੀਦ ਕਰਨ ਦਾ ਫ਼ੈਸਲਾ ਕੀਤਾ ਗਿਆ ਪਰ ਨਾ ਤਾਂ ਮੰਡੀਆਂ ’ਚ ਅਜੇ ਤੱਕ ਕਣਕ ਦੀ ਆਮਦ ਸ਼ੁਰੂ ਹੋਈ ਹੈ ਅਤੇ ਨਾ ਹੀ ਸਰਕਾਰ ਦੇ ਮੰਡੀ ਬੋਰਡ ਵੱਲੋਂ ਮੰਡੀਆਂ ’ਚ ਸਫ਼ਾਈ ਦਾ ਕੰਮ ਨੇਪਰੇ ਚਾੜ੍ਹਿਆ ਗਿਆ ਹੈ ਅਤੇ ਨਾ ਹੀ ਬਿਜਲੀ, ਪਾਣੀ ਦੇ ਪ੍ਰਬੰਧਾਂ ਨੂੰ ਅਮਲੀ ਜਾਮਾ ਪਹਿਨਾਇਆ ਗਿਆ ਹੈ। ਉਮੀਦ ਹੈ ਕਿ ਮੰਡੀਆਂ ’ਚ ਕਣਕ ਦੀ ਆਮਦ ਅਪ੍ਰੈਲ ਦੇ ਪਹਿਲੇ ਹਫ਼ਤੇ ਸ਼ੁਰੂ ਹੋ ਜਾਵੇਗੀ।

ਖ਼ੁਰਾਕ ਅਤੇ ਸਪਲਾਈ ਮਹਿਕਮੇ ਦੇ ਉੱਚ ਅਧਿਕਾਰੀਆਂ ਅਨੁਸਾਰ ਪੰਜਾਬ ਅੰਦਰ 132 ਲੱਖ ਟਨ ਕਣਕ ਦੀ ਖ਼ਰੀਦ ਕਰਨ ਦਾ ਟੀਚਾ ਮਿਥਿਆ ਗਿਆ ਹੈ। ਕਣਕ ਦੀ ਖਰੀਦ ਦੀ ਅਦਾਇਗੀ 24 ਘੰਟੇ ਅੰਦਰ ਕਰਨ ਲਈ ਪੰਜਾਬ ਸਰਕਾਰ ਵੱਲੋਂ 29400 ਕਰੋੜ ਦੀ ਕੈਸ਼ ਕ੍ਰੈਡਿਟ ਲਿਮਟ ’ਚੋਂ ਕੇਂਦਰ ਤੋਂ 24773.11 ਕਰੋੜ ਦੀ ਰਾਸ਼ੀ ਰਿਲੀਜ਼ ਕਰਵਾ ਲਈ ਗਈ ਹੈ। ਮੰਡੀਆਂ ’ਚ ਖਰੀਦ ਕਰਨ ਵਾਲੇ ਅਮਲੇ ਦੀ ਤਾਇਨਾਤੀ ਵੀ ਕੀਤੀ ਜਾ ਚੁੱਕੀ ਹੈ। ਪੰਜਾਬ ਅੰਦਰ ਕਣਕ ਦੀ ਖਰੀਦ ਲਈ ਪੱਕੀਆਂ ਤੇ ਆਰਜ਼ੀ 2300 ਦੇ ਕਰੀਬ ਮੰਡੀਆਂ ਦਾ ਪ੍ਰਬੰਧ ਕੀਤਾ ਜਾ ਚੁੱਕਾ ਹੈ, ਜਦਕਿ ਕਣਕ ਦੀ ਖਰੀਦ ਲਈ ਸਾਰੀਆਂ ਖਰੀਦ ਏਜੰਸੀਆਂ ਵੱਲੋਂ ਲੋੜ ਅਨੁਸਾਰ ਬਾਰਦਾਨੇ ਦਾ ਵੀ ਪ੍ਰਬੰਧ ਕਰ ਲਿਆ ਗਿਆ ਹੈ, ਇਸ ਸਾਲ ਕਣਕ ਦਾ ਘੱਟੋ ਘੱਟ ਸਮਰਥਨ ਮੁੱਲ 2015 ਰੁਪਏ ਪ੍ਰਤੀ ਕੁਇੰਟਲ ਨਿਰਧਾਰਿਤ ਕੀਤਾ ਗਿਆ ਹੈ।
ਇਸ ਵਾਰ ਕੇਂਦਰੀ ਏਜੰਸੀ ਐੱਫ.ਸੀ.ਆਈ. 17 ਲੱਖ ਟਨ, ਪਨਗ੍ਰੇਨ 34.5 ਲੱਖ ਟਨ, ਮਾਰਕਫੈੱਡ 32.4 ਲੱਖ ਟਨ, ਪਨਸਪ ਵੱਲੋਂ 31.7 ਲੱਖ ਟਨ ਤੇ ਵੇਅਰ ਹਾਉਸਿੰਗ ਕਾਰਪੋਰੇਸ਼ਨ ਵੱਲੋਂ 19.5 ਲੱਖ ਟਨ ਕਣਕ ਦੀ ਖਰੀਦ ਕੀਤੀ ਜਾਵੇਗੀ। ਸਾਰੀਆਂ ਖਰੀਦ ਏਜੰਸੀਆਂ ਨੂੰ ਮੰਡੀਆਂ ਅਲਾਟ ਕੀਤੀਆਂ ਜਾ ਚੁੱਕੀਆਂ ਹਨ। ਇੱਕ ਉੱਚ ਅਧਿਕਾਰੀ ਨੇ ਦੱਸਿਆ ਕਿ ਮੰਡੀਆਂ ’ਚ ਕਿਸਾਨਾਂ ਦੀ ਲੁੱਟ-ਖਸੁੱਟ ਨਹੀਂ ਹੋਣ ਦਿੱਤੀ ਜਾਵੇਗੀ ਤੇ ਸਰਕਾਰ ਖ਼ਰੀਦ ਪ੍ਰਕਿਰਿਆ ਉਤੇ ਆਪਣੀ ਪੂਰੀ ਨਜਰ ਰੱਖੇਗੀ।

ਇਹ ਵੀ ਪੜ੍ਹੋ: ਸਦਨ ਤੋਂ ਵਾਕਆਊਟ ਕਰਕੇ ਭਾਜਪਾ ਨੇ ਪੰਜਾਬ ਦੇ ਲੋਕਾਂ ਦੀ ਪਿੱਠ ’ਚ ਛੁਰਾ ਮਾਰਿਆ: ਸੁਖਜਿੰਦਰ ਰੰਧਾਵਾ

PunjabKesari

ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ : ਸੈਕਟਰੀ ਅਨਿਲ ਕੁਮਾਰ
ਪੰਜਾਬ ਸਰਕਾਰ ਵੱਲੋਂ ਕਣਕ ਦੀ ਖ਼ਰੀਦ ਅੱਜ ਤੋਂ ਸ਼ੁਰੂ ਕਰ ਦਿੱਤੀ ਗਈ ਹੈ। ਹਾਲਾਂਕਿ ਸੁਲਤਾਨਪੁਰ ਲੋਧੀ ਦੀਆਂ ਅਨਾਜ ਮੰਡੀਆਂ ’ਚ ਕਣਕ ਦੀ ਆਮਦ ਨੂੰ ਅਜੇ ਕੁਝ ਹੋਰ ਦਿਨ ਲੱਗ ਸਕਦੇ ਹਨ। ਕਿਆਸ ਲਗਾਏ ਜਾ ਰਹੇ ਹਨ ਕਿ ਇਸ ਸਾਲ ਕਣਕ ਦੀ ਫਸਲ ਦੇ ਪੱਕ ਜਾਣ ਤੋਂ ਬਾਅਦ 12-13 ਅਪ੍ਰੈਲ ਨੇੜੇ ਕਿਸਾਨਾਂ ਵੱਲੋਂ ਮੰਡੀਆਂ ’ਚ ਫ਼ਸਲ ਲਿਆਉਣ ਦਾ ਸਿਲਸਿਲਾ ਸ਼ੁਰੂ ਹੋ ਸਕਦਾ ਹੈ। ਸਰਕਾਰ ਦੀਆਂ ਹਦਾਇਤਾਂ ਮੁਤਾਬਕ ਮਾਰਕੀਟ ਕਮੇਟੀ ਸੁਲਤਾਨਪੁਰ ਲੋਧੀ ਦੀ ਟੀਮ ਸਕੱਤਰ ਅਨਿਲ ਕੁਮਾਰ ਦੀ ਦੇਖ-ਰੇਖ ’ਚ ਸਮੂਹ ਮੰਡੀਆਂ ਵਿਚ ਕਣਕ ਦੀ ਖਰੀਦ ਲਈ ਪੁਖਤਾ ਪ੍ਰਬੰਧ ਕਰਨ ਲਈ ਲਗਾਤਾਰ ਉੱਦਮ ਕਰ ਰਹੀ ਹੈ।

ਸਕੱਤਰ ਅਨਿਲ ਕੁਮਾਰ ਨੇ ਦੱਸਿਆ ਕਿ ਵੱਖ-ਵੱਖ ਖਰੀਦ ਏਜੰਸੀਆਂ ਨੂੰ ਮਾਰਕੀਟ ਕਮੇਟੀ ਸੁਲਤਾਨਪੁਰ ਲੋਧੀ ਅਧੀਨ ਆਉਂਦੀਆਂ ਮੰਡੀਆਂ ’ਚ ਐੱਫ਼. ਸੀ. ਆਈ., ਮਾਰਕਫੈੱਡ , ਪਨਸਪ ਏਜੰਸੀਆਂ, ਐੱਫ਼. ਸੀ. ਆਈ, ਪਨਗ੍ਰੇਨ, ਮਾਰਕਫੈੱਡ, ਪਨਸਪ ਏਜੰਸੀਆਂ ਵੱਲੋਂ ਖਰੀਦ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਖਰੀਦ ਕੇਂਦਰਾਂ ਵਿਚ ਸਫਾਈ, ਲਾਈਟ ,ਸੁਰੱਖਿਆ , ਪੀਣ ਵਾਲੇ ਪਾਣੀ ਵਰਗੇ ਹਰ ਤਰ੍ਹਾਂ ਦੇ ਪ੍ਰਬੰਧ ਮੁਕੰਮਲ ਕੀਤੇ ਜਾਣਗੇ। ਉਨ੍ਹਾਂ ਦਾਅਵਾ ਕੀਤਾ ਕਿ ਮੰਡੀਆਂ ਵਿਚ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ: ਵਿਧਾਨ ਸਭਾ ਇਜਲਾਸ ’ਚ ਹੰਗਾਮਾ: ਆਜ਼ਾਦ ਉਮੀਦਵਾਰ ਰਾਣਾ ਇੰਦਰਪ੍ਰਤਾਪ ਸਿੰਘ ਨੂੰ ਸਦਨ ’ਚੋਂ ਕੱਢਿਆ ਬਾਹਰ

ਇਸ ਵਾਰ ਕਣਕ ਦਾ ਝਾੜ ਵੀ ਵਧਣ ਕਰ ਕੇ ਕਿਸਾਨਾਂ ’ਚ ਖ਼ੁਸ਼ੀ ਦਾ ਮਾਹੌਲ
ਉਧਰ ਪੁੱਤਾਂ ਵਾਂਗ ਪਾਲੀ ਕਣਕ ਦੀ ਫਸਲ ਨੂੰ ਵਾਢੀ ਲਾਉਣ ਲਈ ਕਿਸਾਨ ਵੀ ਪੱਬਾਂ ਭਾਰ ਹਨ। ਇਸ ਵਾਰ ਕਣਕ ਦਾ ਝਾੜ ਵੀ ਵਧਣ ਕਰਕੇ ਕਿਸਾਨਾਂ ਵਿਚ ਖ਼ੁਸ਼ੀ ਦਾ ਮਾਹੌਲ ਹੈ। ਜਾਣਕਾਰੀ ਅਨੁਸਾਰ ਇਸ ਵਾਰ ਭਾਵੇਂ ਇਲਾਕੇ ਵਿਚ ਕਣਕ ਦਾ ਰਕਬਾ ਵੱਧ ਹੈ ਅਤੇ ਪਿਛਲੇ ਸਾਲ ਨਾਲੋਂ ਇਸ ਵਾਰ ਕਣਕ ਦੀ ਪੈਦਾਵਾਰ ਵਧਣ ਦੇ ਆਸਾਰ ਹਨ। ਪਿਛਲੇ ਵਰ੍ਹੇ ਸੁਲਤਾਨਪੁਰ ਲੋਧੀ ਵਿਚ ਕਰੀਬ 9 ਲੱਖ 42 ਹਜ਼ਾਰ ਕਵਿੰਟਲ ਕਣਕ ਦੀ ਆਮਦ ਹੋਈ। ਹਾਲਾਂਕਿ ਇਸ ਵਾਰ ਵੀ ਆਮਦ ਵਧਣ ਉਮੀਦ ਕਰਕੇ ਪ੍ਰਸ਼ਾਸਨ ਵੱਲੋਂ ਵੀ ਪ੍ਰਬੰਧ ਕੀਤੇ ਜਾ ਰਹੇ ਹਨ।
ਕਿਸਾਨਾਂ ਨੂੰ ਉਮੀਦ ਹੈ ਇਸ ਵਾਰ ਕਣਕ ਦਾ ਝਾੜ ਵਧੇਗਾ, ਇਹ ਵੀ ਉਮੀਦ ਹੈ ਕਿ ਆਪ ਦੀ ਸਰਕਾਰ ਵਿਚ ਕਣਕ ਦਾ ਮੁੱਲ ਵੀ ਵੱਧ ਮਿਲੇਗਾ ਤੇ ਕਣਕ ਦੀ ਵੇਚ ਅਤੇ ਖਰੀਦ ਦੇ ਨਾਲ ਅਦਾਇਗੀ ਸਬੰਧੀ ਕੋਈ ਮੁਸ਼ਕਲ ਪੇਸ਼ ਨਹੀਂ ਆਵੇਗੀ। ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕਣਕ ਦੀ ਵਾਢੀ ਲਈ ਦਿਹਾੜੀਆਂ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ ਅਤੇ ਕੰਬਾਈਨ ਨਾਲ ਫ਼ਸਲ ਦੀ ਵਾਢੀ ਲਈ ਵੀ ਪ੍ਰਬੰਧ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ: ਇਸ ਗੈਂਗਸਟਰ ਗਰੁੱਪ ਨੇ ਲਈ ਨਵਾਂਸ਼ਹਿਰ ’ਚ ਕਤਲ ਕੀਤੇ ਨੌਜਵਾਨ ਦੀ ਜ਼ਿੰਮੇਵਾਰੀ, ਫੇਸਬੁੱਕ ’ਤੇ ਪਾਈ ਪੋਸਟ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News