ਕਿਸਾਨ ਦੀ ਮੋਟਰ ਦੇ ਕਮਰੇ ’ਚ ਪਏ ਸਾਮਾਨ ਨੂੰ ਲਾਈ ਅੱਗ, ਮਾਮਲਾ ਦਰਜ

10/27/2022 5:24:44 PM

ਨਵਾਂਸ਼ਹਿਰ (ਤ੍ਰਿਪਾਠੀ)- ਕਿਸਾਨ ਦੀ ਮੋਟਰ ’ਤੇ ਪਏ ਸਾਮਾਨ ਨੂੰ ਅੱਗ ਲਗਾ ਕੇ ਸਾੜਨ ਵਾਲੇ ਅਣਪਛਾਤੇ ਵਿਅਕਤੀ ਖ਼ਿਲਾਫ਼ ਥਾਣਾ ਸਦਰ ਨਵਾਂਸ਼ਹਿਰ ਦੀ ਪੁਲਸ ਨੇ ਮਾਮਲਾ ਦਰਜ ਕੀਤਾ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਅਵਤਾਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਰਾਣੇਵਾਲ ਨੇ ਦੱਸਿਆ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ। ਉਨ੍ਹਾਂ ਦੀ ਪਿੰਡ ਰਾਣੇਵਾਲ ਦੇ ਰਕਬੇ ’ਚ ਪੈਂਦੀ ਇਕ ਮੋਟਰ ਹੈ, ਜਿਸ ਦੇ ਕਮਰੇ ’ਚ ਬਿਜਲੀ ਮੀਟਰ, ਸਟਾਰਟਰ, ਮੇਨ ਸਵਿੱਚ, ਆਟੋਮੈਟਿਕ ਸਟਾਰਟਰ, ਕੰਪੋਸਟਰ ਲੱਗਾ ਹੋਇਆ ਹੈ। ਇਸ ਤੋਂ ਇਲਾਵਾ ਕਮਰੇ ’ਚ ਇਕ ਮੰਜਾ, 2 ਕੁਰਸੀਆਂ, 2 ਥੈਲੇ ਖਾਦ, ਸਪਰੇਅ ਪੰਪ ਆਦਿ ਸਾਮਾਨ ਪਿਆ ਸੀ।

ਇਹ ਵੀ ਪੜ੍ਹੋ: ਦਸੂਹਾ ਵਿਖੇ ਸ਼ੱਕੀ ਹਾਲਾਤ 'ਚ ਨੌਜਵਾਨ ਦੀ ਨਹਿਰ 'ਚੋਂ ਮਿਲੀ ਲਾਸ਼, ਪਰਿਵਾਰ 'ਚ ਮਚਿਆ ਚੀਕ-ਚਿਹਾੜਾ
ਉਸ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਉਹ 24 ਅਕਤੂਬਰ ਸ਼ਾਮ ਕਰੀਬ 6 ਵਜੇ ਉਕਤ ਕਮਰੇ ’ਚ ਤਾਲਾ ਲਗਾ ਕੇ ਗਿਆ ਸੀ। ਅਗਲੇ ਦਿਨ ਸਵੇਰੇ ਆ ਕੇ ਵੇਖਿਆ ਕਿ ਕਮਰੇ ਦਾ ਤਾਲਾ ਟੁੱਟਿਆ ਹੋਇਆ ਸੀ ਅਤੇ ਅੰਦਰ ਰੱਖਿਆ ਸਾਰਾ ਸਮਾਨ ਸੜ ਚੁੱਕਾ ਸੀ। ਉਸ ਨੇ ਸ਼ਿਕਾਇਤ ਵਿਚ ਦੱਸਿਆ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਉਨ੍ਹਾਂ ਦੀ ਮੋਟਰ ਦੇ ਕੁੰਭੇ ਦੀ ਦੀਵਾਰ ਨੂੰ ਤੋੜ ਕੇ ਅੰਦਰ ਪਏ ਸਾਮਾਨ ਨੂੰ ਅੱਗ ਲਗਾ ਦਿੱਤੀ ਹੈ। ਪੁਲਸ ਨੇ ਉਕਤ ਸ਼ਿਕਾਇਤ ਦੇ ਆਧਾਰ ’ਤੇ ਇਕ ਵਿਅਕਤੀ ਖ਼ਿਲਾਫ਼ ਧਾਰਾ 435 ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਦੀਵਾਲੀ ਮਗਰੋਂ ਜਲੰਧਰ ਜ਼ਿਲ੍ਹੇ ਦੀ ਆਬੋ ਹਵਾ ਹੋਈ ਖ਼ਰਾਬ, ਸੂਬੇ ਦੇ ਪ੍ਰਦੂਸ਼ਿਤ ਸ਼ਹਿਰਾਂ 'ਚੋਂ ਦੂਜੇ ਸਥਾਨ 'ਤੇ ਪੁੱਜਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri