ਭੁਲੱਥ ਦੇ ਮੰਡ ਖੇਤਰ ’ਚ ਬਿਆਸ ਦਾ ਕਹਿਰ, 3 ਵਿਅਕਤੀ ਰੁੜੇ, 2 ਬਚਾਏ ਤੇ ਇਕ ਦਾ ਅਤਾ-ਪਤਾ ਨਹੀਂ

08/17/2023 2:08:22 PM

ਭੁਲੱਥ/ਬੇਗੋਵਾਲ (ਰਜਿੰਦਰ)-ਬਿਆਸ ਦਰਿਆ ਵਿਚ ਡੈਮ ਤੋਂ ਪਾਣੀ ਰਿਲੀਜ਼ ਕੀਤੇ ਜਾਣ ਤੋਂ ਬਾਅਦ ਭੁਲੱਥ ਦੇ ਮੰਡ ਖੇਤਰ ਵਿਚ ਹੜ੍ਹ ਆ ਗਿਆ, ਜਿਸ ਨਾਲ ਦਰਿਆ ਤੋਂ ਲੈ ਧੁੱਸੀ ਬੰਨ ਤੱਕ ਦਾ ਇਲਾਕਾ ਪ੍ਰਭਾਵਿਤ ਹੋਇਆ। ਹਾਲਾਤ ਇਹ ਬਣ ਗਏ ਕਿ ਦਰਿਆ ਤੋਂ ਧੁੱਸੀ ਤੱਕ ਦੇ ਘਰਾਂ ਵਿਚ ਪਾਣੀ ਵੜ੍ਹ ਗਿਆ, ਜਿਸ ਕਰਕੇ ਹਲਕਾ ਭੁਲੱਥ ਦੇ ਥਾਣਾ ਬੇਗੋਵਾਲ ਦੇ ਮੰਡ ਇਲਾਕੇ ਵਿਚ 450 ਤੋਂ ਵਧੇਰੇ ਲੋਕ ਘਰਾਂ ਵਿਚ ਫਸ ਗਏ। ਉੱਥੇ ਹੀ ਪਾਣੀ ਦੇ ਤੇਜ਼ ਵਹਾਅ ਵਿਚ ਇਥੇ ਮੰਡ ਤਲਵੰਡੀ ਕੂਕਾ ਦੇ ਇਲਾਕੇ ਨੇੜੇ ਪਿਓ-ਪੁੱਤਰ ਸਮੇਤ 3 ਵਿਅਕਤੀ ਹੜ੍ਹ ਦੇ ਤੇਜ਼ ਵਹਾਅ ਵਿਚ ਰੁੜ ਗਏ। ਮੌਕੇ ’ਤੇ ਮੰਡ ਵਿਚ ਰਹਿ ਰਹੇ ਨੌਜਵਾਨਾਂ ਨੇ ਦੋ ਨੂੰ ਤਾਂ ਬਚਾ ਲਿਆ ਪਰ ਇਕ ਵਿਅਕਤੀ ਹਾਲੇ ਵੀ ਪਾਣੀ ਵਿਚ ਲਾਪਤਾ ਹੈ, ਉਹ ਕਿੱਥੇ ਹੈ, ਇਸ ਬਾਰੇ ਕੋਈ ਅਤਾ-ਪਤਾ ਨਹੀਂ ਲੱਗ ਸਕਿਆ।

ਦੱਸ ਦੇਈਏ ਕਿ ਮੰਡ ਇਲਾਕੇ ਵਿਚ ਪਾਣੀ ਦੇ ਤੇਜ਼ ਵਹਾਅ ਵਿਚ ਪਾਣੀ ਵਿਚ ਰੁੜਨ ਕਰਕੇ ਲਾਪਤਾ ਹੋਏ ਵਿਅਕਤੀ ਦੀ ਪਛਾਣ ਲਖਵੀਰ ਸਿੰਘ ਉਰਫ਼ ਲੱਖਾ (50) ਪੁੱਤਰ ਜਰਨੈਲ ਸਿੰਘ ਹੈ, ਜਦਕਿ ਇਸ ਵਿਅਕਤੀ ਦੇ ਪੁੱਤਰ ਆਕਾਸ਼ਦੀਪ ਸਿੰਘ (20) ਅਤੇ ਇਕ ਹੋਰ ਵਿਅਕਤੀ ਚਰਨ ਸਿੰਘ ਨੂੰ ਮੰਡ ਦੇ ਲੋਕਾਂ ਵੱਲੋਂ ਖ਼ੁਦ ਹੀ ਮੌਕੇ 'ਤੇ ਬਚਾ ਲਿਆ ਗਿਆ। ਦੂਜੇ ਪਾਸੇ ਇਥੇ ਐੱਸ. ਡੀ. ਐੱਮ. ਭੁਲੱਥ ਸੰਜੀਵ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਚੱਲੇ ਬਚਾਅ ਕਾਰਜਾਂ ਵਿਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਮੁਲਾਜਮ ਮੌਕੇ 'ਤੇ ਤਾਇਨਾਤ ਹਨ। ਜਦਕਿ ਇਥੇ ਪੁੱਜੀਆਂ ਪੰਜਾਬ ਪੁਲਸ, ਭਾਰਤੀ ਫ਼ੌਜ ਅਤੇ ਐੱਨ. ਡੀ. ਆਰ. ਐੱਫ਼. ਦੀਆਂ ਟੀਮਾਂ ਨੇ ਸ਼ਾਮ ਤੱਕ ਅਨੇਕਾਂ ਲੋਕਾਂ ਨੂੰ ਹੜ੍ਹ ਪ੍ਰਭਾਵਿਤ ਮੰਡ ਇਲਾਕੇ ਵਿਚੋਂ ਕੱਢ ਕੇ ਸੁਰੱਖਿਅਤ ਥਾਂ ’ਤੇ ਲਿਆਂਦਾ।

ਇਹ ਵੀ ਪੜ੍ਹੋ-  ਫਾਜ਼ਿਲਕਾ 'ਚ ਵੱਡਾ ਹਾਦਸਾ: AC ਲਾ ਕੇ ਸੁੱਤੇ ਪੂਰੇ ਟੱਬਰ 'ਤੇ ਡਿੱਗੀ ਕਮਰੇ ਦੀ ਛੱਤ, ਦਾਦੀ-ਪੋਤੇ ਦੀ ਦਰਦਨਾਕ ਮੌਤ

ਦੱਸ ਦੇਈਏ ਕਿ ਹਲਕਾ ਭੁਲੱਥ ਦੀ ਇਕ ਵੱਡੀ ਬੈਲਟ ਬਿਆਸ ਦਰਿਆ ਨਾਲ ਲੱਗਦੀ ਹੈ ਅਤੇ ਇਹ ਇਲਾਕਾ ਬੇਗੋਵਾਲ ਤੋਂ ਸ਼ੁਰੂ ਹੋ ਕੇ ਥਾਣਾ ਢਿੱਲਵਾਂ ਤੱਕ ਦਾ ਹੈ, ਜਿੱਥੇ ਹਾਲੇ ਵੀ ਬਚਾਅ ਟੀਮਾਂ ਦੇ ਰਾਹਤ ਕਾਰਜ ਜਾਰੀ ਹਨ। ਖਬਰ ਲਿਖੇ ਜਾਣ ਤੱਕ ਲੋਕਾਂ ਨੂੰ ਹੜ੍ਹ ਪ੍ਰਭਾਵਿਤ ਖੇਤਰਾਂ ਵਿਚੋਂ ਕੱਢਣ ਦਾ ਕੰਮ ਚੱਲ ਰਿਹਾ ਸੀ। ਇਥੇ ਇਹ ਵੀ ਦੱਸਣਯੋਗ ਹੈ ਕਿ ਬਿਆਸ ਦਰਿਆ ਵਿਚ ਆਏ ਹੜ੍ਹ ਤੋਂ ਬਾਅਦ ਭੁਲੱਥ ਹਲਕੇ ਦੇ ਮੰਡ ਇਲਾਕੇ ਵਿਚ ਖਤਰਾ ਹਾਲੇ ਟਲਿਆ ਨਹੀਂ ਹੈ ਤੇ ਪਹਿਲੇ ਦੀ ਤਰ੍ਹਾਂ ਬਰਕਰਾਰ ਹੈ। ਕਿਉਂਕਿ ਸ਼ਾਮ ਤੱਕ ਦਰਿਆ ਵਿਚ ਪਾਣੀ ਦਾ ਪੱਧਰ ਘਟਿਆ ਨਹੀਂ ਸੀ। ਬਿਆਸ ਦਰਿਆ ਤੋਂ ਧੁੱਸੀ ਬੰਨ ਤੱਕ ਆਏ ਹੜ੍ਹ ਨੇ ਲੋਕਾਂ ਦੇ ਜੀਵਨ ਨੂੰ ਅਸਥ-ਵਿਅਸਥ ਕਰਕੇ ਰੱਖ ਦਿੱਤਾ ਹੈ।

ਐੱਸ. ਪੀ. ਤੇਜ਼ਬੀਰ ਹੁੰਦਲ ਦੀ ਅਗਵਾਈ ’ਚ ਕਪੂਰਥਲਾ ਪੁਲਸ ਨੇ ਵੀ ਸੰਭਾਲਿਆ ਮੋਰਚਾ 
ਹਲਕਾ ਭੁਲੱਥ ਦੇ ਥਾਣਾ ਬੇਗੋਵਾਲ ਵਿਚ ਪੈਂਦੇ ਮੰਡ ਖੇਤਰ ਵਿਚ ਬਿਆਸ ਦਰਿਆ ਤੋਂ ਧੁੱਸੀ ਬੰਨ੍ਹ ਤੱਕ ਆਏ ਹੜ੍ਹ ਵਿਚ ਲੋਕਾਂ ਨੂੰ ਬਚਾਉਣ ਲਈ ਅੱਜ ਜਿੱਥੇ ਹੋਰ ਟੀਮਾਂ ਪਹੁੰਚੀਆਂ, ਉੱਥੇ ਪੰਜਾਬ ਪੁਲਸ ਨੇ ਵੀ ਐੱਸ. ਪੀ. (ਹੈੱਡਕੁਆਰਟਰ) ਤੇਜ਼ਬੀਰ ਸਿੰਘ ਹੁੰਦਲ ਤੇ ਡੀ. ਐੱਸ. ਪੀ. ਭੁਲੱਥ ਭਾਰਤ ਭੂਸ਼ਣ ਸੈਣੀ ਦੀ ਅਗਵਾਈ ਹੇਠ ਮੋਰਚਾ ਸੰਭਾਲਿਆ ਹੋਇਆ ਹੈ।


ਦੱਸ ਦੇਈਏ ਕਿ ਇਥੇ ਪੰਜਾਬ ਪੁਲਸ ਵੱਲੋਂ ਇਕ ਇਲਾਕੇ ਦੀ ਚੋਣ ਕਰਕੇ ਉਥੋ ਆਪਣੇ ਬੋਟ ਹੜ੍ਹ ਪ੍ਰਭਾਵਿਤ ਇਲਾਕੇ ਵਿਚ ਭੇਜੇ ਅਤੇ ਹੜ੍ਹ ਦੇ ਪਾਣੀ ਕਰਕੇ ਘਰਾਂ ਵਿਚ ਫਸੇ ਲੋਕਾਂ ਨੂੰ ਬਾਹਰ ਕੱਢਣ ਦਾ ਕੰਮ ਕੀਤਾ ਗਿਆ। ਗੱਲਬਾਤ ਦੌਰਾਨ ਐੱਸ. ਪੀ. ਤੇਜਬੀਰ ਸਿੰਘ ਹੁੰਦਲ ਦਾ ਕਹਿਣਾ ਸੀ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਵਿਚੋਂ ਲੋਕਾਂ ਨੂੰ ਲਿਆਉਣ ਵਿਚ ਪੰਜਾਬ ਪੁਲਸ ਦੀਆਂ ਟੀਮਾਂ ਵੀ ਜੁੱਟੀਆਂ ਹਨ ਤੇ ਸਾਡਾ ਮੰਤਵ ਸਾਰੇ ਲੋਕਾਂ ਨੂੰ ਹੜ੍ਹ ਪ੍ਰਭਾਵਿਤ ਖੇਤਰ ਵਿਚੋਂ ਸੁਰੱਖਿਤ ਬਾਹਰ ਲਿਆਉਣਾ ਹੈ।

ਇਹ ਵੀ ਪੜ੍ਹੋ-  ਰੋਪੜ ਤੋਂ ਵੱਡੀ ਖ਼ਬਰ, ਮਠਿਆਈ ਦੀ ਦੁਕਾਨ ਦਾ ਸ਼ਟਰ ਚੁੱਕਦਿਆਂ ਹੀ ਹੋਇਆ ਵੱਡਾ ਧਮਾਕਾ, ਦੋ ਲੋਕਾਂ ਦੀ ਦਰਦਨਾਕ ਮੌਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

shivani attri

This news is Content Editor shivani attri